

ਪੰਜਾਬੀਆਂ ਇੱਕਦਮ ਦਿਲ ਛੱਡ ਦਿੱਤਾ ਤੇ ਕੁੱਝ ਕੁੱਝ ਲੋਕ ਖਿਸਕਣ ਲੱਗ ਪਏ। ਸਾਰਾ ਕੁੱਝ ਉੱਥੇ ਈ ਛੱਡ ਕੇ ਛੜੀਆਂ ਬਾਹਵਾਂ ਲੈ ਕੇ ਪਰਤ ਆਂਵਦੇ। ਕੁੱਲੀ ਵਿੱਚ ਦੀਵਾ ਬਲਦਾ ਈ ਰਹਿ ਜਾਂਦਾ, ਕੁੱਲੀ ਵਾਲ਼ੇ ਗਾਇਬ ਹੋ ਜਾਂਦੇ। ਗੋਠ ਦਾ ਨੰਬਰਦਾਰ ਭਾਲ ਕਰਦਾ ਈ ਰਹਿ ਜਾਂਦਾ।
ਨੰਬਰਦਾਰ ਡਰਿਆ ਹੋਇਆ ਤੇ ਰਾਹਕ ਦੀ ਖ਼ਬਰ ਰਾਜੇ ਨੂੰ ਨਾ ਕਰਦਾ ਕਿਉਂਜੁ ਗੋਠ ਦੀ ਜ਼ਿਮੇਵਾਰੀ ਨੰਬਰਦਾਰ ਉੱਤੇ ਈ ਹੁੰਦੀ ਸੀ । ਹਰ ਗੋਠ ਵਿੱਚੋਂ ਲੋਕ ਨੱਸ ਨੱਸ ਕੇ ਜਾ ਰਹੇ ਸਨ। ਗੋਠਾਂ ਦੇ ਨੰਬਰਦਾਰ ਪਰੇਸ਼ਾਨ ਸਨ ਕਿ ਉਹਨਾਂ ਦਾ ਕਰਜ਼ਾ ਕੌਣ ਵਾਪਸ ਕਰੇਗਾ।
ਢੋ ਐਸਾ ਲੱਗਾ ਕਿ ਰਾਜਾ ਕਿਸੇ ਕੰਮ ਯਾ ਸੈਲ-ਸਪਾਟੇ ਲਈ ਲੰਡਨ ਚਲਾ ਗਿਆ । ਪੰਜਾਬੀ ਰਾਹਕਾਂ ਚੁੱਕੀਆਂ ਭਾਜੜਾਂ ਤੇ ਉੱਠ ਤੁਰੇ। ਰਾਜੇ ਦੇ ਮੁਨਸ਼ੀਆਂ ਰਾਜੇ ਨੂੰ ਤਾਰਾਂ ਖੜਕਾ ਦਿੱਤੀਆਂ । ਰਾਹਕਾਂ ਦੇ ਲਿਹਾਜ਼ ਖ਼ਾਤਰ ਰਾਜਾ ਇੱਕ ਦਿਨ ਪਿੱਛੋਂ ਲੱਥੀ ਭੱਜੀ ਆਇਆ ਤੇ ਸਹੀ, ਪਰ ਓਨੀ ਦੇਰ ਵਿੱਚ ਰਾਹਕ ਕਾਵਾਂ ਵਾਂਗਰ ਪੂਰੇ ਪੰਜਾਬ ਵਿੱਚ ਖਿੱਲਰ ਗਏ ਸਨ। ਪਰ ਉਹਨਾਂ ਦਾ ਮਾਲ ਡੰਗਰ ਰੇਲਵੇ ਦੀ ਗੱਡੀ ਵਿੱਚ ਈ ਅਜੇ ਆ ਰਿਹਾ ਸੀ। ਮਾਲ ਡੰਗਰ ਉੱਤੇ ਰਾਜੇ ਪੁਲਸ ਰਾਹੀਂ ਕਬਜ਼ਾ ਕਰ ਲਿਆ । ਮਾਲ ਡੰਗਰ ਦੀ ਰਾਖੀ ਵਾਲ਼ੇ ਕੁੱਝ ਰਾਹਕ ਰਾਜੇ ਦੇ ਕਾਬੂ ਵਿੱਚ ਆ ਗਏ।
