ਰਹੇ ਹਨ। ਹਰ ਤਰ੍ਹਾਂ ਦੀ ਮਾਨਸਿਕ ਗੁਲਾਮੀ ਅਤੇ ਮਜ੍ਹਬੀ ਵਹਿਮਾਂ ਤੋਂ ਇਹ ਮੁਕਤੀ ਦੇ ਚਾਹਵਾਨ ਹਨ। ਜਿਵੇਂ-ਜਿਵੇਂ ਨੌਜਵਾਨਾਂ ਵਿੱਚ ਇਨਕਲਾਬੀ ਰੂਹ ਰਚਦੀ ਜਾਏਗੀ, ਉਹ ਕੌਮੀ ਗੁਲਾਮੀ ਦਾ ਝਟਪਟ ਅਨੁਭਵ ਅਤੇ ਆਜ਼ਾਦੀ ਲਈ ਨਾ ਮਿਟਣ ਵਾਲੀ ਖਿੱਚ ਨਾਲ ਪਰੋਤੇ ਹੋਏ ਜ਼ੁਲਮਾਂ ਵਿਰੁੱਧ ਹੱਥ ਉੱਠਾਣਗੇ। ਇਸ ਤਰ੍ਹਾਂ ਆਤੰਕਵਾਦ (Terrorism) ਦੇ ਦੌਰ ਨੇ ਇਸ ਦੇਸ਼ ਵਿੱਚ ਜਨਮ ਲਿਆ।
ਇਨਕਲਾਬੀ ਦਲੀਲ ਨੂੰ ਮਹਾਨ ਸਮਝਦਾ ਹੈ। ਇਹ ਦਲੀਲ ਅਤੇ ਸਿਰਫ਼ ਦਲੀਲ ਨੂੰ ਮੰਨਦਾ ਹੈ। ਗਾਲੀ ਗਲੋਚ ਭਾਵੇਂ ਕਿੰਨੇ ਉੱਚੇ ਤੋਂ ਉੱਚੇ ਥਾਂ ਤੋਂ ਵਰ੍ਹੇ ਉਹਨੂੰ ਥਿੜਕਾ ਨਹੀਂ ਸਕਦੀ । ਇਉਂ ਸੋਚਣਾ ਕਿ ਹਮਦਰਦੀ ਅਤੇ ਪ੍ਰਸ਼ੰਸਾਂ ਦੀ ਅਣਹੋਂਦ ਵਿੱਚ ਇਨਕਲਾਬੀ ਆਪਣਾ ਆਦਰਸ਼ ਛੱਡ ਜਾਏਗਾ, ਵੱਡੀ ਮੂਰਖਤਾ ਹੈ। ਕਈ ਇਨਕਲਾਬੀ ਹੁਣ ਤੀਕ ਇਹਨਾਂ ਸੰਵਿਧਾਨਕ ਐਜੀਟੇਟਰਾਂ ਦੇ ਮਿਹਣੇ ਦੇਣ ਦੀ ਪਰਵਾਹ ਨਾ ਕਰਦੇ ਹੋਏ ਫ਼ਾਂਸੀਆਂ ਤੇ ਝੂਲ ਗਏ ਹਨ। ਜੇ ਕੋਈ ਚਾਹੁੰਦਾ ਹੈ ਕਿ ਇਨਕਲਾਬੀ ਆਪਣਾ ਕੰਮ ਠੱਲ੍ਹ ਲੈਣ ਤਾਂ ਉਹਨਾਂ ਨਾਲ ਦਲੀਲ ਰਾਹੀਂ ਗੱਲ ਕਰੇ । ਇਹੀ ਇਕੋ ਇੱਕ ਰਸਤਾ ਹੈ। ਬਾਕੀ ਹੋਰ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ ਹੋਣੀ ਚਾਹੀਦੀ-ਇਨਕਲਾਬ ਕਿਸੇ ਤੁਹਮਤਬਾਜ਼ੀ ਜਾਂ ਹੈਂਕੜਬਾਜ਼ੀ ਤੋਂ ਘਬਰਾਉਣ ਵਾਲੀ ਚੀਜ਼ ਦਾ ਨਾਉਂ ਨਹੀਂ ਹੈ।
ਮੈਂ ਨਾਸਤਕ ਕਿਉਂ ਹਾਂ ?
