Back ArrowLogo
Info
Profile

"ਕਿਸੇ ਤਰ੍ਹਾਂ ਦਾ ਕੋਈ ਹਮਲਾ ਨਹੀਂ ਕਰਨਾ.. ਬਸ ਉਹਨਾਂ ਨੂੰ ਦੁਬਿਧਾ ਵਿਚ ਹੀ ਰੱਖਣਾ ਹੈ", ਇਸ ਤਰ੍ਹਾਂ ਅਬਦਾਲੀ ਥੋੜੇ ਥੋੜੇ ਚਿਰ ਮਗਰੋਂ ਫੌਜਦਾਰਾਂ ਨੂੰ ਤਾਕੀਦ ਕਰਦਾ ਰਹਿੰਦਾ ਸੀ।

ਇਸ ਕਿਲ੍ਹੇ ਦਾ ਕਿਲ੍ਹੇਦਾਰ ਰਾਇ ਮੱਲ ਸੀ। ਭਰਤਪੁਰੀਏ ਜਵਾਹਰ ਮੱਲ ਦਾ ਮਾਮਾ ਤੇ ਸੂਰਜ ਮੱਲ ਦਾ ਸਾਲਾ ਰਾਇ ਮੱਲ। ਬੇਫਿਕਰੀ ਦੇ ਆਲਮ ਵਿਚ ਉਹ ਕਿਲ੍ਹੇ ਦੇ ਅੰਦਰ ਸੁੱਤਾ ਪਿਆ ਸੀ । ਕਿਲ੍ਹੇ ਦੀ ਮਜਬੂਤੀ ਦੇ ਮਾਣ ਨੇ ਉਸ ਨੂੰ ਆਲਸੀ ਕਰ ਦਿੱਤਾ ਸੀ।

ਏਧਰ ਅਬਦਾਲੀ ਬਾਹਰ ਤਿਆਰੀਆਂ ਵਿਚ ਰੁੱਝਿਆ ਹੋਇਆ ਸੀ। ਜਦ ਪਹਿਲੀ ਰਾਤ ਅਫਗਾਨ ਫੌਜ ਕਿਲ੍ਹੇ ਦੇ ਨਜ਼ਦੀਕ ਗਈ ਤਾਂ ਜਾਟਾਂ ਨੇ ਗੋਲੀਆਂ ਦਾਗ਼ੀਆਂ। ਪਰ ਅੱਗਿਓ ਕੋਈ ਜਵਾਬੀ ਹਮਲਾ ਨਾ ਹੋਣ ਕਰਕੇ ਉਹ ਵੀ ਸ਼ਾਂਤ ਹੋ ਗਏ। ਰੋਜ ਰਾਤ ਨੂੰ ਅਫਗਾਨ ਫੌਜ ਕਿਲ੍ਹੇ ਵੱਲ ਜਾਂਦੀ ਤੇ ਸਵੇਰ ਹੁੰਦਿਆਂ ਹੀ ਪਿੱਛੇ ਪਰਤ ਆਉਂਦੀ।

ਇਸ ਤਰ੍ਹਾਂ ਕਰਦੇ ਕਰਾਉਂਦੇ ਸੱਤਵਾਂ ਦਿਨ ਆ ਗਿਆ। ਪਰ ਗੱਲ ਜਿੱਥੇ ਪਹਿਲੇ ਦਿਨ ਖੜ੍ਹੀ ਸੀ, ਸੱਤਵੇਂ ਦਿਨ ਵੀ ਉੱਥੇ ਹੀ ਖਲੋਤੀ ਸੀ।

"ਪਰ ਸਾਨੂੰ ਕੁਝ ਤਾਂ ਦੱਸੋ ਹਜ਼ੂਰ ਕਿ ਤੁਹਾਡੀ ਤਰਕੀਬ ਕੀ ਹੈ...?", ਐਤਕੀਂ ਜਹਾਨ ਖਾਨ ਨੇ ਪੁੱਛਿਆ।

“ਦੇਖ ਜਹਾਨ ਖਾਂ, ਮੈਂ ਗੱਲ ਮੂੰਹੋਂ ਮਗਰੋਂ ਕੱਢਾਂਗਾ ਤੇ ਕਿਲ੍ਹੇ ਵਿਚ ਪਹਿਲਾਂ ਪਹੁੰਚ ਜਾਵੇਗੀ। ਸੋ ਇਸ ਭੇਦ ਨੂੰ ਮੇਰੇ ਅੰਦਰ ਹੀ ਸੁਰੱਖਿਅਤ ਰਹਿਣ ਦੇ। ਜਿੱਥੇ ਸੱਤ ਦਿਨ ਕੱਢੇ ਨੇ ਇਕ ਹੋਰ ਕੱਢ ਲਓ। ਮੌਕਾ ਆਉਣ 'ਤੇ ਮੈਂ ਆਪ ਹੀ ਦੱਸ ਦਿਆਂਗਾ"

ਸੱਤਵੇਂ ਦਿਨ ਦਾ ਸੂਰਜ ਢਲਣ ਨੂੰ ਹੀ ਸੀ ਕਿ ਅਬਦਾਲੀ ਨੇ ਆਪਣੇ ਸਭ ਮੁਖੀ ਸਰਦਾਰਾਂ ਤੇ ਫੌਜਦਾਰਾਂ ਨੂੰ ਆਪਣੇ ਤੰਬੂ ਵਿਚ ਸੱਦਿਆ।

“ਅੱਜ ਰਾਤ ਉਸ ਨੀਵੇਂ ਪਾਸਿਓ ਫੌਜ ਨਾਲ ਕਿਲ੍ਹੇ 'ਤੇ ਹੱਲਾ ਬੋਲ ਦਿਓ", ਕਿਲ੍ਹੇ ਦੇ ਮੂਹਰਲੇ ਇਕ ਪਾਸੇ ਵੱਲ ਇਸ਼ਾਰਾ ਕਰਕੇ ਅਬਦਾਲੀ ਉਹਨਾਂ ਫੌਜਦਾਰਾਂ ਨੂੰ ਬੋਲਿਆ ਜੋ ਫੌਜ ਨੂੰ ਨਿੱਤ ਰਾਤ ਨੂੰ ਅੱਗੇ ਲਿਜਾਂਦੇ ਸਨ ਤੇ ਦਿਨ ਚੜ੍ਹਦੇ ਮਗਰ ਮੋੜ ਲਿਆਉਂਦੇ ਸਨ। ਹਮਲਾ ਕਰਨ ਵਾਲੀਆਂ ਟੁਕੜੀਆਂ ਦੇ ਫੌਜਦਾਰਾਂ ਨੂੰ ਉਸ ਨੇ ਏਨੀ ਗੱਲ ਕਹਿ ਕੇ ਤਿਆਰੀ ਲਈ ਤੋਰ ਦਿੱਤਾ ਤੇ ਬਾਕੀ ਸਰਦਾਰ ਤੇ ਫੌਜਦਾਰ ਕੋਲ ਬਿਠਾਈ ਰੱਖੇ।

58 / 351
Previous
Next