

ਤੇ ਵੀਹ ਪੱਚੀ ਘੋੜਸਵਾਰਾਂ ਦੀ ਟੋਲੀ ਸਿੰਘਾਂ ਵੱਲ ਵਧੀ। ਘਮਸਾਨ ਦਾ ਜੰਗ ਫੇਰ ਸ਼ੁਰੂ ਹੋਇਆ। ਦਰਬਾਰੀ, ਵਜ਼ੀਰ ਤੇ ਸੈਨਾਪਤੀ ਹਜੇ ਅਬਦਾਲੀ ਨੂੰ ਸੁਰਤ ਵਿਚ ਲਿਆ ਹੀ ਰਹੇ ਸਨ ਕਿ ਸਿੰਘਾਂ ਨੇ ਸ਼ਸਤਰ ਸੰਭਾਲ ਕੇ ਅਫਗਾਨ ਟੁਕੜੀ ਦੇ ਡੱਕਰੇ ਕਰ ਦਿੱਤੇ। ਅਫਗਾਨਾ ਦੇ ਘੋੜਿਆਂ 'ਤੇ ਸਵਾਰ ਹੁੰਦੇ ਹੋਏ ਸਿੰਘਾਂ, ਭੁਝੰਗੀਆਂ ਤੇ ਬੀਬੀਆਂ ਨੇ ਘੋੜੇ ਮੈਦਾਨ ਤੋਂ ਬਾਹਰ ਵੱਲ ਭਜਾਏ।
ਭਾਈ ਬਾਘੜ ਸਿੰਘ ਨੇ ਜਖਮੀ ਭਾਈ ਬਾਘ ਸਿੰਘ ਨੂੰ ਸੰਭਾਲਿਆ ਤੇ ਆਪਣੇ ਨਾਲ ਘੋੜੇ 'ਤੇ ਬਿਠਾ ਲਿਆ। ਭਾਈ ਰਾਵਨ ਸਿੰਘ ਭਾਈ ਹਾਠੂ ਸਿੰਘ ਨੂੰ ਚੁੱਕਣ ਲਈ ਦੌੜਿਆ, ਪਰ ਗੋਲੀਆਂ ਦੀ ਬੌਛਾਰ ਨੇ ਸਿੰਘ ਦੀ ਪੇਸ਼ ਨਾ ਜਾਣ ਦਿੱਤੀ। ਸਾਰੇ ਸਿੰਘ ਸਿੰਘਣੀਆਂ ਫਰਾਰ ਹੋ ਗਏ। ਭਾਈ ਹਾਠੂ ਸਿੰਘ ਨੂੰ ਪੈਦਲ ਸਿਪਾਹੀਆਂ ਦੀ ਟੁਕੜੀ ਨੇ ਦਬੋਚਿਆ ਤੇ ਰੱਸਿਆਂ ਨਾਲ ਨੂੜ ਲਿਆ।
"ਤੇਰੇ ਖੈਰਾਤ ਵਿਚ ਦਿੱਤੇ ਘੋੜੇ ਨਹੀਂ ਲਿਜਾਣਗੇ ਸਿੰਘ ਲਿਜਾਣਗੇ ਤੇਰੇ ਲੜਾਕਿਆਂ ਤੋਂ ਤੇ ਯਾਦ ਰੱਖੀ 'ਕਾਬਲੀ ਕੁੱਤਿਆ' ਖੋਹ ਕੇ 'ਕੱਲੇ ਘੋੜੇ ਨਹੀਂ ਤਾਜ ਤਖਤ ਵੀ ਖੋਹਣਗੇ ਸਿੰਘ ਤੁਹਾਡੇ ਤੋਂ ਬਹੁਤ ਜਲਦ...
"ਪੜਵਾ ਦਿਓ ਏਹਨੂੰ ਵਿਚਾਲੋਂ... ਹਾਥੀਆਂ ਨਾਲ ਨੂੜ ਕੇ ਏਹਦੇ ਦੋ ਟੋਟੇ ਕਰਵਾ ਦਿਓ " ਅਬਦਾਲੀ ਗੁੱਸੇ ਵਿਚ ਚੀਕਿਆ।
ਦੋ ਹਾਥੀਆਂ ਦੇ ਪਿਛਲੇ ਪੈਰਾਂ ਨਾਲ ਸੰਗਲ ਬੰਨ੍ਹ ਕੇ ਇਕ ਇਕ ਪਾਸਾ ਭਾਈ ਹਾਠੂ ਸਿੰਘ ਜੀ ਦੀਆਂ ਲੱਤਾਂ ਨਾਲ ਬੰਨ੍ਹਿਆਂ ਗਿਆ ਤੇ ਹਾਥੀ ਉਲਟ ਦਿਸ਼ਾਵਾਂ ਵੱਲ ਹੱਕੇ ਗਏ। ਸਿੰਘ ਦਾ ਸਰੀਰ ਹਾਥੀਆਂ ਨੇ ਵਿਚਾਲੋਂ ਪਾੜ ਦਿੱਤਾ, ਸ਼ਹਾਦਤ ਪਾ ਰਹੇ ਸਿੰਘ ਦੇ ਆਖਰੀ ਬੋਲ ਸਨ,
“ਧੰਨ ਧੰਨ ਮਹਾਂਕਾਲ ਬਾਬਾ ਫਤਹਿ ਸਿੰਘ ਜੀ... ਚਰਨਾ ਦੀ ਧੂੜ ਝੋਲੀ ਪਾਇਓ... ਧੰਨ ਧੰਨ ਮਾਤਾ ਸਾਹਿਬ ਦੇਵਾਂ ਜੀ ਮਿਹਰ ਕਰਿਓ ਤਾਂ ਕਿ ਅਗਲਾ ਜਨਮ ਤੇ ਬਚਿਆ ਹੋਇਆ ਹਰ ਜਨਮ, ਆਨੰਦਪੁਰ ਸਾਹਿਬ ਹੋਵੇ ਤੇ ਖਾਲਸਾ ਪੰਥ ਦੀ ਮੁੜ ਸੇਵਾ ਕਰਨ ਦਾ ਮੌਕਾ ਮਿਲੇ..
"ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ਼ਹੀਦ ਭਾਈ ਹਾਠੂ ਸਿੰਘ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ"
ਸਿੰਘਾਂ ਦੇ ਬਾਹਰੋਂ ਛੱਡੇ ਜੈਕਾਰੇ ਦਾ ਆਵਾਜ਼ ਭਾਵੇਂ ਅੰਦਰ ਅਬਦਾਲੀ ਸਮੇਤ ਸਭ ਨੇ ਸੁਣ ਲਈ ਸੀ, ਪਰ ਸਭ ਨੇ ਇਸ ਤਰ੍ਹਾਂ ਵਿਹਾਰ ਕੀਤਾ ਜਿਵੇਂ ਕਿਸੇ ਨੇ ਉਹ ਆਵਾਜ਼ ਸੁਣੀ ਨਾ ਹੋਵੇ।