ਮੈਨੂੰ ਪਤਾ ਹੈ ਕਿ ਜਿਸ ਪਲ ਮੇਰੇ ਗਲ ਵਿੱਚ ਫਾਂਸੀ ਦਾ ਫੰਦਾ ਪਾ ਦਿੱਤਾ ਜਾਏਗਾ ਤੇ ਮੇਰੇ ਪੈਰਾਂ ਹੇਠੋਂ ਤਖ਼ਤੇ ਖੋਲ੍ਹ ਦਿੱਤੇ ਗਏ ਤਾਂ ਉਹ ਮੇਰਾ ਆਖ਼ਰੀ ਪਲ ਹੋਏਗਾ। ਮੇਰਾ ਜਾਂ ਮਿਥਿਹਾਸਿਕ ਸ਼ਬਦਾਵਲੀ ਵਿੱਚ ਆਖੀਏ ਤਾਂ ਮੇਰੀ ਆਤਮਾ ਦਾ ਬਿਲਕੁਲ ਖ਼ਾਤਮਾ ਹੋ ਜਾਏਗਾ। ਇਸ ਪਲ ਮਗਰੋਂ ਕੁਝ ਵੀ ਨਹੀਂ ਹੋਏਗਾ । ਜੇ ਮੈਂ ਇਨਾਮ ਦੇ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਹਿੰਮਤ ਕਰਾਂ ਤਾਂ ਸ਼ਾਨਦਾਰ ਅੰਤ ਤੋਂ ਵਾਂਝੀ ਜੱਦੋ-ਜਹਿਦ ਭਰੀ ਮੁਖ਼ਤਸਰ ਜ਼ਿੰਦਗੀ ਹੀ ਆਪਣੇ ਆਪ ਵਿੱਚ (ਮੇਰਾ) ਇਨਾਮ ਹੋਏਗਾ। ਇਸ ਤੋਂ ਵੱਧ ਕੁਝ ਨਹੀਂ ਹੁਣ ਜਾਂ ਕਦੇ ਵੀ ਕੁਝ ਹਾਸਲ ਕਰ ਸਕਣ ਦੀ ਕਿਸੇ ਵੀ ਖ਼ੁਦਗਰਜ਼ੀ ਤੋਂ ਬਿਨਾਂ ਮੈਂ ਕਾਫ਼ੀ ਬੇਲਾਗ ਹੋ ਕੇ ਆਪਣੀ ਜ਼ਿੰਦਗੀ ਆਜ਼ਾਦੀ ਦੇ ਲੇਖੇ ਲਾਈ ਹੈ, ਕਿਉਂਕਿ ਮੇਰੇ ਕੋਲ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ।
ਜਿਸ ਦਿਨ ਮਨੁੱਖਤਾ ਦੀ ਸੇਵਾ ਤੇ ਦੁੱਖ ਝਾਗ ਰਹੀ ਮਨੁੱਖਤਾ ਦੇ ਨਜਾਤ ਦੀ ਭਾਵਨਾ ਨਾਲ ਪ੍ਰੇਰਿਤ ਬਹੁਤ ਸਾਰੇ ਮਰਦ-ਔਰਤਾਂ ਅੱਗੇ ਆ ਗਏ, ਜਿਹੜੇ ਇਸ ਬਗੈਰ ਹੋਰ ਕਿਸੇ ਚੀਜ਼ ਤੇ ਜੀਵਨ ਨਹੀਂ ਲਗਾ ਸਕਦੇ। ਉਸ ਦਿਨ ਤੋਂ ਮੁਕਤੀ ਦਾ ਯੁੱਗ ਸ਼ੁਰੂ ਹੋਵੇਗਾ। ਉਹ ਦਮਨਕਾਰੀਆਂ, ਲੋਟੂਆਂ ਤੇ ਜ਼ਾਲਮਾਂ ਨੂੰ ਏਸ ਗੱਲੋਂ ਨਹੀਂ ਵੰਗਾਰਨਗੇ ਕਿ ਉਹ ਇਸ ਜਾਂ ਅਗਲੇ ਜਨਮ ਵਿੱਚ ਜਾਂ ਮੌਤ ਮਗਰੋਂ ਬਹਿਸ਼ਤ ਵਿੱਚ ਬਾਦਸ਼ਾਹ ਬਣ ਜਾਣਗੇ ਜਾਂ ਉਹਨਾਂ ਨੂੰ ਕੋਈ ਇਨਾਮ ਮਿਲ ਜਾਵੇਗਾ, ਸਗੋਂ ਮਨੁੱਖਤਾ ਦੀ ਧੌਣ ਤੋਂ ਗੁਲਾਮੀ ਦਾ ਜੂਲਾ ਲਾਹੁਣ ਲਈ
ਅਤੇ ਆਜ਼ਾਦੀ ਤੇ ਅਮਨ ਕਾਇਮ ਕਰਨ ਲਈ ਹੀ ਉਹ ਇਸ ਬਿਖੜੇ ਪਰ ਇਕੋ-ਇਕ ਸ਼ਾਨਦਾਰ ਮਾਰਗ ਉੱਤੇ ਚੱਲਣਗੇ।
