ਸਰੀਰ ਦੇ ਅੰਦਰ ਲੁਕੇ ਬੈਠੇ 'ਦੇਖਣਹਾਰ' ਦਾ ਇਸ (ਦਿਸਣਹਾਰ) ਚਮਤਕਾਰਿਆਂ ਵਿਚ ਲੁਕੀ ਬੈਠੀ ਸੁੰਦਰਤਾ ਦਾ ਕੋਈ ਗੁੱਝਾ ਮੇਲ ਹੈ। ਸੁੰਦਰਤਾ ਨੇ ਝਲਕਾ ਮਾਰਿਆ, ਦੇਖਣਹਾਰ ਨੂੰ ਵਿਸਮਾਦ ਦਾ ਚੱਕਰ ਆ ਗਿਆ। ਵਿਸਮਾਦ ਦਾ ਚੱਕਰ ਆਇਆ ਕਿ ਆਪੇ ਵਿਚ ਮਗਨ। ਮਗਨਤਾ ਆਈ ਕਿ 'ਦ੍ਰਿਸ਼ਟਮਾਨ' ਨਾਲ ਨੇਹੁੰ ਟੁੱਟਾ। ਦ੍ਰਿਸ਼ਟਮਾਨ ਦਾ ਨੇਹੁੰ ਟੁੱਟਾ ਕਿ ਆਪਾ ਆਪੇ ਵਿਚ ਤੇ ਅਨੰਤ ਦੀ ਗੋਦ ਵਿਚ ਛਾਲ ਮਾਰਨ ਨੂੰ ਤਯਾਰ ਯਾ ਛਾਲ ਵੱਜ ਹੀ ਗਈ।
ਹਾਂ ਜੀ, ਏਹੋ ਸਮਾਧੀ ਜੇ, ਜਿਸ ਦੇ ਮਗਰ ਜੋਗੀਆਂ ਦੇ ਜੁੱਗ ਗਲ ਗਏ ਤੇ ਤਪੀਆਂ ਹੱਠੀਆਂ ਦੇ ਕਲਪ ਲੰਘ ਗਏ। 'ਸੋਚ' ਨੇ ਗਯਾਨੀ, ਤ੍ਯਾਗੀ, ਵੈਰਾਗੀ, ਜਪੀ, ਤਪੀ ਕਈ ਰੂਪ ਧਾਰੇ, ਕਈ ਹੱਥ ਪੈਰ ਮਾਰੇ, ਪਰ ਇਸਨੂੰ ਆਪਣੇ ਆਪ ਵਿਚ, 'ਆਪੇ' ਨੂੰ 'ਆਪਾ' ਕਰਨੇ ਵਾਲੀ ਰੰਗਣ ਨਾ ਚੜ੍ਹੀ ਪਰ ਨਾ ਚੜ੍ਹੀ, ਇਹ ਤਾਂ 'ਰਸ' ਦੀ ਸ਼ੈ ਸੀ 'ਸੋਚ' ਦੀ ਸ਼ੈ ਨਹੀਂ ਸੀ, 'ਸੋਚ' ਰਸ ਨੂੰ ਤੋੜਕੇ ਗੋਣਤੀ ਵਿਚ ਪਾਉਂਦੀ ਹੈ, ਫੇਰ ਲੋੜਾਂ ਤੇ ਸਰੀਰਕ ਭੁੱਖਾਂ ਲਾਲਚ ਵਿਚ ਲੈ ਤੁਰਦੀਆਂ ਹਨ। ਫੇਰ ਲਾਲਚ ਵਿਚ ਪੈ ਗਿਆਂ ਲੈ ਲੈਣ ਦੀ ਬ੍ਰਿਤੀ ਵਿਚ ਲੋਭ ਦਾ ਸੁਆਦ ਆਉਂਦਾ ਹੈ। ਹੁਣ ਇਸ ਹਾਲਤ ਵਿਚ ਜੇ ਕਦੇ ਮਨ ਉਤੇ ਸੁੰਦਰਤਾ ਨੇ ਝਲਕਾ ਮਾਰਿਆ ਬੀ ਤਾਂ ਜਿਉਂ ਹੀ ਕਿ ਬਿਸਮੈ ਭਾਵ ਉਦੈ ਹੋਣ ਲੱਗਾ, ਝੱਟ ਸੋਚ ਨੇ ਅੰਦਰੋਂ ਕਿਹਾ: "ਜਿਸ ਵਿਚੋਂ ਇਹ ਸੁੰਦਰਤਾ ਪ੍ਰਗਟੀ ਹੈ, ਇਹ ਸੁਹਣਾ ਹੈ, ਇਸ ਨੂੰ ਫੜ ਲਓ, ਲੈ ਲਓ, ਆਪਣੇ ਕਾਬੂ ਵਿਚ ਕਰੋ", ਇਹ 'ਲੈ ਲੈਣ' ਦੀ ਤ੍ਰਿਸ਼ਨਾ ਬਿਸਮੈ ਭਾਵ ਵਿਚ ਜਾਣ ਵਾਲੀ ਬ੍ਰਿਤੀ ਨੂੰ ਮੋਟਿਆਂ ਕਰਦੀ ਹੈ। ਲੋਭ ਲਹਿਰ ਆਈ, ਸੋਚ ਮੋਟੀ ਹੋ ਗਈ, ਵਿਸਮੈ ਭਾਵ ਪੰਘਰਕੇ ਤਿਲਕਿਆ ਤੇ ਤਿਲਕਦਿਆਂ ਤਿਲਕਦਿਆਂ ਮਾਨੋਂ ਭਾਫ ਬਣਕੇ ਉੱਡ ਗਿਆ। ਐਉਂ ਜਗਤ-ਦਾਨਾ ਜਗਤ, ਸੋਚ ਵਾਲਾ ਜਗਤ-ਵਿਸਮਾਦ ਨਹੀਂ ਹੁੰਦਾ; ਵਿਸਮਾਦ ਨਹੀਂ ਰਹਿ ਜਾਂਦਾ, ਵਿਡਾਣਾ ਵੇਖਦਾ ਹੈ ਪਰ ਵਿਸਮਾਦ ਵਿਚ ਨਹੀਂ ਜਾਂਦਾ। ਸੋਚ ਇਸ ਵਿਚ ਨਹੀਂ ਜਾਣ ਦਿੰਦੀ, ਤ੍ਰਿਸ਼ਨਾਂ ਇਸ ਵਿਚ ਜਾਂਦੇ ਨੂੰ ਬਾਹੋਂ ਫੜ ਲੈਂਦੀ ਹੈ।