

ਮੋਮਨ ਖਾਂ ਸਿਖਾਂ ਨਾਲ ਬਹੁਤ ਵੈਰ ਰੱਖਦਾ ਸੀ। ਉਸ ਨੇ ਹੀ ਬਾਬਾ ਤਾਰਾ ਸਿੰਘ ਵਾਂ ਦੇ ਜੱਥੇ ਉੱਤੇ ਹਮਲਾ ਕੀਤਾ ਸੀ।
ਨਵਾਬ ਸਾਹਬ ਦੀ ਗੱਲ ਸੁਣ ਕੇ ਭਾਈ ਮਨੀ ਸਿੰਘ ਜੀ ਦੇ ਭਤੀਜੇ ਭਾਈ ਅੱਘੜ ਸਿੰਘ ਅੱਗੇ ਆਏ ਤੇ ਨਵਾਬ ਸਾਹਬ ਦੇ ਹੁਕਮ ਨੂੰ ਪੰਥ ਦਾ ਹੁਕਮ ਮੰਨਦਿਆਂ ਮੋਮਨ ਖਾਂ ਦਾ ਸਿਰ ਲੈਣ ਲਈ ਚੱਲ ਪਏ।
ਭਾਈ ਅੱਘੜ ਸਿੰਘ ਨੇ ਲਾਹੌਰ ਪਹੁੰਚਣ ਤੋਂ ਪਹਿਲਾਂ ਹੀ ਭੇਸ ਬਦਲ ਲਿਆ। ਉਹਨਾਂ ਨੇ ਮੋਮਨ ਖਾਂ ਦੀ ਅਸਤਬਲ ਵਿਚ ਕੰਮ ਕਰਨਾ ਸ਼ੁਰੂ ਕੀਤਾ। ਘੋੜਿਆਂ ਦੀ ਸੋਹਣੀ ਦੇਖਭਾਲ ਕਰਦਿਆਂ ਦੇਖ ਕੇ ਮੋਮਨ ਖਾਂ ਨੇ ਭਾਈ ਅੱਘੜ ਸਿੰਘ ਨੂੰ ਆਪਣੇ ਖਾਸ ਘੋੜਿਆਂ ਨਾਲ ਰੱਖਣਾ ਸ਼ੁਰੂ ਕਰ ਦਿੱਤਾ। ਇਕ ਦਿਨ ਜਦ ਮੋਮਨ ਖਾਂ ਸ਼ਿਕਾਰ ਲਈ ਨਿਕਲਿਆ ਤਾਂ ਭਾਈ ਅੱਘੜ ਸਿੰਘ ਨੂੰ ਵੀ ਨਾਲ ਲੈ ਗਿਆ। ਜੰਗਲ ਵਿਚ ਮੌਕਾ ਤਕਾ ਕੇ ਭਾਈ ਅੱਘੜ ਸਿੰਘ ਨੇ ਤਲਵਾਰ ਦੇ ਵਾਰ ਨਾਲ ਮੋਮਨ ਖਾਂ ਦਾ ਸਿਰ ਲਾਹ ਦਿੱਤਾ ਤੇ ਬਰਛੇ 'ਤੇ ਟੰਗ ਕੇ ਨਵਾਬ ਕਪੂਰ ਸਿੰਘ ਜੀ ਦੇ ਸਾਹਮਣੇ ਲਿਆ ਗੱਡਿਆ। ਨਵਾਬ ਸਾਹਬ ਨੇ ਭਾਈ ਅੱਘੜ ਸਿੰਘ ਨੂੰ ਉੱਠ ਕੇ ਛਾਤੀ ਨਾਲ ਲਾਇਆ।
ਤੀਜੀ ਸ਼ੁਕਰਚੱਕੀਆ, ਮਾਝੇ ਦੇ ਪਿੰਡ ਸ਼ੁਕਰਚੱਕ ਤੋਂ ਮਿਸਲ ਸ਼ੁਕਰਚੱਕੀਆ।
ਬੁੱਢਾ ਸਿੰਘ ਜਿਸ ਨੂੰ ਪਿੰਡ ਵਾਲੇ ਦੇਸੂ ਵੀ ਕਹਿੰਦੇ ਸਨ, ਇਸ ਪਰਿਵਾਰ ਦਾ ਪਹਿਲਾ ਅੰਮ੍ਰਿਤਧਾਰੀ ਸਿੰਘ ਸੀ। ਉਸ ਦੇ ਕੋਲ ਇਕ ਘੋੜੀ ਸੀ, ਜਿਸ 'ਤੇ ਉਸ ਨੇ ਰਾਵੀ, ਝਨਾਂ, ਜਿਹਲਮ ਘੱਟੋ ਘੱਟ ਪੰਜਾਹ ਵੇਰ ਪਾਰ ਕੀਤੇ ਸਨ, ਉਸ ਘੋੜੀ ਨੂੰ ਦੇਸੀ ਕਿਹਾ ਜਾਂਦਾ ਸੀ, ਜਿਸ ਤੋਂ ਇਸ ਦਾ ਨਾਂ ਦੇਸੂ ਪੈ ਗਿਆ। ਉਸ ਦੀ ਦਲੇਰੀ ਇਲਾਕੇ ਵਿਚ ਪ੍ਰਸਿੱਧ ਸੀ। ਮਰਨ ਵੇਲੇ ਉਸ ਦੇ ਸਰੀਰ 'ਤੇ ਤੀਹ ਦੇ ਲਗਭਗ ਫੱਟ ਸਨ, ਜਿਹਨਾਂ ਵਿਚੋਂ ਨੌਂ ਗੋਲੀਆਂ ਦੇ ਤੇ ਬਾਕੀ ਤੀਰਾਂ ਤਲਵਾਰਾਂ ਦੇ ਸਨ। ਬੁੱਢਾ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਰਲ ਕੇ ਵੀ ਕੁਝ ਜੰਗਾਂ ਲੜੀਆਂ।
ਕਹਿੰਦੇ ਨੇ ਕਿ ਇਕ ਵਾਰ ਉਸ ਨੇ ਕਿਸੇ ਪਿੰਡ ਵਿਚੋਂ ਕੁਝ ਪਸ਼ੂ ਖੋਲ੍ਹ ਲਿਆਂਦੇ। ਮਗਰੋਂ ਜਦ ਉਸ ਨੂੰ ਪਤਾ ਲੱਗਾ ਕਿ ਉਹ ਪਸ਼ੂ ਤਾਂ ਇਕ ਗਰੀਬ ਬੇਵਾ ਦੇ ਹਨ ਤਾਂ ਚੁੱਪ ਚਪੀਤੇ ਜਾ ਕੇ ਉਹਨਾਂ ਨੂੰ ਉਸ ਵਿਧਵਾ ਦੇ ਘਰ ਛੱਡ ਆਇਆ। ਬੁੱਢਾ ਸਿੰਘ ਦੀ ਮੌਤ 'ਤੇ ਉਸਦੀ ਤੀਵੀਂ ਨੇ ਵੀ ਆਪਣੀ ਛਾਤੀ ਵਿਚ ਕਟਾਰ ਮਾਰ ਲਈ ਤੇ ਦੋਹਾਂ ਦਾ ਇਕੱਠਿਆਂ ਸੰਸਕਾਰ ਕੀਤਾ ਗਿਆ।