

ਨਾਲ ਹੱਥ ਮਿਲਾਇਆ ਤੇ ਰਸਮੀ ਖੈਰ ਖ਼ਰੀਅਤ ਪੁੱਛੀ। ਮੈਂ ਸਿੰਧੀ ਵਿੱਚ ਪੁੱਛਿਆ, ਤੁਸਾਂ ਮੈਨੂੰ ਕਾਹਦੇ ਲਈ ਬੁਲਾਇਆ ਏ । ਤੁਸਾਂ ਪਾਣੀ ਭਰੋ ਤੇ ਜਾਓ। ਮੇਰੇ ਪੁੱਛਣ ਉੱਤੇ ਜਿਹੜੀ ਕਵਾਰੀ ਜਾਪਦੀ ਸੀ, ਬੋਲੀ, ਇਹ ਮੇਰੀ ਭਰਜਾਈ ਏ ਸਕੀਨਾ। ਸਕੀਨਾ ਮੁਸਕਰਾਵਣ ਲੱਗ ਪਈ ਤੇ ਹੱਸਦੀ ਹੱਸਦੀ ਥੋੜ੍ਹੀ ਜੇਹੀ ਪਰ੍ਹਾਂ ਹੋ ਗਈ। ਉਹਦਾ ਹਾਸਾ ਉਹਦੇ ਕੋਲੋਂ ਠੱਲ੍ਹਿਆ ਨਹੀਂ ਸੀ ਜਾ ਰਿਹਾ। ਕੁੱਝ ਕੁੱਝ ਸ਼ਰਮਾਂਵਦੀ ਵੀ ਸੀ।
"ਹਾਂ, ਕੀ ਏ ਤੇਰੀ ਭਰਜਾਈ ਨੂੰ, ਹੱਸਦੀ ਬੜਾ ਏ।" ਮੈਂ ਵੀ ਹੱਸ ਪਿਆ ਸਾਂ। "ਨਵਾਂ ਵਿਆਹ ਹੋਇਆ ਏ ਸੋ ਏਸੇ ਲਈ ਇਹਨੂੰ ਚਾਅ ਚੜ੍ਹੇ ਹੋਏ ਨੇ । ਘਰ ਬਾਹਰ ਇਹਦਾ ਹਾਸਾ ਨਹੀਂ ਰੁਕਦਾ।"
"ਮੈਨੂੰ ਕਾਹਦੇ ਲਈ ਬੁਲਾਇਆ ਏ ਤੁਸਾਂ, ਮੇਹਰੋ ਤੇ ਸਕੀਨਾ ਕੁੜੀਓ ? ਤੁਸੀਂ ਦੋਵੇਂ ਈ ਸੁੰਦਰ ਓ।"
ਮੇਹਰੋ ਆਖਿਆ, "ਮੇਰੀ ਭਰਜਾਈ ਆਖਦੀ ਏ..."
"ਕੀ ਆਖਦੀ ਏ ਤੇਰੀ ਭਰਜਾਈ ?" ਮੈਂ ਕਾਹਲੀ ਨਾਲ ਪੁੱਛਿਆ
"ਤੂੰ ਪੰਜਾਬੀ ਨਹੀਂ ਜਾਪਦਾ।"
"ਕਿਉਂ ? ਮੈਂ ਪੰਜਾਬੀ ਕਿਉਂ ਨਹੀਂ ?"
