ਜਾਂ ਕਲਪਨਾ ਰਹਿਤ। ਸਾਡਾ ਭਾਵ ਜਨਤਾ ਦੀ ਆਰਥਿਕ ਆਜ਼ਾਦੀ ਤੋਂ ਹੈ ਅਤੇ ਇਸ ਵਾਸਤੇ ਅਸੀਂ ਰਾਜਨੀਤਿਕ ਤਾਕਤ ਜਿੱਤਣਾ ਚਾਹੁੰਦੇ ਹਾਂ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸ਼ੁਰੂ ਵਿੱਚ ਛੋਟੀਆਂ ਮੋਟੀਆਂ ਆਰਥਿਕ ਮੰਗਾਂ ਲਈ ਅਤੇ ਇਨ੍ਹਾਂ ਜਮਾਤਾਂ ਦੇ ਵਿਸ਼ੇਸ਼ ਅਧਿਕਾਰਾਂ ਲਈ ਸਾਨੂੰ ਲੜਨਾ ਪਵੇਗਾ। ਇਹ ਘੋਲ ਹੀ ਉਹਨਾਂ ਨੂੰ ਰਾਜਸੀ ਤਾਕਤ ਪ੍ਰਾਪਤ ਕਰਨ ਲਈ ਅੰਤਮ ਘੋਲ ਲਈ ਚੇਤਨ ਤੇ ਤਿਆਰ ਕਰੇਗਾ।
ਜ਼ਰੂਰਤ ਹੈ ਲਗਾਤਾਰ ਘੋਲ, ਕਸ਼ਟ ਸਹਿਣ ਅਤੇ ਕੁਰਬਾਨੀ ਭਰਿਆ ਜੀਵਨ ਬਿਤਾਉਣ ਦੀ। ਆਪਣਾ ਨਿੱਜਵਾਦ ਪਹਿਲਾਂ ਖ਼ਤਮ ਕਰੋ। ਨਿੱਜੀ ਆਰਾਮ ਦੇ ਸੁਪਨੇ ਲਾਹ ਕੇ ਇੱਕ ਪਾਸੇ ਰੱਖ ਦਿਓ ਤੇ ਫਿਰ ਕੰਮ ਸ਼ੁਰੂ ਕਰੋ । ਇੰਚ-ਇੰਚ ਕਰਕੇ ਤੁਸੀਂ ਅੱਗੇ ਵਧੇਗੇ। ਇਸ ਲਈ ਹੌਂਸਲੇ, ਦ੍ਰਿੜਤਾ ਅਤੇ ਬਹੁਤ ਹੀ ਮਜ਼ਬੂਤ ਇਰਾਦੇ ਦੀ ਜ਼ਰੂਰਤ ਹੈ । ਮੁਸ਼ਕਲਾਂ ਅਤੇ ਔਖਿਆਈਆਂ ਭਾਵੇਂ ਕਿੰਨੀਆਂ ਭਾਰੀਆਂ ਹੋਣ ਤੁਹਾਡੇ ਹੌਂਸਲੇ ਨੂੰ ਨਾ ਕੰਬਾ ਸਕਣ। ਕੋਈ ਹਾਰ ਜਾਂ ਧੋਖਾ ਤੁਹਾਡੇ ਦਿਲ ਨੂੰ ਤੋੜ ਨਾ ਸਕੇ। ਕਿੰਨੇ ਵੀ ਕਸ਼ਟ ਤੁਹਾਡੇ ਉੱਤੇ ਪੈਣ, ਤੁਹਾਡੇ ਇਨਕਲਾਬੀ ਜੋਸ਼ ਨੂੰ ਠੰਡਾ ਨਾ ਕਰ ਸਕਣ। ਕਸ਼ਟ ਸਹਿਣ ਅਤੇ ਕੁਰਬਾਨੀ ਕਰਨ ਦੇ ਅਸੂਲ ਨਾਲ ਤੁਸੀਂ ਕਾਮਯਾਬੀ ਪ੍ਰਾਪਤ ਕਰੋਗੇ ਅਤੇ ਇਹ ਵਿਅਕਤੀਗਤ ਜਿੱਤਾਂ ਇਨਕਲਾਬ ਦੀ ਅਮੁੱਲ ਸੰਪਤੀ ਹੋਣਗੀਆਂ।