ਜਿਹੜਾ ਵੀ ਮਨੁੱਖ ਪ੍ਰਗਤੀ ਦਾ ਹਾਮੀ ਹੈ, ਉਸਨੂੰ ਲਾਜ਼ਮੀ ਤੌਰ ਉੱਤੇ ਪੁਰਾਣੇ ਵਿਸ਼ਵਾਸ ਦੀ ਹਰ ਗੱਲ ਦੀ ਆਲੋਚਨਾ ਕਰਨੀ ਪਏਗੀ, ਇਹਦੇ ਵਿੱਚ ਅਵਿਸ਼ਵਾਸ ਪ੍ਰਗਟ ਕਰਨਾ ਪਏਗਾ ਅਤੇ ਇਹਦੇ ਹਰ ਪਹਿਲੂ ਨੂੰ ਵੰਗਾਰਨਾ ਪਏਗਾ, ਪ੍ਰਚੱਲਤ ਵਿਸ਼ਵਾਸ ਦੀ ਇਕੱਲੀ-ਇਕੱਲੀ ਗੱਲ ਦੀ ਬਾਦਲੀਲ ਪੁਣਛਾਣ ਕਰਨੀ ਹੋਵੇਗੀ। ਜੇ ਕੋਈ ਦਲੀਲ ਨਾਲ ਕਿਸੇ ਸਿਧਾਂਤ ਜਾਂ ਫ਼ਲਸਫ਼ੇ ਵਿੱਚ ਵਿਸ਼ਵਾਸ ਕਰਨ ਲੱਗਦਾ ਹੈ ਤਾਂ ਉਹ ਵਿਸ਼ਵਾਸ ਸਰਾਹੁਣਯੋਗ ਹੈ। ਉਹਦੀ ਦਲੀਲ ਗਲਤ ਜਾਂ ਉੱਕਾ ਹੀ ਬੇਬੁਨਿਆਦ ਹੋ ਸਕਦੀ ਹੈ। ਪਰ ਉਹਨੂੰ ਦਰੁਸਤ ਰਾਹ ਉੱਤੇ ਲਿਆਂਦਾ ਜਾ ਸਕਦਾ ਹੈ, ਕਿਉਂਕਿ ਤਰਕਸ਼ੀਲਤਾ ਉਹਦੀ ਜ਼ਿੰਦਗੀ ਦਾ ਧਰੂ- ਤਾਰਾ ਹੁੰਦੀ ਹੈ। ਪਰ ਨਿਰਾ ਵਿਸ਼ਵਾਸ ਅਤੇ ਅੰਨ੍ਹਾਂ ਵਿਸ਼ਵਾਸ ਖ਼ਤਰਨਾਕ ਹੁੰਦਾ ਹੈ। ਇਹ ਦਿਮਾਗ਼ ਨੂੰ ਕੁੰਦ ਬਣਾਉਂਦਾ ਹੈ ਤੇ ਬੰਦੇ ਨੂੰ ਪ੍ਰਤੀਗਾਮੀ (ਪਿਛਾਂਹ-ਖਿੱਚੂ) ਬਣਾ ਦਿੰਦਾ ਹੈ।
ਜਿਹੜਾ ਵੀ ਬੰਦਾ ਯਥਾਰਥਵਾਦੀ ਹੋਣ ਦਾ ਦਾਅਵਾ ਕਰਦਾ ਹੈ, ਉਹਨੂੰ ਸਮੁੱਚੇ ਪੁਰਾਤਨ ਵਿਸ਼ਵਾਸ ਨੂੰ ਚੈਲੰਜ ਕਰਨਾ ਪਏਗਾ। ਜੇ ਇਹ ਵਿਸ਼ਵਾਸ ਦਲੀਲ ਅੱਗੇ ਨਾ ਖੜ੍ਹ ਸਕੇ ਤਾਂ ਇਹ ਢਹਿ-ਢੇਰੀ ਹੋ ਜਾਣਗੇ। ਫਿਰ ਉਸ ਬੰਦੇ ਦਾ ਪਹਿਲਾ ਕੰਮ ਸਾਰੇ ਪੁਰਾਤਨ ਵਿਸ਼ਵਾਸ ਨੂੰ ਤਬਾਹ ਕਰਕੇ ਨਵੇਂ ਫ਼ਲਸਫ਼ੇ ਲਈ ਜ਼ਮੀਨ ਤਿਆਰ ਕਰਨੀ ਹੋਵੇਗਾ।
ਇਨਕਲਾਬੀ ਪ੍ਰੋਗਰਾਮ ਦਾ ਖਰੜਾ
ਮੈਂ ਕਿਹਾ ਹੈ ਕਿ ਮੌਜੂਦਾ ਅੰਦੋਲਨ ਯਾਨੀ ਇਹ ਘੋਲ ਕਿਸੇ ਨਾ ਕਿਸੇ ਸਮਝੌਤੇ ਜਾਂ ਪੂਰਨ ਅਸਫ਼ਲਤਾ ਵਿੱਚ ਖ਼ਤਮ ਹੋਵੇਗਾ।
ਮੈਂ ਇਹ ਇਸ ਲਈ ਕਿਹਾ ਹੈ, ਕਿਉਂਕਿ ਮੇਰੀ ਰਾਏ ਵਿੱਚ ਇਸ ਸਮੇਂ ਅਸਲ ਇਨਕਲਾਬੀ ਤਾਕਤਾਂ ਨੂੰ ਮੈਦਾਨ ਵਿੱਚ ਸੱਦਾ ਨਹੀਂ ਦਿੱਤਾ ਗਿਆ। ਇਹ ਘੋਲ ਮੱਧਵਰਗੀ ਦੁਕਾਨਦਾਰਾਂ ਅਤੇ ਚੰਦ ਪੂੰਜੀਪਤੀਆਂ ਦੇ ਬਲਬੂਤੇ ਤੇ ਲੜਿਆ ਜਾ ਰਿਹਾ ਹੈ। ਇਹ ਦੋਨੋਂ ਜਮਾਤਾਂ, ਖ਼ਾਸ ਕਰਕੇ ਪੂੰਜੀਪਤੀ ਆਪਣੀ ਜਾਇਦਾਦ ਜਾਂ ਮਾਲਕੀ ਖ਼ਤਰੇ ਵਿੱਚ ਪਾਉਣ ਦੀ ਜੁਰਅਤ ਨਹੀਂ ਕਰ ਸਕਦੇ। ਹਕੀਕੀ ਇਨਕਲਾਬੀ ਫ਼ੌਜਾਂ ਤਾਂ ਪਿੰਡਾਂ ਅਤੇ ਕਾਰਖ਼ਾਨਿਆਂ ਵਿੱਚ ਹਨ, ਕਿਸਾਨੀ ਅਤੇ ਮਜ਼ਦੂਰ । ਪਰ ਸਾਡੇ 'ਬੁਰਜੂਵਾ' ਨੇਤਾ ਉਹਨਾਂ ਨੂੰ ਨਾਲ ਲੈਣ ਦੀ ਹਿੰਮਤ ਨਾ ਕਰਦੇ ਹਨ ਅਤੇ ਨਾ ਹੀ ਕਰ ਸਕਦੇ ਹਨ। ਇਹ ਸੁੱਤੇ ਸ਼ੇਰ ਜੇ ਇੱਕ ਵਾਰ ਗਹਿਰੀ ਨੀਂਦ ਵਿੱਚੋਂ ਜਾਗ ਪਏ ਤਾਂ ਉਹ ਸਾਡੇ ਨੇਤਾਵਾਂ ਦੇ ਆਸ਼ਿਆਂ ਦੀ ਪੂਰਤੀ ਬਾਅਦ, ਰੁਕਣ ਵਾਲੇ ਨਹੀਂ ਹਨ।
