ਸਤਿਗੁਰ— ਹਾਂ ਸੱਜਣਾ! ਪਛਾਣ ਲਏਗਾ। ਪਹਿਲੋਂ ਸਾਡਾ ਇਕ ਪ੍ਯਾਰਾ- ਸਾਹਿਬਜ਼ਾਦਾ-ਆਕੇ ਸ਼ਹਿਰ ਵਸਾਏਗਾ, ਫੇਰ ਅਸੀਂ ਆਵਾਂਗੇ ਤੇ ਬੁੱਢਣ ਸ਼ਾਹ ਤੋਂ ਦੁੱਧ ਮੰਗਕੇ ਪੀਆਂਗੇ। ਅੱਜ ਦੁੱਧ ਪੀਂਦੇ ਪਰ ਅੱਜ ਅਸਾਂ ਹੇਠਾਂ ਡੋਘਰੇਂ ਵਿਚ ਪੰਜੂ ਦੇ ਘਰ ਰੋਟੀ ਖਾਣੀ ਹੈ। ਬੁੱਢਣ ਸ਼ਾਹ ਨਾਲ ਸਾਡਾ ਉਧਾਰ ਰਹੇਗਾ, ਫੇਰ ਆਵਾਂਗੇ ਤੇ ਮੰਗਕੇ ਦੁੱਧ ਪੀਆਂਗੇ।
ਇਉਂ ਕਹਿ, ਮਾਤਾ ਤੋਂ ਵਿਛੁੜਕੇ ਵਿਲਪਦੇ ਬਾਲ ਵਾਂਙੂ ਬੁੱਢਣ ਸ਼ਾਹ ਨੂੰ ਛੱਡਕੇ, ਸ੍ਰੀ ਗੁਰੂ ਨਾਨਕ ਦੇਵ ਜੀ ਉਪਕਾਰੀ ਬੱਦਲ ਦੀ ਤਰ੍ਹਾਂ ਹੋਰ ਥਾਂ ਬਰਸਨੇ ਲਈ ਟੁਰ ਗਏ। ਬੁੱਢਣ ਸ਼ਾਹ, ਨਵੇਂ ਜਨਮ ਵਿਚ ਆਯਾ ਬੁੱਢਣ ਸ਼ਾਹ, ਸਤਿਗੁਰੂ ਦੇ ਜਨਮਿਆਂ ਬੁੱਢਣ ਸ਼ਾਹ ਪ੍ਰੇਮ ਦੇ ਰੰਗ ਵਿਚ ਨਵਬਾਲਾ ਬੁੱਢਣ ਸ਼ਾਹ, ਜੀਉਂਦੇ ਸਿਮਰਨ ਵਿਚ ਨਵਯੋਬਨ ਬੁੱਢਣ ਸ਼ਾਹ, ਪ੍ਰੀਤਮ ਦੇ ਪਿਆਰ ਵਿਚ ਲੱਗਾ ਖਿੱਚਾਂ, ਤਾਂਘਾਂ, ਹੁਲਾਰਿਆਂ, ਆਸਾਂ, ਸੁਆਦਾਂ ਰਸਾਂ ਦੇ ਜੀਵਨ ਬਿਤੀਤ ਕਰਨ।
ਅਗਲੇ ਦਿਨ ਬੁੱਢਣ ਸ਼ਾਹ ਜੀ ਦੁਪਹਿਰ ਵੇਲੇ ਬੱਕਰੀਆਂ ਦਾ ਦੁਧ ਪੀਕੇ ਉਸੇ ਪੱਥਰ ਦੇ ਪਾਸ ਜਾਕੇ ਬੈਠੇ ਪਿਆਰੇ ਦੇ ਧ੍ਯਾਨ ਮਗਨ ਹੋ ਰਹੇ ਸੇ ਕਿ ਉਹ ਕਾਕੀ ਆਪਣੀਆਂ ਬਕਰੀਆਂ ਚਾਰਦੀ ਆ ਨਿਕਲੀ ਬੁੱਢਣ ਸ਼ਾਹ ਨੂੰ ਦੇਖਕੇ ਬੋਲੀ: "ਸਾਂਈਂ ਜੀ! ਤੁਸੀਂ ਸਾਡੇ ਗੁਰ ਨਾਨਕ ਦੇ”।
ਸਾਂਈਂ ਲੋਕ— ਹਾਂ ਬੱਚੀ! ਮੈਂ ਤੁਹਾਡੇ ਗੁਰੂ ਨਾਨਕ ਦੇ ਦਾਸਾਂ ਦਾ ਦਾਸ, ਮੈਂ ਆਪਣੇ-ਮੈਂ ਮੇਰੇ-ਸਤਿਗੁਰ ਨਾਨਕ ਦੇ ਕੂਕਰਾਂ ਦਾ ਕੂਕਰ।
ਕਾਕੀ ਪਹਿਲੇ ਹੱਸੀ ਫੇਰ ਰੋ ਪਈ। ਜਿਸ ਕਦੇ ਰੋਣ ਨਹੀਂ ਜਾਤਾ ਸੀ, ਉਸ ਦੀ ਅੱਖੀਂ ਨੀਰ ਭਰ ਆਯਾ, ਹਾਹੁਕਾ ਲੈ ਕੇ ਬੋਲੀ ਹਾਂ ਸਾਂਈਂ: ਜੀ! ਅਸੀਂ ਸਤਿਗੁਰੂ ਦੇ ਕੂਕਰਾਂ ਦੇ ਕੂਕਰ, ਪਰ ਸਾਂਈਂ ਜੀ! ਸਤਿਗੁਰੂ ਕੇਡਾ ਸੁਹਣਾ ਹੈ ?
––––––––––––––
* ਡੋਘਰਾ=ਦੇ ਘਰਾ, ਪਹਾੜਾਂ ਵਿਚ ਤੇ ਲਾਗੋਂ ਅਤਿ ਨਿੱਕੇ ਪਿੰਡ ਨੂੰ, ਜਿਥੇ ਦੇ ਚਾਰ ਘਰ ਹੋਣ, ਡੋਘਰਾ ਕਹਿੰਦੇ ਹਨ।
ਸਾਂਈਂ ਲੋਕ— ਕੁਝ ਨਾ ਪੁੱਛ, ਕਾਕੀ! ਦਰਸ਼ਨ ਦੇਕੇ ਮੈਨੂੰ ਤਾਂ ਮੋਏ ਨੂੰ ਜਿਵਾ ਗਿਆ ਹੈ, ਮੈਂ ਮੁਸਲਮਾਨ ਸਾਂ, ਪਰ ਹੁਣ ਮੇਰਾ ਕਾਬਾ, ਮੇਰਾ ਰਸੂਲ, ਮੇਰਾ ਦੀਨ ਈਮਾਨ ਸੱਭੋ ਕੁਝ ਨਾਨਕ ਹੋ ਗਿਆ ਹੈ, ਕਲ ਦੀ ਨਮਾਜ਼ ਨਾ ਦਰੂਦ ਨਾ ਸਜਦਾ, ਨਾ ਕੋਈ ਪਾਠ। ਮੇਰੀਆਂ ਅੱਖਾਂ ਅਗੇ ਜੀਉਂਦਾ ਸਤਿਗੁਰ ਮੇਰੇ ਲੂੰਆਂ ਵਿਚ ਧੰਨ ਗੁਰ ਨਾਨਕ' ਵੱਸ ਪਿਆ ਹੈ। ਜਿੱਧਰ ਨੈਣ ਜਾਂਦੇ ਹਨ ਸਤਿਗੁਰ ਤੇ ਸਤਿਗੁਰ ਦੀ ਛਬੀ ਦਿੱਸਦੀ ਹੈ। ਰਸਨਾ ਉਸ ਦੇ ਰਸਾਏ ਨਾਮ ਵਿਚ ਰਸਮਈ ਹੋ ਰਹੀ ਹੈ।
ਇਉਂ ਕਹਿੰਦੇ ਦੇ ਨੈਣ ਭਰ ਭਰ ਆਉਣ।
ਕਾਕੀ- ਧੰਨ ਸਤਿਗੁਰੂ ਨਾਨਕ, ਕਹੁ ਧੰਨ ਸਤਿਗੁਰ ਨਾਨਕ, ਸੁਣਾ ਨਾ, ਆਪਣੇ ਉੱਚੇ ਪਿਆਰ ਵਾਲੇ ਮਨ ਤੋਂ, ਸੁਣਾ ਨਾ, ‘ਧੰਨ ਗੁਰ ਨਾਨਕ! ਕਾਕੀ ਨੇ ਇੰਨੇ ਪ੍ਰੇਮ ਵਿਚ ਧੰਨ ਗੁਰ ਨਾਨਕ' ਦੀ ਲੋ ਲਗਾਈ ਕਿ ਸਾਰਾ ਬਨ ਖੁਸ਼ਬੋ ਨਾਲ ਭਰ ਗਿਆ ਅਰ ਇਸੇ ਪਿਆਰੀ ਧੁਨਿ ਵਿਚ ਲੌਢਾ ਪਹਿਰ ਹੋ ਗਿਆ।
ਇਸ ਵੇਲੇ ਇਕ ਗ੍ਰੀਬ ਪਹਾੜੀਆ, ਉਸ ਦਾ ਭਰਾ ਤੇ ਵਹੁਟੀ ਆ ਨਿਕਲੇ। ਬੁੱਢਣ ਸ਼ਾਹ ਨੂੰ ਇਨ੍ਹਾਂ ਗਰੀਬਾਂ, ਮੈਲੇ ਕਪੜੇ ਵਾਲਿਆਂ ਵਿਚੋਂ ਗੁਰ ਨਾਨਕ ਦੀ ਲਪਟ ਆਈ। ਏਹ ਰਾਹਕ ਸਨ ਪਰ ਪਹਿਲੀ ਉਮਰੇ ਹਿੰਦੀ ਅੱਖਰ ਤੇ ਕੁਛ ਥੋੜਾ ਪੜ੍ਹੇ ਹੋਏ ਸਨ। ਬੁੱਢਣ ਸ਼ਾਹ ਉਠਕੇ ਮੱਥਾ ਟੇਕਣ ਲੱਗਾ, ਉਧਰੋਂ ਉਨ੍ਹਾਂ ਮੱਥਾ ਟੇਕਿਆ, ਪਰਸਪਰ ਇਉਂ ਮਿਲੇ ਕਿ ਜਿਵੇਂ ਜਨਮਾਂ ਦੇ ਮੇਲੀ ਹੁੰਦੇ ਹਨ। ਗੱਲ ਬਾਤ ਦੇ ਮਗਰੋਂ ਪਤਾ ਲੱਗਾ ਕਿ ਏਹ ਇਸੇ ਕੁੜੀ ਦੇ ਮਾਤਾ ਪਿਤਾ ਤੇ ਚਾਚਾ ਜੀ ਹਨ। ਏਹ ਗੁਰੂ ਕੇ ਚਰਨ ਪਰਸਕੇ ਨਾਮ ਧਰੀਕ' ਹੋਏ ਹੋਏ ਸਨ ਤੇ ਸਿਮਰਨ ਦੇ ਰੰਗ ਵਿਚ ਨਿਮਗਨ ਸਨ। ਕੱਲ ਜਦ ਸ੍ਰੀ ਗੁਰੂ ਨਾਨਕ ਜਗਤ ਗੁਰ ਸੁਆਮੀ ਬੁੱਢਣ ਸ਼ਾਹ ਨੂੰ ਤਾਰਕੇ ਗਏ ਤਾਂ ਪ੍ਰਸ਼ਾਦ ਇਨ੍ਹਾਂ ਦੇ ਘਰ ਛਕਿਆ। ਏਹ ਬੁੱਢਣ ਸ਼ਾਹ ਦੇ ਟਿਕਾਣੇ ਤੋਂ ਕੁਛ ਦੂਰੀ ਪਰ ਹੇਠਲੇ ਰੁਖ਼ ਨੂੰ ਦਰਯਾ ਪਾਸੇ ਇਕ ਡੋਘਰੇ ਵਿਚ ਰਹਿੰਦੇ ਸਨ ਕੇਵਲ ਦੋ ਹੀ ਘਰ ਸਨ, ਤੇ ਦੋਵੇਂ ਭਰਾ ਵੱਸਦੇ ਸਨ। ਜਦ ਸਤਿਗੁਰ ਜੀ ਇਨ੍ਹਾਂ ਤੋਂ ਵਿਦਾ ਹੋਣ ਲੱਗੇ ਤਾਂ ਕਹਿ ਗਏ ਕਿ "ਉਪਰ ਜੋ ਬੁੱਢਣ ਸ਼ਾਹ ਫਕੀਰ ਰਹਿੰਦਾ ਹੈ, ਉਹ ਸਾਡਾ