"ਉਹਦੇ ਖਿਆਲ ਵਿੱਚ ਪੰਜਾਬੀ ਸ਼ਰਾਰਤੀ ਤੇ ਬਦਤਮੀਜ਼ ਹੁੰਦੇ ਨੇ।"
"ਪਰ ਮੈਂ ਤੇ ਕੋਈ ਸ਼ਰਾਰਤ ਨਹੀਂ ਕੀਤੀ।"
"ਏਸੇ ਲਈ ਤਾਂ ਉਹ ਆਖਦੀ ਏ ਤੇਰੇ ਚਾਲੇ ਪੰਜਾਬੀਆਂ ਵਾਲੇ ਨਹੀਂ।" ਉਹਦੀ ਗੱਲ ਸੁਣਕੇ ਮੈਂ ਗਹਿਰੀ ਸੋਚ ਵਿੱਚ ਪੈ ਗਿਆ ਕਿ ਪੰਜਾਬੀ ਏਨੇ ਈ ਬਦਤਮੀਜ਼ ਤੇ ਸ਼ਰਾਰਤੀ ਨੇ ਕਿ...ਆਂਵਦਿਆਂ ਈ ਅਸਾਡੀ ਭੈੜੀ ਪਛਾਣ ਹੋ ਗਈ ਏ।
ਮੈਨੂੰ ਚੁੱਪ ਵੇਖ ਕੇ ਸਕੀਨਾ ਬੋਲੀ, "ਮੇਰੇ ਮਾਪੇ ਗੋਠ ਪੰਨੂ ਵਿੱਚ ਰਹਿੰਦੇ ਨੇ। ਉੱਥੇ ਇੱਕ ਪੰਜਾਬੀ ਗੋਠ ਆਬਾਦ ਹੋਈ ਏ। ਉੱਥੇ ਅਸੀਂ ਕੁੜੀਆਂ ਛੋਹਟੇ ਤੋਂ ਪਾਣੀ ਭਰਨ ਜਾਂਦੀਆਂ ਸਾਂ । ਪੰਜਾਬੀ ਮੁੰਡੇ ਵੀ ਆ ਜਾਂਦੇ ਸਨ। ਆਪਣੇ ਰਵਾਜ ਮੁਤਾਬਕ ਅਸੀਂ ਕੁੜੀਆਂ ਮੁੰਡਿਆਂ ਨਾਲ ਹੱਥ ਮਿਲਾਵੰਦੀਆਂ ਸਾਂ ਤੇ ਪੰਜਾਬੀ ਮੁੰਡੇ ਅਸਾਨੂੰ ਜੱਫੀ ਪਾ ਕੇ ਆਖਦੇ ਸਨ "ਇਹ ਅਸਾਡਾ ਰਵਾਜ ਏ।" ਸੱਚੀਂ ਬਹੁਤ ਤੰਗ ਕਰਦੇ ਨੇ ਪੰਜਾਬੀ ਬਦਤਮੀਜ਼ ਲੋਕ । ਏਸੇ ਲਈ ਮੈਂ ਆਪਣੀ ਨਨਾਣ ਨੂੰ ਆਖਦੀ ਸਾਂ ਕਿ ਪੰਜਾਬੀ ਲੋਕ ਔਰਤਾਂ ਦਾ ਇਹਤਰਾਮ ਨਹੀਂ ਕਰਦੇ । ਤੂੰ ਜਦ ਸਾਡੇ ਇਹਤਰਾਮ ਲਈ ਛੋਹਟਾ ਈ ਛੱਡ ਦਿੱਤਾ ਤਾਂ ਮੈਂ ਸਮਝਿਆ ਇਹ ਕੋਈ ਪੰਜਾਬੀ ਨਹੀਂ ਹੋ ਸਕਦਾ। ਪਰ ਮੇਹਰੋ ਆਖਦੀ ਸੀ ਕਿ ਤੂੰ ਪੰਜਾਬੀ ਏਂ।
"ਇਹ ਕਿਉਂ ਆਖਦੀ ਸੀ ? ਏਸ ਮੇਰੇ ਵਿੱਚ ਕਿਹੜਾ ਭੈੜ ਵੇਖਿਆ ਏ।”
"ਨਹੀਂ, ਭੈੜ ਨਹੀਂ ਵੇਖਿਆ?" ਮੇਹਰੋ ਬੋਲੀ। "ਮੈਂ ਤੈਨੂੰ ਵੇਖਿਆ ਸੀ, ਤੁਹਾਡੀ ਗੋਠ ਦੇ ਲੋਕਾਂ ਨੇ ਦੂਜੇ ਪੰਜਾਬੀਆਂ ਵਾਂਗ ਸਿੰਧੀਆਂ ਨਾਲ ਲੜਾਈ ਨਹੀਂ ਸੀ ਕੀਤੀ।"
"ਉਹ ਕਿੱਥੇ ਤੂੰ ਮੈਨੂੰ ਵੇਖਦੀ ਰਹੀ ਏਂ। ਤੈਨੂੰ ਤਾਂ ਬਹੁਤ ਖ਼ਬਰਾਂ ਨੇ ।"
"ਦੋ ਵਾਰ ਵੇਖਿਆ ਏ ਤੈਨੂੰ ਮੈਂ। ਇੱਕ ਵਾਰ ਖੌਰੇ ਆਪਣੇ ਪਿਉ ਨਾਲ ਅਸਾਡੀ