

ਇਕ ਇਕ ਚੱਕਿਓ ਮਣ ਮਣ ਲੋਹਾ॥
ਖਾਲਸੇ ਦੀ ਨਿਤ ਨਵੇਂ ਦਿਨ ਹੋ ਰਹੀ ਜੈ ਜੈ ਕਾਰ ਕਰਕੇ ਪਿੰਡਾਂ ਵਿਚੋਂ ਗੱਭਰੂ ਲਗਾਤਾਰ ਪੰਥ ਵਿਚ ਸ਼ਾਮਲ ਹੋਣ ਲੱਗੇ। ਨਵਾਬ ਕਪੂਰ ਸਿੰਘ ਜੀ ਨੇ ਪਹਿਲਾਂ ਵੀ ਸਿੰਘਾਂ ਦੀ ਵਧਦੀ ਗਿਣਤੀ ਦੇਖ ਕੇ ਸਾਰੀ ਤਾਕਤ ਸੰਗਠਿਤ ਕਰਨ ਲਈ ਪੰਥ ਨੂੰ ਦੋ ਵੱਡੇ ਦਲਾਂ ਵਿਚ ਵੰਡ ਦਿੱਤਾ ਸੀ।
ਬੁੱਢਾ ਦਲ ਤੇ ਤਰਨਾ ਦਲ।
ਤਰਨਾ ਦਲ ਦੇ ਅੱਗੋਂ ਪੰਜ ਜੱਥੇ ਬਣਾਏ ਗਏ ਸਨ ਤੇ ਪੰਜ ਨਿਸ਼ਾਨ ਇਕ ਇਕ ਕਰਕੇ ਪੰਜਾਂ ਜੱਥਿਆਂ ਨੂੰ ਦਿੱਤੇ ਗਏ ਸਨ।
ਪਹਿਲਾ ਨਿਸ਼ਾਨ ਸ਼ਹੀਦਾਂ ਦੇ ਜੱਥੇ ਦਾ ਬਾਬਾ ਦੀਪ ਸਿੰਘ ਜੀ ਨਿਹੰਗ ਸਿੰਘ ਨੂੰ ਫੜਾਇਆ ਗਿਆ। ਬਾਬਾ ਜੀ ਨੂੰ ਤੇ ਭਾਈ ਕਰਮ ਸਿੰਘ ਨੂੰ ਸ਼ਹੀਦਾਂ ਦੇ ਜੱਥੇ ਦਾ ਮੁਖੀ ਲਾਇਆ ਗਿਆ।
ਦੂਜਾ ਅੰਮ੍ਰਿਤਸਰ ਦੇ ਭਾਈ ਕਰਮ ਸਿੰਘ ਤੇ ਭਾਈ ਧਰਮ ਸਿੰਘ ਨੂੰ ਦਿੱਤਾ ਗਿਆ।
ਤੀਜਾ ਨਿਸ਼ਾਨ ਗੁਰੂ ਬੰਸ ਵਿਚੋਂ ਬਾਬਾ ਬਿਨੋਦ ਸਿੰਘ ਤੇ ਬਾਬਾ ਕਾਨ੍ਹ ਸਿੰਘ ਗੋਇੰਦਵਾਲ ਵਾਲਿਆਂ ਦੇ ਸਪੁਰਦ ਕੀਤਾ ਗਿਆ। ਇਹ ਦੋਨੋ ਮਹਾਰਾਜ ਗੁਰੂ ਅੰਗਦ ਦੇਵ ਜੀ ਤੇ ਮਹਾਰਾਜ ਗੁਰੂ ਅਮਰ ਦਾਸ ਜੀ ਦੀ ਬੰਸ ਵਿਚੋਂ ਸਨ। ਸਤਿਗੁਰਾਂ ਦੀ ਬੰਸ ਵਿਚੋਂ ਹੋਣ ਕਰਕੇ ਇਸ ਜੱਥੇ ਨੂੰ ਸਾਹਿਬਜਾਦਿਆਂ ਦਾ ਜੱਥਾ ਵੀ ਕਿਹਾ ਜਾਂਦਾ ਸੀ।
ਚੌਥਾ ਕੋਟ ਬੁੱਢੇ ਵਾਲੇ ਭਾਈ ਦਸੌਂਧਾ ਸਿੰਘ ਨੂੰ ਸੌਂਪਿਆ ਗਿਆ।
ਤੇ ਪੰਜਵਾਂ ਨਿਸ਼ਾਨ ਭਾਈ ਬੀਰੂ ਸਿੰਘ ਰੰਘਰੇਟੇ ਨੂੰ ਭੇਟ ਕੀਤਾ ਗਿਆ।
ਨਿਸ਼ਾਨ ਦੇ ਨਾਲ ਨਾਲ ਸਾਰੇ ਜੱਥਿਆਂ ਨੂੰ ਇਕ ਇਕ ਨਗਾਰਾ, ਦੇਗ- ਲੋਹ, ਕੜਾਹਾ ਤੇ ਹੋਰ ਤੰਬੂ ਕਨਾਤਾਂ ਵੀ ਦਿੱਤੇ ਗਏ। ਸਰਬੱਤ ਖਾਲਸੇ ਨੇ ਹਰ ਸਿੰਘ ਨੂੰ ਇਹ ਅਧਿਕਾਰ ਦਿੱਤਾ ਕਿ ਕੋਈ ਵੀ ਸਿੰਘ ਕਿਸੇ ਵੀ ਜੱਥੇ ਵਿਚ ਸ਼ਾਮਲ ਹੋ ਸਕਦਾ ਹੈ।