{੨. ਸੇਲ੍ਹੀਆਂ ਵਾਲਾ ਗੁਰੂ ਨਾਨਕ}
ਕਿਹੀ ਸੁਹਣੀ ਨਿੱਕੀ ਜਿਹੀ ਪਹਾੜੀ ਹੈ, ਪਹਾੜੀ ਹੈ, ਪੱਬੀ ਹੈ ਕਿ ਟਿੱਬੀ ਹੈ। ਮੀਂਹ ਪੈ ਹਟੇ ਹਨ ਹਰਾ ਹਰਾ ਘਾਹ ਮਖ਼ਮਲ ਵਾਂਙੂ ਚਮਕ ਰਿਹਾ ਹੈ, ਵਿਚ ਨਾਨਾ ਤਰ੍ਹਾਂ ਦੇ ਬੂਟੇ ਬੂਟੀਆਂ ਹਨ। ਉੱਪਰ ਅਕਾਸ਼ ਨੇ ਸਰਪੋਸ਼ ਉਠਾ ਰਖਿਆ ਹੈ, ਰਾਤ ਨੇ ਘਸਮੈਲੜਾ ਰੰਗ ਵਰਤਾ ਦਿਤਾ ਹੈ, ਪਰ ਇਸ ਵਿਚ ਲੱਖਾਂ ਤੇ ਕ੍ਰੋੜਾਂ ਨਿੱਕੇ ਫਾਨੂਸ ਅਤੇ ਇਕ ਵੱਡਾ ਝਾੜ ਲਟਕ ਰਿਹਾ ਹੈ ਤੇ ਚੁੱਪ ਸ਼ਾਂਤ ਦਾ ਠੰਢਕਦਾਰ ਰੰਗ ਫੈਲ ਰਿਹਾ ਹੈ। ਮਲਕੜੇ ਜਿਹੇ ਵਿਡਾਣ ਨੇ ਹੋਰ ਰੂਪ ਧਾਰਿਆ। ਚੰਦ ਤਾਰੇ ਫਿੱਕੇ ਪੈ ਗਏ, ਪੂਰੇ ਤੋਂ ਮਿੱਠਾ ਪ੍ਰਕਾਸ਼ ਆ ਗਿਆ, ਪੱਛੋਂ ਵਲੋਂ ਠੰਢੀ ਠੰਢੀ ਪੌਣ ਰੁਮਕ ਪਈ, ਇਸ ਆਪਣੇ ਨੇੜੇ ਤੇੜਿਆਂ ਨਾਲੋਂ ਸਭ ਤੋਂ ਉੱਚੀ ਥਾਂ ਤੋਂ ਅਚਰਜ ਦਰਸ਼ਨ ਹੁੰਦੇ ਹਨ, ਦੂਰ ਦੂਰ ਦੇ ਪਹਾੜਾਂ ਦੇ ਉੱਪਰ ਸੁਨਹਿਰੀ ਕਿੰਗਰੀ ਫਿਰ ਗਈ ਹੈ। ਔਹ ਤੱਕ ਕਿ ਪੂਰੇ ਤੋਂ ਹੁਣ ਨਿੱਘੇ ਪ੍ਰਕਾਸ਼ ਦਾ ਪ੍ਰਤਾਪੀ ਪਾਤਸ਼ਾਹ ਕਿਸ ਸ਼ਾਨ ਨਾਲ, ਕਿਸ ਸੁਹਾਉ ਨਾਲ ਦਮਕਾਂ ਮਾਰਦਾ ਆ ਨਿਕਲਿਆ ਹੈ ? ਸਾਰੀ ਕੁਦਰਤ ਏਸੇ ਦੇ ਦਰਸ਼ਨਾਂ ਦੇ ਚਾਉ ਵਿਚ ਸੁਹਣੀ ਹੋ ਰਹੀ ਸੀ, ਪੰਛੀ ਏਸੇ ਦਾ 'ਜੀ ਆਇਆਂ' ਦਾ ਗੀਤ ਗਾ ਰਹੇ ਸੀ।
ਇਸ ਵੇਲੇ ਇਸ ਚੜ੍ਹਦੀ ਸੁਹਾਉਣੀ ਕਿਰਨਾਂ ਵਾਲੀ ਨੂੰ ਦੇਖਣ ਵਾਲੇ ਪਸ਼ੂ ਪੰਛੀ ਹੀ ਨਹੀਂ ਪਰ ਇਕ ਚੰਗੀ ਉਮਰ ਦੇ ਮਨੁੱਖ ਬੀ ਹਨ, ਜਿਨ੍ਹਾਂ ਦੀ ਉਮਰਾ ਬਾਲਪਨ, ਜੁਆਨੀ ਦੋਏ ਅਵਸਥਾਂ ਤੱਕ ਚੁਕੀ ਹੈ। ਹੁਣ ਇਨ੍ਹਾਂ ਦਾ ਚਿਹਰਾ ਰਤਾ ਢਿੱਲਾ ਹੋ ਰਿਹਾ ਹੈ। ਰੂਪ ਰੰਗ ਕੁਝ ਕੁਝ ਮੱਧਮ ਪੈ ਰਹੇ ਹਨ, ਦੇਹ ਕੁਛ ਨਿਰਬਲ ਵੀ ਹੈ। ਭਰ ਜੁਆਨੀ ਵਿਚ ਜੋ ਸੁੰਦਰਤਾ ਚਿਹਰਿਓਂ ਰੰਗ ਰੂਪ, ਜੋਬਨ ਦੇ ਆਸਰੇ ਲਿਸ਼ਕਾਰੇ ਮਾਰਿਆ ਕਰਦੀ ਹੈ, ਹੈ, ਪਰ ਹੁਣ ਜ਼ੋਰਾਂ ਵਿਚ ਨਹੀਂ। ਹਾਂ, ਤੱਕੋ ਸੁੰਦਰਤਾ ਨਿਰੀ ਸਰੀਰ ਦੀ ਸ਼ੈ ਨਹੀਂ ਹੈ। ਇਹ ਤਾਂ ਆਤਮਾਂ ਦਾ ਰੰਗ ਹੈ, ਅਰਸ਼ਾਂ ਦੀ ਦੇਵੀ ਹੈ। ਏਸੇ ਦੇ ਸਰੀਰ ਵੱਲ ਤੱਕੋ ਜੁਆਨੀ ਢੱਲ ਗਈ, ਪਰ ਫੇਰ ਬੀ ਸੁੰਦਰ ਹੈ, ਅਰ ਇਹ ਜਦ ਤੁਸਾਂ ਵਲ ਆਪਣੀਆਂ ਅੱਖਾਂ ਨਾਲ ਭਰਕੇ ਤੱਕਦਾ ਹੈ ਤਾਂ ਸੁੰਦਰਤਾ ਅੱਖਾਂ ਵਿਚੋਂ ਲਿਸ਼ਕਾਰਾ ਮਾਰਦੀ ਹੈ, ਤੇ