

ਸ਼ੰਕਾ ਦੂਰ ਕੀਤਾ।
"ਗਿਆਰਾਂ ਮਿਸਲਾਂ ਕਿਹੜੀਆਂ ਕਿਹੜੀਆਂ ਸਨ", ਮੇਰਾ ਚਿਤ ਉਤਾਵਲਾ ਹੋ ਰਿਹਾ ਸੀ।
"ਆਓ ਤੁਹਾਨੂੰ ਉੱਥੇ ਲੈ ਹੀ ਚੱਲਦਾ ਹਾਂ"
ਪਹਿਲੀ ਮਿਸਲ ਸੀ ਆਹਲੂਵਾਲੀਆ, ਜਿਸ ਦੇ ਜਥੇਦਾਰ ਸਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ।
"ਸਰਦਾਰ ਜੱਸਾ ਸਿੰਘ ਬਾਰੇ ਤਾਂ ਤੁਸੀਂ ਬਹੁਤ ਕੁਝ ਜਾਣ ਵੀ ਲਿਆ ਹੈ ਤੇ ਅੱਗੇ ਵੀ ਜਾਣੋਗੇ।", ਬਾਬਾ ਭੰਗੂ ਸਾਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਬਾਰੇ ਪਹਿਲਾਂ ਵੀ ਦੱਸ ਚੁੱਕਾ ਸੀ।
"ਜੀ ਬਾਬਾ ਜੀ"
"ਫੇਰ ਅੱਗੇ ਸੁਣੋ"
ਦੂਜੀ ਫੈਜ਼ਲਪੁਰੀਆ, ਜਿਸ ਨੂੰ ਸਿੰਘਪੁਰੀਆ ਕਰਕੇ ਵੀ ਜਾਣਿਆਂ ਜਾਂਦਾ ਸੀ। ਇਸ ਦੇ ਜਥੇਦਾਰ ਨਵਾਬ ਕਪੂਰ ਸਿੰਘ ਸਨ।
ਨਵਾਬ ਕਪੂਰ ਸਿੰਘ ਬਾਰੇ ਵੀ ਤੁਸੀਂ ਪਹਿਲਾਂ ਸੁਣ ਹੀ ਚੁੱਕੇ ਹੋ। ਉਹਨਾਂ ਭਾਈ ਮਨੀ ਸਿੰਘ ਤੋਂ ਅੰਮ੍ਰਿਤ ਛਕਿਆ ਤੇ ਫੇਰ ਜਥੇਦਾਰ ਬਾਬਾ ਦਰਬਾਰਾ ਸਿੰਘ ਦੀ ਸੇਵਾ ਵਿਚ ਰਹਿਣ ਲੱਗੇ। ਨਵਾਬ ਸਾਹਬ ਦਾ ਪਿੰਡ ਫੈਜ਼ਲਪੁਰ ਸੀ, ਜੋ ਫਰਜੁੱਲਾ ਖਾਨ ਨੇ ਵਸਾਇਆ ਸੀ। ਫਰਜੁੱਲਾ ਖਾਨ ਨੂੰ ਜ਼ਕਰੀਆ ਖਾਨ ਦੀ ਭੈਣ ਖਾਨੋ ਵਿਆਹੀ ਹੋਈ ਸੀ। ਇਸ ਸਾਰੇ ਪਰਿਵਾਰ ਨੇ ਸਿਖਾਂ ਦਾ ਬਹੁਤ ਘਾਣ ਕੀਤਾ। ਮਗਰੋਂ ਸਿੰਘਾਂ ਨੇ ਫੈਜ਼ਲਪੁਰ ਦਾ ਨਾਮ ਬਦਲ ਕੇ ਸਿੰਘਪੁਰਾ ਕਰ ਦਿੱਤਾ।
ਨਵਾਬ ਕਪੂਰ ਸਿੰਘ ਦੀ ਦੂਰਦ੍ਰਿਸ਼ਟੀ ਨੇ ਹੀ ਬੁੱਢਾ ਦਲ ਤੇ ਤਰਨਾ ਦਲ ਬਣਾਏ ਸਨ। ਉਹਨਾਂ ਤੋਂ ਹੀ ਮਿਸਲਾਂ ਦਾ ਮੁੱਢ ਬੱਝਾ। ਉਹਨਾਂ ਆਪਣਾ ਸਾਰਾ ਜੀਵਨ ਪੰਥ ਸੇਵਾ ਹਿਤ ਲਾਇਆ।
ਇਸ ਮਿਸਲ ਵਿਚ ਇਕ ਤੋਂ ਵਧ ਕੇ ਇਕ ਯੋਧਾ ਸਿੰਘ ਸੀ। ਇਕ ਦਿਨ ਨਵਾਬ ਕਪੂਰ ਸਿੰਘ ਮਿਸਲ ਦੇ ਸਿੰਘਾਂ ਨੂੰ ਕਹਿਣ ਲੱਗੇ,
“ਹੈ ਭਾਈ ਤੁਹਾਡੇ 'ਚੋਂ ਕਈ ਸੂਰਮਾ, ਜੋ ਮੋਮਨ ਖਾਂ ਦਾ ਸਿਰ ਲਾਹ ਲਿਆਵੇ..?"