

"ਦੱਸੋ... ਕੀ ਛੋਲਿਆਂ ਦੀ ਇਕ ਮੁੱਠ ਵੀ ਨਹੀਂ ਤੁਹਾਡੇ ਕੋਲ ?"
"ਏਨਾ ਕੁ ਤਾਂ ਹੈ ਖਾਲਸਾ ਜੀ"
"ਤਾਂ ਜਾਓ ਸਿੰਘਾਂ ਨੂੰ ਇਕ ਮੁੱਠ ਛੋਲਿਆਂ ਦੀ ਹੀ ਦੇ ਦਿਓ ਤੇ ਖਾਲਸਾ ਤੁਹਾਡੀ ਹਰ ਤਰ੍ਹਾਂ ਰੱਖਿਆ ਕਰੇਗਾ", ਬਾਬਾ ਸ਼ਾਮ ਸਿੰਘ ਬੋਲੇ ਤੇ ਨਾਲ ਹੀ ਉਹਨਾਂ ਆਪਣੇ ਕਮਰਕੱਸੇ ਵਿਚੋਂ ਕੁਝ ਕੱਪੜਾ ਪਾੜਿਆ ਤੇ ਉਹਨਾਂ ਪਿੰਡ ਵਾਲੀਆਂ ਨੂੰ ਫੜਾਉਂਦਿਆਂ ਬੋਲੇ,
"ਇਹ ਨੀਲਾ ਕੱਪੜਾ ਕਿਸੇ ਸੋਟੇ ਨਾਲ ਬੰਨ੍ਹ ਕੇ ਪਿੰਡ ਵਿਚ ਉੱਚੀ ਥਾਂ ਗੱਡ ਦਿਓ... ਕੋਈ ਤੁਹਾਡੇ ਵੱਲ ਅੱਖ ਚੁੱਕ ਕੇ ਵੀ ਨਹੀਂ ਝਾਕੇਗਾ। ਤੱਤੀਆਂ ਹਵਾਵਾਂ ਵੀ ਤੁਹਾਡੇ ਪਿੰਡ ਤੋਂ ਪਾਸਾ ਵੱਟ ਕੇ ਲੰਘਣਗੀਆਂ"
...ਤੇ ਉਹਨਾਂ ਪਿੰਡ ਵਾਲਿਆਂ ਇਸੇ ਤਰ੍ਹਾਂ ਕੀਤਾ। ਉਸ ਮਗਰੋਂ ਕਿਸੇ ਲੁਟੇਰੇ ਧਾੜਵੀ ਦੀ ਤਾਂ ਕੀ ਮਜ਼ਾਲ ਹੋਣੀ ਸੀ, ਬੱਦਲ ਵੀ ਉਸ ਪਿੰਡ ਦੀਆਂ ਪੱਕੀਆਂ ਫਸਲਾਂ ਤੋਂ ਪਰ੍ਹੇ ਦੀ ਲੰਘਣ ਲੱਗੇ।
ਦਲ ਖਾਲਸਾ ਨੇ ਫੈਸਲਾ ਕੀਤਾ ਸੀ ਕਿ ਜਿਸ ਇਲਾਕੇ 'ਤੇ ਵੀ ਕੋਈ ਸਰਦਾਰ ਆਪਣਾ ਕਬਜ਼ਾ ਕਰੇ ਤਾਂ ਉਸ ਇਲਾਕੇ ਦੀ ਸਭ ਤਰ੍ਹਾਂ ਜਾਨ ਮਾਲ ਦੀ ਰਾਖੀ ਦੀ ਜ਼ਿੰਮੇਵਾਰੀ ਵੀ ਉਸੇ ਮਿਸਲ ਦੀ ਹੋਵੇਗੀ। ਲੋੜ ਪੈਣ 'ਤੇ ਦੂਜੀਆਂ ਮਿਸਲਾਂ ਤੋਂ ਸਹਾਇਤਾ ਲਈ ਜਾ ਸਕਦੀ ਹੈ। ਇਕ ਸਰਦਾਰ ਦੀ ਰਾਖੀ ਵਾਲੇ ਇਲਾਕੇ ਵਿਚ ਕੋਈ ਦੂਜੀ ਮਿਸਲ ਕਿਸੇ ਤਰ੍ਹਾਂ ਦਾ ਦਖਲ ਨਹੀਂ ਦੇਵੇਗੀ।
"ਖਾਲਸਾ ਜੀ ਸਾਰੇ ਮਿਸਲਦਾਰ ਸਾਲ ਵਿਚ ਦੋ ਵਾਰ ਅੰਮ੍ਰਿਤਸਰ ਸਾਹਿਬ ਇਕੱਠੇ ਹੋਇਆ ਕਰਨਗੇ। ਆਪਣੇ ਇਲਾਕਿਆਂ ਦੀ ਵੰਡ ਜਾਂ ਮਿਸਲਾਂ ਦੇ ਹੋਰ ਕਿਸੇ ਵੀ ਨਬੇੜੇ ਲਈ ਦਲ ਖਾਲਸਾ ਦੀ ਸਲਾਹ ਲਈ ਜਾਵੇ। ", ਮਿਸਲ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਸਰਦਾਰ ਜੱਸਾ ਸਿੰਘ ਨੇ ਹੀ ਕੀਤੀ, ਮਗਰੋਂ ਇਹ ਸਾਰੇ ਪੰਥ ਵਿਚ ਪ੍ਰਚੱਲਿਤ ਹੋ ਗਿਆ।
ਇਸ ਤਰ੍ਹਾਂ ਸਭ ਮਿਸਲਾਂ ਵੱਖ ਵੱਖ ਹੋ ਕੇ ਵੀ ਇਕੱਠੀਆਂ ਰਹੀਆਂ। ਭਾਵੇਂ ਸਭ ਦੇ ਇਲਾਕੇ ਵੰਡੇ ਹੋਏ ਸਨ ਪਰ ਸਭ 'ਤੇ ਕੁੰਡਾ ਦਲ ਖਾਲਸੇ ਦਾ ਸੀ।
ਦਲ ਖਾਲਸੇ ਵੱਲੋਂ ਬਣਾਈਆਂ ਮਿਸਲਾਂ ਦੇ ਸਰਦਾਰਾਂ ਨੇ ਪੰਜਾਬ ਵਿਚ ਆਪੋ ਆਪਣੇ ਇਲਾਕੇ ਮੱਲ ਲਏ।
ਸ਼ਹੀਦਾਂ ਮਿਸਲ ਦੇ ਯੋਧੇ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਵਿਚ ਮਾਲਵੇ ਵੱਲ ਨਿਕਲ ਗਏ। ਉਹਨਾਂ ਦਾ ਪਹਿਲਾਂ ਵੀ ਓਹੋ ਟਿਕਾਣਾ ਸੀ।