ਦੀ ਹੁੰਦੀ ਹੈ, ਉਹ ਦੁਨੀਆਂ ਤੋਂ ਠੁਹਕਰਾਂ ਖਾ ਖਾ ਕੇ, ਲੋਕਾਂ ਦੇ ਛਲ ਵੇਖ ਵੇਖ ਕੇ ਤੇ ਸੁਆਰਥ ਤੱਕ ਤੱਕ ਕੇ ਅੰਤ ਲਾਂਭੇ ਹੋਣ ਨੂੰ ਕਰਦਾ ਹੈ ਅਰ ਇਕੱਲੇ ਵੱਸਣ ਨੂੰ ਪਸਿੰਦ ਕਰਦਾ ਹੈ, ਜਿੱਥੇ “ਨਾ ਕਾਹੂ ਸਿਉਂ ਦੋਸਤੀ ਨਾ ਕਾਹੂ ਸਿਉਂ ਬੈਰ' ਤੇ ਏਕਾਂਤ ਬੈਠਕੇ ਕੋਈ ਜਪ ਤਪ ਬੀ ਸਾਂਈਂ ਪ੍ਰਾਪਤੀ ਲਈ ਕਰ ਸਕਦਾ ਹੈ।
ਪੀੰਜੂ- ਇਹ ਸਾਂਈ ਜੀ! ਠੀਕ ਹੈ, ਸੰਸਾਰ ਵਿਚ ਤ੍ਯਾਗ ਇਸੇ ਤਰ੍ਹਾਂ ਹੁੰਦਾ ਹੈ, ਸੰਸਾਰ ਦੇ ਖੋਟ ਵੇਖ ਵੇਖ ਕੇ ਜੀ ਖੱਟਾ ਹੋ ਜਾਂਦਾ ਹੈ, ਵੈਰਾਗ ਵਧ ਜਾਂਦਾ ਹੈ ਤੇ ਆਦਮੀ ਏਕਾਂਤ ਢੂੰਡਦਾ ਹੈ। ਪਰ ਸਾਨੂੰ ਸਤਿਗੁਰ ਨਾਨਕ ਨੇ ਇਹ ਦੱਸਿਆ ਹੈ ਕਿ ਖੋਟਿਆਂ ਦੇ ਖੋਟ ਵੇਖਕੇ ਖੋਟਿਆਂ ਤੋਂ ਤਾਂ ਲਾਂਭੇ ਹੋ ਜਾਣਾ ਚਾਹੀਦਾ ਹੈ, ਪਰ ਸੰਸਾਰ ਦਾ ਤ੍ਯਾਗ ਕਰਨਾ ਠੀਕ ਨਹੀਂ। ਸਮੁੱਚੇ ਸੰਸਾਰ ਦਾ ਤ੍ਯਾਗ ਕੀਤਿਆਂ ਤਾਂ ਖਰਿਆਂ ਨਾਲੋਂ ਬੀ ਟੁੱਟ ਜਾਵਾਂਗੇ ਜੋ ਬੜੇ ਘਾਟੇ ਦੀ ਗੱਲ ਹੈ। ਚਾਹੀਦਾ ਇਹ ਹੈ ਕਿ ਖੋਟਿਆਂ ਦਾ ਤਿਆਗ ਕਰੋ ਤੇ ਖਰਿਆਂ ਦਾ ਤਿਆਗ ਨਾ ਕਰੋ ? ਖੋਟੇ ਤਿਆਗੋ ਤੇ ਖਰੇ ਰੱਖੋ, ਜਾਂ ਇਉਂ ਕਹੀਏ ਕਿ ਕੁਸੰਗ ਦਾ ਤ੍ਯਾਗ ਕਰਨਾ ਚਾਹੀਦਾ ਹੈ, ਤੇ ਸਤਿਸੰਗ ਦਾ ਗ੍ਰਹਿਣ ਕਰਨਾ ਚਾਹੀਦਾ ਹੈ, ਕੱਚੜਿਆਂ ਨਾਲ ਤੋੜਕੇ ਪੱਕਿਆਂ ਨਾਲ ਰੱਖਣੀ ਚਾਹੀਏ।
ਬੁੱਢਣਸ਼ਾਹ- ਧੰਨ ਸਤਿਗੁਰ ਨਾਨਕ, ਧੰਨ ਸਤਿਗੁਰ ਨਾਨਕ! ਮੈਨੂੰ ਸਾਰੀ ਉਮਰ ਭੁੱਲ ਪਈ ਰਹੀ ਕਿ ਸੰਸਾਰ ਖੋਟਾ ਹੈ ਤੇ ਤ੍ਯਾਗ ਹੀ ਰਸਤਾ ਹੈ, ਇਹ ਅੱਜ ਸਮਝ ਪਈ ਕਿ ਸਾਰਾ ਸੰਸਾਰ ਖੋਟਾ ਨਹੀਂ, ਭਾਵੇਂ ਵਿਰਲੇ ਹਨ, ਪਰ ਖਰੇ ਬੀ ਹਨ, ਸੋ ਉਨ੍ਹਾਂ ਪਿਆਰਿਆਂ ਨੂੰ ਲੱਭਣਾ ਤੇ ਉਨ੍ਹਾਂ ਦਾ ਸੰਗ ਕਰਨਾ ਚਾਹੀਏ। ਠੀਕ ਹੈ, ਹਠ ਵਾਲੀ ਏਕਾਂਤ ਵਿਚ ਰਹਿ ਮੇਰਾ ਮਨ ਬੀ ਕਰੜਾ ਜੇਹਾ ਹੋ ਗਿਆ ਸੀ, ਸੁਆਦ ਵਾਲੀ ਏਕਾਂਤ ਹੁਣ ਮਿਲੀ ਹੈ।
ਪੀੰਜੂ- ਜੇ ਦਿਲ ਏਕਾਂਤੀ ਹੋ ਜਾਏ- ਸਾਈਂ ਚਰਨਾਂ ਵਿਚ ਜੁੜੇ ਤਾਂ ਅਸਲ ਏਕਾਂਤ ਹੋ ਗਈ। ਸਾਈਂ ਨਾਲ ਰੱਤੇ ਸੱਜਣਾਂ ਨਾਲ ਮਿਲਦਾ ਰਹੇ ਤਾਂ ਏਕਾਂਤ ਬਣ ਰਹੀ। ਏਕਾਂਤੀਆਂ ਦੇ ਮੇਲ ਵਿਚ ਤਾਂ ਇਕਾਂਤ ਬਣੀ ਹੀ ਰਹੇਗੀ, ਕਿਉਂਕਿ ਸਭ ਨੇ ਮਿਲਕੇ ਪਿਆਰੇ ਦੇ ਹੀ ਜਸ ਕਰਨੇ ਹਨ।