ਵਿਦਿਆਰਥੀਆਂ ਨੂੰ ਸੰਦੇਸ਼
ਅਸੀਂ ਨੌਜਵਾਨਾਂ ਨੂੰ ਬੰਬ ਅਤੇ ਪਿਸਤੌਲ ਚੁੱਕਣ ਦੀ ਸਲਾਹ ਨਹੀਂ ਦੇ ਸਕਦੇ। ਵਿਦਿਆਰਥੀਆਂ ਦੇ ਕਰਨ ਲਈ ਇਸ ਤੋਂ ਜ਼ਿਆਦਾ ਵੱਡੇ ਕੰਮ ਹਨ। ...ਫੈਕਟਰੀਆਂ ਵਿੱਚ ਕੰਮ ਕਰਦੇ ਲੱਖਾਂ ਮਜ਼ਦੂਰਾਂ ਕੋਲ, ਝੁੱਗੀਆਂ ਤੇ ਪੇਂਡੂ ਝੋਪੜੀਆਂ ਵਿੱਚ ਨੌਜਵਾਨਾਂ ਨੇ ਇਨਕਲਾਬ ਦਾ ਸੁਨੇਹਾ, ਦੇਸ਼ ਦੇ ਹਰ ਕੋਨੇ ਵਿੱਚ ਪਹੁੰਚਾਣਾ ਹੈ। ਉਸ ਇਨਕਲਾਬ ਦਾ ਸੁਨੇਹਾ ਜਿਹੜਾ ਕਿ ਉਹ ਆਜ਼ਾਦੀ ਲਿਆਵੇਗਾ-ਜਿਸ ਵਿੱਚ ਆਦਮੀ ਦੇ ਹੱਥੋਂ ਆਦਮੀ ਦੀ ਲੁੱਟ ਖਸੁੱਟ ਅਸੰਭਵ ਹੋ ਜਾਵੇਗੀ।
ਇਨਕਲਾਬ ਜ਼ਿੰਦਾਬਾਦ ਦਾ ਨਾਹਰਾ ਕਿਉਂ?
ਅਸੀਂ ਦੇਸ਼ ਵਿੱਚ ਬੇਹਤਰ ਤਬਦੀਲੀ ਦੀ ਸਪਿਰਟ ਤੇ ਉੱਨਤੀ ਦੀ ਖ਼ਾਹਸ਼ ਲਈ ਇਸ ਲਫ਼ਜ਼ ਇਨਕਲਾਬ ਦੀ ਵਰਤੋਂ ਕਰ ਰਹੇ ਹਾਂ। ਹੁੰਦਾ ਇਹ ਹੈ ਕਿ ਆਮ ਤੌਰ ਤੇ ਇੱਕ ਖੜੋਤ ਦੀ ਹਾਲਤ ਲੋਕਾਂ ਨੂੰ ਆਪਣੇ ਸ਼ਕੰਜੇ ਵਿੱਚ ਕੱਸ ਲੈਂਦੀ ਹੈ ਅਤੇ ਕਿਸੇ ਵੀ ਕਿਸਮ ਦੀ ਤਬਦੀਲੀ ਤੋਂ ਉਹ ਹਿਚਕਚਾਉਂਦੇ ਹਨ। ਬਸ ਇਸ ਜਮੂਦ ਤੇ ਬੇਹਰਕਤੀ ਨੂੰ ਤੋੜਨ ਦੀ ਖ਼ਾਤਰ ਇਕ ਇਨਕਲਾਬੀ ਸਪਿਰਟ ਪੈਦਾ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ। ਨਹੀਂ ਤਾਂ ਇਕ