ਇਸ ਵਿਚ ਚੰਦੋਏ ਹੇਠਾਂ ਭਾਈ ਗੁਰਦਾਸ ਤਕੀਏ ਨਾਲ ਢਾਸਣਾ ਲਾਈ ਪਦਮ ਆਸਨ ਵਿਚ ਬੈਠੇ ਹਨ। ਉਨ੍ਹਾਂ ਦੀ ਉਮਰ ਬਿਰਧ, ਸਰੀਰ ਪਤਲਾ ਅਤੇ ਸਾਧਿਆ ਹੋਇਆ ਹੈ। ਭੇਖ ਯੋਗੀਆਂ ਵਾਲਾ ਹੈ, ਸੱਜੇ ਹੱਥ ਵਿਚ ਮਾਲਾ, ਖੱਬਾ ਹੱਥ ਗੋਡੇ 'ਤੇ, ਖੱਬੇ ਮੋਢੇ ਤੋਂ ਸੱਜੀ ਵੱਖੀ ਵਲੋਂ ਪਾਈ ਸੇਲੀ ਸਹਿਤ ਬਿਰਾਜਮਾਨ ਭਾਈ ਸਾਹਿਬ ਦੇ ਸ਼ੀਸ਼ ਦੁਆਲੇ ਪ੍ਰਭਾ ਮੰਡਲ ਵੀ ਹੈ ਜੋ ਇਹ ਜ਼ਾਹਿਰ ਕਰਦਾ ਹੈ ਕਿ ਕਿਸੇ ਸ਼ਰਧਾਲੂ ਨੇ ਇਹ ਚਿੱਤਰ ਬਣਾਇਆ ਹੈ। ਇਸ ਨੂੰ ਵਾਸਤਵਿਕ ਕਹਿਣੋਂ ਸੰਕੋਚ ਕਰਨਾ ਪੈਂਦਾ ਹੈ। ਯੋਗੀਆਂ ਵਾਲਾ ਭੇਖ ਹੀ ਇਸ ਨੂੰ ਫ਼ਰਜ਼ੀ ਸਿੱਧ ਕਰ ਦਿੰਦਾ ਹੈ। ਸਾਰੰਸ਼ ਇਹ ਹੈ ਕਿ ਭਾਈ ਗੁਰਦਾਸ ਉਪਰੋਕਤ ਪੁਰਾਤਨ ਪਰ ਅਨੁਮਾਨਿਕ ਚਿੱਤਰ ਦੇ ਆਧਾਰ 'ਤੇ ਪਤਲੇ, ਪਰ ਸਾਧੇ ਹੋਏ ਸਰੀਰ ਵਾਲੇ ਇੱਕ ਸਰਲ ਅਤੇ ਸਾਦੇ ਸਾਧਕ ਪ੍ਰਤੀਤ ਹੁੰਦੇ ਹਨ। (ਭਾਈ ਗੁਰਦਾਸ-ਜੀਵਨੀ ਤੇ ਰਚਨਾ, ਪੰਨਾ 31) ਆਧੁਨਿਕ ਸਮੇਂ ਦੇ ਇੱਕ ਵਿਦਵਾਨ ਅਤੇ ਪੰਜਾਵੀ ਕਵੀ/ਲੇਖਕ ਹਰਿੰਦਰ ਸਿੰਘ ਰੂਪ ਉਨ੍ਹਾਂ ਦਾ ਰੇਖਾ ਚਿੱਤਰ ਇਸ ਤਰ੍ਹਾਂ ਖਿੱਚਦਾ ਹੈ-
ਚਿੱਟਾ ਬਾਣਾ ਨੂਰਾਂ ਧੋਤਾ ਹਸਵਾਂ ਰਸਵਾਂ ਚਿਹਰਾ।
ਅਸਰ ਪਾਉਨੀ ਖੁੱਬੇ ਚੜਿਆ ਚਿੱਟਾ ਦਾੜਾ ਉਹਦਾ।
ਪੱਗ ਪੁਰਾਣੇ ਸਿੱਖੀ ਢੰਗ ਦੀ ਅੱਧਾ ਚੰਦ ਸਿਰ ਧਰਿਆ।
ਨੈਣਾਂ ਦੇ ਵਿਚ ਸੋਹਣਾ ਵਸਿਆ ਤੇ ਮੇਰਾ ਦਿਲ ਠਰਿਆ।
ਉਹਦੇ ਚਾਰੇ ਪਾਸੇ ਹੈਸਨ ਕਾਗਜ਼ ਥਹੀਆ ਕਿੰਨੀਆਂ।