ਇਨਕਲਾਬ ਦਾ ਭਾਵ ਮੌਜੂਦਾ ਸਮਾਜਕ ਢਾਂਚੇ ਦੀ ਪੂਰਨ ਤਬਦੀਲੀ ਅਤੇ ਸਮਾਜਵਾਦ ਦੀ ਸਥਾਪਤੀ ਹੈ। ਇਸ ਮੰਤਵ ਲਈ ਸਾਡਾ ਫੌਰੀ ਆਸ਼ਾ ਤਾਕਤ ਹਾਸਲ ਕਰਨਾ
ਹੈ। ਅਸਲ ਵਿੱਚ 'ਰਿਆਸਤ' ਯਾਨੀ ਸਰਕਾਰੀ ਮਸ਼ੀਨਰੀ ਰਾਜ ਕਰਦੀ ਜਮਾਤ ਦੇ ਹੱਥਾਂ ਵਿੱਚ, ਆਪਣੇ ਹਿੱਤਾਂ ਦੀ ਰਾਖੀ ਕਰਨ ਅਤੇ ਹੋਰ ਅੱਗੇ ਵਧਾਉਣ ਦਾ ਸੰਦ ਹੀ ਹੈ। ਅਸੀਂ ਇਸ ਸੰਦ ਨੂੰ ਖੋਹ ਕੇ ਆਪਣੇ ਆਦਰਸ਼ਾਂ ਦੀ ਪੂਰਤੀ ਲਈ ਵਰਤਣਾ ਚਾਹੁੰਦੇ ਹਾਂ। ਸਾਡੇ ਆਦਰਸ਼ ਹਨ ਸਮਾਜਿਕ ਸਿਰਜਣਾ ਨਵੇਂ ਢੰਗ ਨਾਲ ਯਾਨੀ ਕਿ ਮਾਰਕਸੀ ਤੌਰ ਤਰੀਕੇ ਉੱਤੇ। ਇਸੇ ਮੰਤਵ ਨਾਲ ਅਸੀਂ ਸਰਕਾਰੀ ਮਸ਼ੀਨਰੀ ਨੂੰ ਵਰਤਣਾ ਚਾਹੁੰਦੇ ਹਾਂ। ਲਗਾਤਾਰ ਜਨਤਾ ਨੂੰ ਸਿੱਖਿਆ ਦਿੰਦੇ ਰਹਿਣਾ ਹੈ ਤਾਂ ਕਿ ਆਪਣੇ ਸਮਾਜਿਕ ਪ੍ਰੋਗਰਾਮ ਦੀ ਪੂਰਤੀ ਲਈ ਇੱਕ ਸੁਖਾਵਾਂ ਤੇ ਅਨੁਕੂਲ ਵਾਤਾਵਰਨ ਬਣਾਇਆ ਜਾ ਸਕੇ । ਅਸੀਂ ਉਹਨਾਂ ਨੂੰ ਘੋਲਾਂ ਦੇ ਦੌਰਾਨ ਹੀ ਵਧੀਆ ਟਰੇਨਿੰਗ ਅਤੇ ਵਿੱਦਿਆ ਦੇ ਸਕਦੇ ਹਾਂ।
ਇਨਕਲਾਬ ਕੌਮੀ ਹੋਵੇ ਤੇ ਭਾਵੇਂ ਸਮਾਜਵਾਦੀ ਜਿਨ੍ਹਾਂ ਸ਼ਕਤੀਆਂ ਤੇ ਅਸੀਂ ਨਿਰਭਰ ਕਰ ਸਕਦੇ ਹਾਂ ਉਹ ਹਨ ਕਿਸਾਨੀ ਅਤੇ ਮਜ਼ਦੂਰ । ਕਾਂਗਰਸੀ ਨੇਤਾ ਇਹਨਾਂ ਸ਼ਕਤੀਆਂ ਨੂੰ ਸੰਗਠਿਤ ਕਰਨ ਦੀ ਹਿੰਮਤ ਨਹੀਂ ਰੱਖਦੇ। ਇਸ ਅੰਦੋਲਨ ਵਿੱਚ ਇਹ ਤੁਸਾਂ ਸਾਫ਼ ਦੇਖ ਲਿਆ ਹੈ। ਉਹਨਾਂ ਨੂੰ ਹੋਰ ਕਿਸੇ ਨਾਲੋਂ ਵੱਧ ਅਹਿਸਾਸ ਹੈ ਕਿ ਇਹਨਾਂ ਸ਼ਕਤੀਆਂ ਦੇ ਬਗ਼ੈਰ ਉਹ ਬੇਬੱਸ ਹਨ। ਜਦ ਉਹਨਾਂ ਨੇ ਸੰਪੂਰਨ ਆਜ਼ਾਦੀ ਦਾ ਮਤਾ ਪਾਸ ਕੀਤਾ ਤਾਂ ਉਸਦਾ ਅਸਲ ਮਤਲਬ ਤਾਂ ਇਨਕਲਾਬ ਹੀ ਸੀ, ਪਰ ਇਹਨਾਂ ਦਾ ਮਤਲਬ ਇਹ ਨਹੀਂ ਸੀ। ਇਹ ਤਾਂ ਨੌਜਵਾਨ ਕਾਰਕੁੰਨਾਂ ਦੇ ਦਬਾਅ ਹੇਠ ਪਾਸ ਕੀਤਾ ਗਿਆ ਸੀ ਅਤੇ ਇੱਕ ਦਬਕੇ ਦੇ ਤੌਰ ਤੇ ਇਸਨੂੰ ਇਸਤੇਮਾਲ ਕਰਨਾ ਚਾਹੁੰਦੇ ਸਨ ਤਾਂ ਕਿ ਮਨ ਚਾਹਿਆ ਫਲ ਡੋਮੀਨਅਨ ਸਟੇਟਸ ਪ੍ਰਾਪਤ ਕਰ ਸਕਣ ।...
