ਚਿਹਰਾ ਬੀ ਸੁਹਣਾ ਲੱਗਦਾ ਹੈ। ਕਿਉਂ ਨਾ ਲੱਗੇ?
ਇਸ ਨੇ ਆਪਣੀ ਰੂਹ ਨੂੰ ਮੈਲੀਆਂ ਲੀਰਾਂ ਵਿਚ ਨਹੀਂ ਲਪੇਟਿਆ,
ਸਾਰੀ ਉਮਰ ਇਸੇ ਉਜਾੜ ਪਹਾੜੀ ਤੇ ਬੈਠਾ ਰਿਹਾ ਹੈ,
ਕਠਨ ਤਪ ਕਰਦਾ ਤੇ ਮਨ ਨੂੰ ਮਾੜੇ ਕੰਮਾਂ ਅਤੇ ਮੰਦ ਵਾਸ਼ਨਾ ਤੋਂ ਰੋਕਦਾ ਰਿਹਾ ਹੈ। ਇਸੇ ਚਾਹ ਨਾਲ ਇਹ ਸੁਹਣਾ ਜਗਤ ਨਾਲ ਨਾਤਾ ਤੋੜ ਏਥੇ ਆ ਰਿਹਾ ਸੀ ਕਿ ਅਟੰਕ ਹੋਕੇ ਤਪ ਕਰਾਂ,
ਜੱਫਰ ਜਾਲਾਂ ਜੋ ਘਾਲ ਤੇ ਰੀਝ ਕੇ ਸਾਂਈਂ ਮਿਲੇ। ਪੇਟ ਦੇ ਪੂਰਾ ਕਰਨ ਲਈ ਬੱਕਰੀਆਂ ਰੱਖ ਛੱਡੀਆਂ ਸਨ,
ਜੋ ਸਾਰਾ ਦਿਨ ਖਾ ਪੀ ਚਰ ਚੁਗ ਕੇ ਸੁਹਣੇ ਪੁਰਖ ਨੂੰ ਦੋਏ ਵੇਲੇ ਦੁੱਧ ਦੇ ਦੇਂਦੀਆਂ ਸਨ। ਏਹੋ ਸਾਈਂ ਲੋਕ ਦੀ ਰੋਟੀ ਸੀ ਤੇ ਕਈ ਵੇਰ ਏਹੋ ਪਾਣੀ ਸੀ। ਜਿਸ ਨੇ ਉਮਰ ਤਪਾਂ ਹਠਾਂ ਵਿਚ ਕੱਟੀ ਹੋਵੇ,
ਜਿਸ ਨੂੰ ਪਿਆਰੇ ਦੇ ਦਰਸ਼ਨਾਂ ਦੀ ਉਡੀਕ ਰਹੀ ਹੋਵੇ,
ਓਸ ਦੇ ਢਲ ਰਹੇ ਸਰੀਰ ਵਿਚੋਂ ਸੁੰਦਰਤਾ ਕਿਵੇਂ ਨੱਠ ਜਾਵੇ ?
ਅੱਜ ਆਪ ਉਦਾਸ ਹਨ, ਸੂਰਜ ਦੇ ਚੜ੍ਹਦੇ ਲਿਸ਼ਕਾਰੇ ਨੇ ਉਦਾਸੀ ਘਟਾਈ ਹੈ ਪਰ ਤਕੋ ਅਜੇ ਬੀ ਕਿਸੇ ਕਿਸੇ ਵੇਲੇ ਨੈਣਾਂ ਵਿਚੋਂ ਛਮਾਛਮ ਪਾਣੀ ਵਗ ਪੈਂਦਾ ਹੈ ਤੇ ਲੰਮਾ ਜਿਹਾ ਸਾਹ ਲੈ ਕੇ ਆਖਦੇ ਹਨ, "ਮੌਲਾ ਤੇਰੀ ਰਜ਼ਾ! ਤੇਰੀ ਰਜ਼ਾ" ਫੇਰ ਸੂਰਜ ਵਲ ਪਿੱਠ ਕਰਕੇ ਬੈਠ ਗਏ, ਕਿਉਂ ਜੋ ਸੂਰਜ ਹੁਣ ਤਿੱਖਾ ਹੋ ਗਿਆ ਹੈ ਤੇ ਅਖਾਂ ਤੇਜ ਨੂੰ ਝੱਲ ਨਹੀਂ ਸਕਦੀਆਂ। ਪਿੱਠ ਨਿੱਘੀ ਹੋ ਗਈ ਤੇ ਅੱਖਾਂ ਨੂੰ ਨੀਂਦ ਆ ਗਈ, ਆਪ ਹੁਰੀਂ ਬੈਠੇ ਬੈਠੇ ਸੌਂ ਗਏ।
ਇਸ ਪਹਾੜੀ ਤੇ ਕਦੇ ਕਦੇ ਇਕ ਮੁਟਿਆਰ ਪਹਾੜਨ ਬਕਰੀਆਂ ਚਾਰਨ ਆਇਆ ਕਰਦੀ ਸੀ; ਅਰ ਬਾਬੇ ਨੂੰ ਕਦੇ ਨੇੜਿਓਂ ਕਦੇ ਦੂਰੋਂ ਮੱਥਾ ਟੇਕ ਜਾਇਆ ਕਰਦੀ ਸੀ। ਅੱਜ ਸਵੇਰੇ ਹੀ ਉਹ ਕੁੜੀ ਆ ਨਿਕਲੀ ਤੇ ਗਾਉਣ ਲੱਗ ਪਈ:-
ਨਹੀਂ ਬੋ ਭਰੋਸੋ ਏਸ ਜੀਣੇ ਦਾ,
ਨਹੀਂ ਬੋ ਭਰੋਸੇ ਏਸ ਜੀਣੇ ਦਾ,
ਦਮ ਆਵੇ ਨਾ ਆਵੇ।