ਰਾਜੇ ਇੰਦਰ ਦੀ ਸਭਾ ਵਿਚ ਪਰੀਆਂ ਹੋਵਨ ਜਿੰਨੀਆਂ।
ਕਾਗਜ਼ 'ਤੇ ਕਾਨੀ ਚਲਦੀ ਸੀ ਜਿਵੇਂ ਅਪੱਛਰਾਂ ਨਚਦੀ।
ਜਾਂ ਸੁਹਣ ਤਕ ਜੋਬਨ ਮੱਤੀ ਗਿੱਧੇ ਵਿਚੋਂ ਮਚਦੀ।
ਰਚਨਾ ਬਿਉਰਾ :
ਭਾਈ ਗੁਰਦਾਸ ਬਿਬੇਕ ਬੁੱਧੀ ਦੇ ਸੁਆਮੀ, ਮਹਾਨ ਵਿਦਵਾਨ, ਤੀਖਣ ਸੋਚ, ਬ੍ਰਹਮ ਗਿਆਨੀ, ਗੁਰਮਤਿ ਦੇ ਆਦਰਸ਼ਾਂ ਦੇ ਗਿਆਤਾ, ਪ੍ਰਚਾਰਕ ਅਤੇ ਆਦਰਸ਼ ਸਿੱਖ ਸਨ। ਗੁਰਮਤਿ ਮਰਿਆਦਾ ਨੂੰ ਸਮਝਾਉਣ ਹਿੱਤ ਉਨ੍ਹਾਂ ਨੇ ਵਿਭਿੰਨ ਪ੍ਰਕਾਰ ਦੀਆਂ ਸਾਹਿੱਤਕ ਰਚਨਾਵਾਂ ਦੀ ਸਿਰਜਣਾ ਕੀਤੀ। ਹੁਣ ਤਕ ਦੀ ਖੋਜ ਮੁਤਾਬਕ ਸਾਨੂੰ ਉਨ੍ਹਾਂ ਦੀ ਤਿੰਨ ਪ੍ਰਕਾਰ ਦੀ ਰਚਨਾ ਦੇ ਦਰਸ਼ਨ ਹੁੰਦੇ ਹਨ, 1. ਸ਼ਲੋਕ (ਸੰਸਕ੍ਰਿਤ ਭਾਸ਼ਾ ਵਿਚ), ਕਬਿੱਤ ਸਵੱਯੇ (ਬ੍ਰਜ ਭਾਸ਼ਾ ਵਿਚ) ਅਤੇ ਵਾਰਾਂ (ਪੰਜਾਬੀ ਭਾਸ਼ਾ ਵਿਚ) ਇਸ ਤੋਂ ਇਲਾਵਾ ਕੁਝ ਵਿਦਵਾਨ ਉਨ੍ਹਾਂ ਵਲੋਂ ਸ਼ਬਦ (ਪਦ) ਲਿਖੇ ਜਾਣ ਦਾ ਅਨੁਮਾਨ ਵੀ ਲਾਉਂਦੇ ਹਨ ਪਰ ਇਹ ਧਾਰਨਾ ਤੱਥ ਆਧਾਰਤ ਨਹੀਂ ਸਗੋਂ ਪਰੋਪਰਾ ਆਧਾਰਤ ਹੈ ਕਿ ਗੁਰੂ ਸਾਹਿਬਾਨ ਦੇ ਚਰਨਾਂ ਵਿਚ ਜਿਸ ਗੁਰਸਿੱਖ ਕਵੀ ਨੂੰ ਰਹਿਣ ਦਾ ਅਵਸਰ ਮਿਲਿਆ ਹੋਵੇ, ਉਸ ਨੇ ਜ਼ਰੂਰ ਇਸ ਕਾਵਿ-ਰੂਪ (ਸ਼ਬਦ) ਦੀ ਰਚਨਾ ਕੀਤੀ ਹੋਵੇਗੀ ਪਰ ਅਜੇ ਤਕ ਭਾਈ ਸਾਹਿਬ ਦਾ ਕੋਈ ਵੀ ਸ਼ਬਦ ਨਜ਼ਰੀਂ ਨਹੀਂ ਪਿਆ। ਇਸ ਤੋਂ ਇਲਾਵਾ ਉਨ੍ਹਾਂ ਦੇ ਕੁਝ ਦੋਹੜੇ ਲਿਖੇ ਜਾਣ ਦਾ ਵੀ ਪਤਾ ਚਲਦਾ ਹੈ।