ਅਸੀਂ ਵਿਚਾਰ ਰਹੇ ਸਾਂ ਕਿ ਇੱਕ ਇਨਕਲਾਬ ਕਿਨ੍ਹਾਂ-ਕਿਨ੍ਹਾਂ ਤਾਕਤਾਂ ਤੇ ਨਿਰਭਰ ਕਰਦਾ ਹੈ। ਪਰ ਜੇ ਤੁਸੀਂ ਸੋਚਦੇ ਹੋ ਕਿ ਕਿਸਾਨਾਂ ਤੇ ਮਜ਼ਦੂਰਾਂ ਦੀ ਸਰਗਰਮ ਸ਼ਮੂਲੀਅਤ ਲਈ ਪਹੁੰਚ ਕਰੋਗੇ ਤਾਂ ਮੈਂ ਦੱਸਣਾ ਚਾਹਾਂਗਾ ਕਿ ਉਹ ਕਿਸੇ ਕਿਸਮ ਦੀ ਜਜ਼ਬਾਤੀ ਗੱਲ ਨਾਲ ਬੇਵਕੂਫ ਨਹੀਂ ਬਣਾਏ ਜਾ ਸਕਦੇ। ਉਹ ਸਾਫ਼-ਸਾਫ਼ ਪੁੱਛਣਗੇ ਕਿ ਉਹਨਾਂ ਨੂੰ ਤੁਹਾਡੇ ਇਨਕਲਾਬ ਤੋਂ ਕੀ ਲਾਭ ਪੁੱਜੇਗਾ, ਉਸ ਇਨਕਲਾਬ ਤੋਂ ਜਿਸ ਲਈ ਤੁਸੀਂ ਉਹਨਾਂ ਦੀ ਕੁਰਬਾਨੀ ਦੀ ਮੰਗ ਕਰ ਰਹੇ ਹੋ। ਅਗਰ ਲਾਰਡ ਰੀਡਿੰਗ ਦੀ ਥਾਂ ਭਾਰਤੀ ਸਰਕਾਰ ਦਾ ਮੋਹਰੀ ਸਰ ਪਰਸ਼ੋਤਮ ਦਾਸ ਠਾਕਰ ਦਾਸ ਹੋਵੇ ਤਾਂ ਜਨਤਾ ਨੂੰ ਕੀ ਫ਼ਰਕ ਪੈਂਦਾ ਹੈ? ਇੱਕ ਕਿਸਾਨ ਵਾਸਤੇ ਇਸ ਨਾਲ ਕੀ ਫ਼ਰਕ ਪਵੇਗਾ, ਜੇ ਲਾਰਡ ਇਰਵਨ ਦੇ ਥਾਂ ਸਰ ਤੇਜ਼ ਬਹਾਦਰ ਸਪਰੂ ਆ ਜਾਂਦਾ ਹੈ। ਕੌਮੀ ਜਜ਼ਬਾਤਾਂ ਨੂੰ ਅਪੀਲ ਬਿਲਕੁਲ ਫ਼ਜ਼ੂਲ ਗੱਲ ਹੈ। ਤੁਸੀਂ ਉਸਨੂੰ ਆਪਣੇ ਕੰਮ ਵਾਸਤੇ ਨਹੀਂ 'ਵਰਤ' ਸਕਦੇ । ਤੁਹਾਨੂੰ ਸੰਜੀਦਾ ਹੋਣਾ ਪਵੇਗਾ ਅਤੇ ਉਸ ਨੂੰ ਸਮਝਾਉਣਾ ਪਵੇਗਾ ਕਿ ਇਨਕਲਾਬ ਉਸ ਦੇ ਹਿੱਤ ਲਈ ਹੈ ਅਤੇ ਉਸਦਾ ਹੈ। ਮਜ਼ਦੂਰ ਪ੍ਰੋਲੇਤਾਰੀ ਦਾ ਇਨਕਲਾਬ, ਪ੍ਰੋਲੇਤਾਰੀ ਲਈ।
ਢੰਗ ਸਿਰ ਅੱਗੇ ਵਧਣ ਲਈ ਸਭ ਤੋਂ ਵੱਧ ਜਿਸ ਗੱਲ ਦੀ ਲੋੜ ਪਾਰਟੀ ਨੂੰ ਹੈ ਉਹ
ਹੈ ਉੱਪਰ ਦੱਸੇ ਕਾਰਕੁੰਨਾਂ ਦੀ ਜਿਹੜੇ ਸਪੱਸ਼ਟ ਵਿਚਾਰ, ਪ੍ਰਤੱਖ ਸੋਝੀ, ਪਹਿਲ ਕਦਮੀ ਦੀ ਕਾਬਲੀਅਤ ਅਤੇ ਤੁਰੰਤ ਫੈਸਲਾ ਲੈਣ ਦੀ ਸ਼ਕਤੀ ਰੱਖਦੇ ਹੋਣ। ਪਾਰਟੀ ਵਿੱਚ ਫੌਲਾਦੀ ਅਨੁਸ਼ਾਸਨ ਹੋਵੇਗਾ ਅਤੇ ਜ਼ਰੂਰੀ ਨਹੀਂ ਹੈ ਕਿ ਪਾਰਟੀ ਲੁਕ-ਛਿਪ ਕੇ ਕੰਮ ਕਰੇ, ਸਗੋਂ ਇਸ ਦੇ ਉਲਟ ਖੁੱਲ੍ਹ ਕੇ ਕੰਮ ਕਰੇ । ਭਾਵੇਂ ਕਿ ਮਨਮਰਜ਼ੀ ਨਾਲ ਜੇਲ੍ਹਾਂ ਅੰਦਰ ਜਾਣ ਦੀ ਨੀਤੀ ਪੂਰੀ ਤਰ੍ਹਾਂ ਤਿਆਗ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਬਹੁਤ ਸਾਰੇ ਵਾਲੰਟੀਅਰਾਂ ਨੂੰ ਖੂਫ਼ੀਆ ਤੌਰ 'ਤੇ ਕੰਮ ਕਰਨ ਲਈ ਜੀਵਨ ਬਿਤਾਉਣਾ ਪੈ ਸਕਦਾ ਹੈ । ਪਰ ਉਹਨਾਂ ਨੂੰ ਉਸੇ ਤਰ੍ਹਾਂ ਪੂਰੇ ਜੋਸ਼ੋ ਖਰੋਸ਼ ਨਾਲ ਕੰਮ ਕਰਦੇ ਰਹਿਣਾ ਚਾਹੀਦਾ ਹੈ ਅਤੇ ਇਹ ਹੈ ਉਹ ਗਰੁੱਪ ਜਿਸ ਵਿਚੋਂ ਮੌਕਾ ਸੰਭਾਲ ਸਕਣ ਵਾਲੇ ਨੇਤਾ ਤਿਆਰ ਹੋਣਗੇ।
ਪਾਰਟੀ ਨੂੰ ਕਾਮਿਆਂ ਦੀ ਜ਼ਰੂਰਤ ਪਵੇਗੀ ਜਿਹੜੇ ਨੌਜਵਾਨ ਲਹਿਰਾਂ ਵਿੱਚੋਂ ਭਰਤੀ ਕੀਤੇ ਜਾ ਸਕਦੇ ਹਨ। ਇਸੇ ਕਰਕੇ ਨੌਜਵਾਨ ਲਹਿਰ ਸਭ ਤੋਂ ਪਹਿਲੀ ਗੱਲ ਹੈ ਜਿੱਥੋਂ ਸਾਡਾ ਪ੍ਰੋਗਰਾਮ ਸ਼ੁਰੂ ਹੋਵੇਗਾ। ਨੌਜਵਾਨ ਲਹਿਰ ਨੂੰ ਅਧਿਐਨ ਕੇਂਦਰ (ਸਟੱਡੀ ਸਰਕਲ) ਖੋਲ੍ਹਣੇ ਚਾਹੀਦੇ ਹਨ। ਜਮਾਤਾਂ ਵਿੱਚ ਲੈਕਚਰ, ਲੀਫਲੈਂਟ, ਪੈਂਫਲੇਟ, ਕਿਤਾਬਾਂ, ਰਸਾਲੇ ਛਾਪਣੇ ਚਾਹੀਦੇ ਹਨ। ਇਹ ਰਾਜਨੀਤਿਕ ਕਾਮਿਆਂ ਲਈ ਸਭ ਤੋਂ ਚੰਗੀ ਭਰਤੀ ਕਰਨ ਅਤੇ ਟਰੇਨਿੰਗ ਦੇਣ ਦੀ ਥਾਂ ਹੋਵੇਗੀ।
ਪਾਰਟੀ ਆਪਣਾ ਕੰਮ ਪ੍ਰਾਪੇਗੰਡੇ ਤੋਂ ਸ਼ੁਰੂ ਕਰੇਗੀ। ਇਹ ਬਹੁਤ ਜ਼ਰੂਰੀ ਹੈ। ਗ਼ਦਰ ਪਾਰਟੀ (1914-15) ਦੇ ਫੇਲ੍ਹ ਹੋਣ ਦਾ ਮੁੱਖ ਕਾਰਨ ਸੀ, ਜਨਤਾ ਦੀ ਅਗਿਆਨਤਾ, ਬੇਲਾਗਤਾ ਅਤੇ ਕਈ ਵਾਰ ਵਿਰੋਧ। ਇਸਦੇ ਇਲਾਵਾ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਰਗਰਮ ਹਮਾਇਤ ਹਾਸਲ ਕਰਨ ਲਈ ਵੀ ਇਹ ਜ਼ਰੂਰੀ ਹੈ। ਪਾਰਟੀ ਦਾ ਨਾਂ ਯਾਨੀ ਕਮਿਊਨਿਸਟ ਪਾਰਟੀ ਹੋਵੇ। ਠੋਸ ਅਨੁਸ਼ਾਸਨ ਵਾਲੀ ਰਾਜਨੀਤਿਕ ਕਾਮਿਆਂ ਦੀ ਪਾਰਟੀ ਬਾਕੀ ਸਭ ਅੰਦੋਲਨਾਂ ਨੂੰ ਚਲਾਏਗੀ। ਇਸ ਨੂੰ ਮਜ਼ਦੂਰਾਂ ਤੇ ਕਿਸਾਨਾਂ ਦੀਆਂ ਦੂਸਰੀਆਂ ਪਾਰਟੀਆਂ ਦਾ ਸੰਚਾਲਨ ਵੀ ਕਰਨਾ ਹੋਵੇਗਾ ਅਤੇ ਪਾਰਟੀ ਲੇਬਰ ਯੂਨੀਅਨ ਕਾਂਗਰਸ ਅਤੇ ਦੂਸਰੀਆਂ ਮਿਲਦੀਆਂ-ਜੁਲਦੀਆਂ ਰਾਜਨੀਤਿਕ ਸੰਸਥਾਵਾਂ 'ਤੇ ਭਾਰੂ ਹੋਣ ਦੀ ਕੋਸ਼ਿਸ਼ ਕਰੇਗੀ। ਪਾਰਟੀ ਇੱਕ ਵੱਡੀ ਛਪਾਈ ਮੁਹਿੰਮ ਚਲਾਏਗੀ ਜਿਸ ਨਾਲ ਸਿਰਫ਼ ਕੌਮੀ ਰਾਜਨੀਤੀ ਹੀ ਨਹੀਂ ਸਗੋਂ ਜਮਾਤੀ ਚੇਤਨਾ ਵੀ ਪੈਦਾ ਕਰੇਗੀ ਸੋਸ਼ਲਿਸਟ ਸਿਧਾਂਤ ਸੰਬੰਧੀ ਜਨਤਾ ਨੂੰ ਜਾਗਰੂਕ ਕਰਨ ਲਈ ਸਮੂਹ ਸਮੱਸਿਆਵਾਂ ਦਾ ਵਿਸ਼ਾ ਵਸਤੂ ਹਰ ਇੱਕ ਦੀ ਸੌਖੀ ਪਹੁੰਚ ਵਿੱਚ ਹੋਣਾ ਚਾਹੀਦਾ ਹੈ ਅਤੇ ਅਜਿਹੀਆਂ ਪ੍ਰਕਾਸ਼ਨਾਵਾਂ ਨੂੰ ਵੱਡੇ ਪੱਧਰ ਉੱਤੇ ਵਿੱਢਿਆ ਜਾਣਾ ਚਾਹੀਦਾ ਹੈ। ਲਿਖਤ ਸਾਦਾ ਅਤੇ ਸਪੱਸ਼ਟ ਹੋਣੀ ਚਾਹੀਦੀ ਹੈ।
ਮਜ਼ਦੂਰ ਅੰਦੋਲਨ ਵਿੱਚ ਅਜਿਹੇ ਵਿਅਕਤੀ ਹਨ ਜੋ ਬੜੇ ਹੀ ਅਜੀਬ ਵਿਚਾਰ, ਮਜ਼ਦੂਰ ਤੇ ਕਿਸਾਨਾਂ ਦੀ ਆਰਥਕ ਆਜ਼ਾਦੀ ਅਤੇ ਰਾਜਨੀਤਕ ਆਜ਼ਾਦੀ ਬਾਰੇ ਰੱਖਦੇ ਹਨ। ਉਹ ਲੋਕ ਭੜਕਾਊ ਹਨ ਜਾਂ ਬੌਂਦਲੇ ਹੋਏ ਹਨ। ਅਜਿਹੇ ਵਿਚਾਰ ਜਾਂ ਤਾਂ ਊਲ-ਜਲੂਲ ਹਨ
ਜਾਂ ਕਲਪਨਾ ਰਹਿਤ। ਸਾਡਾ ਭਾਵ ਜਨਤਾ ਦੀ ਆਰਥਿਕ ਆਜ਼ਾਦੀ ਤੋਂ ਹੈ ਅਤੇ ਇਸ ਵਾਸਤੇ ਅਸੀਂ ਰਾਜਨੀਤਿਕ ਤਾਕਤ ਜਿੱਤਣਾ ਚਾਹੁੰਦੇ ਹਾਂ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸ਼ੁਰੂ ਵਿੱਚ ਛੋਟੀਆਂ ਮੋਟੀਆਂ ਆਰਥਿਕ ਮੰਗਾਂ ਲਈ ਅਤੇ ਇਨ੍ਹਾਂ ਜਮਾਤਾਂ ਦੇ ਵਿਸ਼ੇਸ਼ ਅਧਿਕਾਰਾਂ ਲਈ ਸਾਨੂੰ ਲੜਨਾ ਪਵੇਗਾ। ਇਹ ਘੋਲ ਹੀ ਉਹਨਾਂ ਨੂੰ ਰਾਜਸੀ ਤਾਕਤ ਪ੍ਰਾਪਤ ਕਰਨ ਲਈ ਅੰਤਮ ਘੋਲ ਲਈ ਚੇਤਨ ਤੇ ਤਿਆਰ ਕਰੇਗਾ।
ਜ਼ਰੂਰਤ ਹੈ ਲਗਾਤਾਰ ਘੋਲ, ਕਸ਼ਟ ਸਹਿਣ ਅਤੇ ਕੁਰਬਾਨੀ ਭਰਿਆ ਜੀਵਨ ਬਿਤਾਉਣ ਦੀ। ਆਪਣਾ ਨਿੱਜਵਾਦ ਪਹਿਲਾਂ ਖ਼ਤਮ ਕਰੋ। ਨਿੱਜੀ ਆਰਾਮ ਦੇ ਸੁਪਨੇ ਲਾਹ ਕੇ ਇੱਕ ਪਾਸੇ ਰੱਖ ਦਿਓ ਤੇ ਫਿਰ ਕੰਮ ਸ਼ੁਰੂ ਕਰੋ । ਇੰਚ-ਇੰਚ ਕਰਕੇ ਤੁਸੀਂ ਅੱਗੇ ਵਧੇਗੇ। ਇਸ ਲਈ ਹੌਂਸਲੇ, ਦ੍ਰਿੜਤਾ ਅਤੇ ਬਹੁਤ ਹੀ ਮਜ਼ਬੂਤ ਇਰਾਦੇ ਦੀ ਜ਼ਰੂਰਤ ਹੈ । ਮੁਸ਼ਕਲਾਂ ਅਤੇ ਔਖਿਆਈਆਂ ਭਾਵੇਂ ਕਿੰਨੀਆਂ ਭਾਰੀਆਂ ਹੋਣ ਤੁਹਾਡੇ ਹੌਂਸਲੇ ਨੂੰ ਨਾ ਕੰਬਾ ਸਕਣ। ਕੋਈ ਹਾਰ ਜਾਂ ਧੋਖਾ ਤੁਹਾਡੇ ਦਿਲ ਨੂੰ ਤੋੜ ਨਾ ਸਕੇ। ਕਿੰਨੇ ਵੀ ਕਸ਼ਟ ਤੁਹਾਡੇ ਉੱਤੇ ਪੈਣ, ਤੁਹਾਡੇ ਇਨਕਲਾਬੀ ਜੋਸ਼ ਨੂੰ ਠੰਡਾ ਨਾ ਕਰ ਸਕਣ। ਕਸ਼ਟ ਸਹਿਣ ਅਤੇ ਕੁਰਬਾਨੀ ਕਰਨ ਦੇ ਅਸੂਲ ਨਾਲ ਤੁਸੀਂ ਕਾਮਯਾਬੀ ਪ੍ਰਾਪਤ ਕਰੋਗੇ ਅਤੇ ਇਹ ਵਿਅਕਤੀਗਤ ਜਿੱਤਾਂ ਇਨਕਲਾਬ ਦੀ ਅਮੁੱਲ ਸੰਪਤੀ ਹੋਣਗੀਆਂ।
ਵਿਦਿਆਰਥੀਆਂ ਨੂੰ ਸੰਦੇਸ਼
ਅਸੀਂ ਨੌਜਵਾਨਾਂ ਨੂੰ ਬੰਬ ਅਤੇ ਪਿਸਤੌਲ ਚੁੱਕਣ ਦੀ ਸਲਾਹ ਨਹੀਂ ਦੇ ਸਕਦੇ। ਵਿਦਿਆਰਥੀਆਂ ਦੇ ਕਰਨ ਲਈ ਇਸ ਤੋਂ ਜ਼ਿਆਦਾ ਵੱਡੇ ਕੰਮ ਹਨ। ...ਫੈਕਟਰੀਆਂ ਵਿੱਚ ਕੰਮ ਕਰਦੇ ਲੱਖਾਂ ਮਜ਼ਦੂਰਾਂ ਕੋਲ, ਝੁੱਗੀਆਂ ਤੇ ਪੇਂਡੂ ਝੋਪੜੀਆਂ ਵਿੱਚ ਨੌਜਵਾਨਾਂ ਨੇ ਇਨਕਲਾਬ ਦਾ ਸੁਨੇਹਾ, ਦੇਸ਼ ਦੇ ਹਰ ਕੋਨੇ ਵਿੱਚ ਪਹੁੰਚਾਣਾ ਹੈ। ਉਸ ਇਨਕਲਾਬ ਦਾ ਸੁਨੇਹਾ ਜਿਹੜਾ ਕਿ ਉਹ ਆਜ਼ਾਦੀ ਲਿਆਵੇਗਾ-ਜਿਸ ਵਿੱਚ ਆਦਮੀ ਦੇ ਹੱਥੋਂ ਆਦਮੀ ਦੀ ਲੁੱਟ ਖਸੁੱਟ ਅਸੰਭਵ ਹੋ ਜਾਵੇਗੀ।
ਇਨਕਲਾਬ ਜ਼ਿੰਦਾਬਾਦ ਦਾ ਨਾਹਰਾ ਕਿਉਂ?
ਅਸੀਂ ਦੇਸ਼ ਵਿੱਚ ਬੇਹਤਰ ਤਬਦੀਲੀ ਦੀ ਸਪਿਰਟ ਤੇ ਉੱਨਤੀ ਦੀ ਖ਼ਾਹਸ਼ ਲਈ ਇਸ ਲਫ਼ਜ਼ ਇਨਕਲਾਬ ਦੀ ਵਰਤੋਂ ਕਰ ਰਹੇ ਹਾਂ। ਹੁੰਦਾ ਇਹ ਹੈ ਕਿ ਆਮ ਤੌਰ ਤੇ ਇੱਕ ਖੜੋਤ ਦੀ ਹਾਲਤ ਲੋਕਾਂ ਨੂੰ ਆਪਣੇ ਸ਼ਕੰਜੇ ਵਿੱਚ ਕੱਸ ਲੈਂਦੀ ਹੈ ਅਤੇ ਕਿਸੇ ਵੀ ਕਿਸਮ ਦੀ ਤਬਦੀਲੀ ਤੋਂ ਉਹ ਹਿਚਕਚਾਉਂਦੇ ਹਨ। ਬਸ ਇਸ ਜਮੂਦ ਤੇ ਬੇਹਰਕਤੀ ਨੂੰ ਤੋੜਨ ਦੀ ਖ਼ਾਤਰ ਇਕ ਇਨਕਲਾਬੀ ਸਪਿਰਟ ਪੈਦਾ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ। ਨਹੀਂ ਤਾਂ ਇਕ