ਪਰ ਏਨੇ ਮਾਲ ਡੰਗਰ ਨੂੰ ਰਾਜਾ ਤੇ ਪੁਲਸ ਸੰਭਾਲੇ ਕਿੱਥੇ। ਫੇਰ ਮਾਲ ਵਾਲ਼ੇ ਈ ਮਾਲ ਸੰਭਾਲ ਸਕਦੇ ਸਨ, ਪੂਰਾ ਵੱਗ ਦਾ ਵੱਗ ਸੰਭਾਲਿਆ ਨਹੀਂ ਸੀ ਜਾ ਰਿਹਾ। ਪੁਲਸ ਦੇ ਚਾਰ ਪੰਜ ਸਿਪਾਹੀ ਮਾਲ ਦੀ ਰਾਖੀ ਵਾਸਤੇ ਮੁਕੱਰਰ ਹੋਏ।
ਲਹੌਰ ਦੇ ਨੇੜੇ ਟੇਸ਼ਨ ਦੇ ਲਾਗੇ ਇੱਕ ਪਿੰਡ ਦੇ ਬਾਹਰ ਮਾਲ ਡੰਗਰ ਡੱਕ ਦਿੱਤਾ। ਨਾਲ ਈ ਉਹਨਾਂ ਰਾਹਕਾਂ ਨੂੰ ਜਿਹੜੇ ਆਪਣੇ ਆਪਣੇ ਪਸ਼ੂਆਂ ਦੇ ਨਾਲ ਸਨ। ਖੌਰੇ ਅਦਾਲਤ ਵਿੱਚ ਕੇਸ ਕਰ ਦਿੱਤਾ ਸੀ ਰਾਜੇ। ਅਸਾਂ ਦਿਨ ਨੂੰ ਜੂਹ ਵਿੱਚ ਮਾਲ ਡੰਗਰ ਚਰਾਵੰਦੇ, ਰਾਤ ਨੂੰ ਮਿਥੀ ਹੋਈ ਥਾਵੇਂ ਲਿਆ ਬੰਨ੍ਹਦੇ। ਬਾਹਰ ਜੂਹ ਵਿੱਚ ਪੁਲਸ ਵੀ ਅਸਾਡੇ ਨਾਲ ਜਾਂਦੀ। ਦੋ ਤਿੰਨ ਦਿਨ ਤਾਂ ਪੁਲਸ ਵਾਲ਼ੇ ਆਪਣੀ ਆਕੜ ਵਿਖਾਂਵਦੇ ਰਹੇ ਪਰ ਜਦ ਅਸਾਡੇ ਨਾਲ ਧੁੱਪ ਵਿੱਚ ਭੁੱਖੇ ਭਾਣੇ ਮਾਲ ਦੇ ਮਗਰ ਮਗਰ ਫਿਰਨਾ ਪਿਆ ਤਾਂ ਢਿੱਗੀ ਢਾਹ ਬੈਠੇ। ਫੇਰ ਉਹਨਾਂ ਇਹ ਹੱਲ ਕੱਢਿਆ ਕਿ ਅਸਾਡੇ ਵਿੱਚੋਂ ਦੋ ਬੰਦੇ ਆਪਣੇ ਕੋਲ ਪਿੰਡ ਵਿੱਚ ਈ ਜ਼ਮਾਨਤੀ ਰੱਖ ਲੈਂਦੇ ਤੇ ਬਾਕੀ ਮਾਲ ਡੰਗਰ ਚਰਾਵਣ ਚਲੇ ਜਾਂਦੇ । ਅਦਾਲਤ ਵਿੱਚ ਰਾਜੇ ਨੂੰ ਤੇ ਉਹਦੇ ਵਕੀਲਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਕੀ ਕੀਤਾ ਜਾਵੇ।
80 ਕੁਨਬੇ ਯਾ ਖਾਨਦਾਨ ਦੁਨੀਆਂ ਦੇ ਕਿਹੜੇ ਕਾਨੂੰਨ ਨਾਲ ਕਾਬੂ ਕੀਤੇ ਜਾ ਸਕਦੇ ਸਨ । ਰਾਜੇ ਦਾ ਪੁਲਸ ਵਿੱਚ ਅਸਰ ਤੇ ਬਹੁਤ ਸੀ, ਉਸ ਅਸਾਡਾ ਮਾਲ ਡੰਗਰ ਭਾਵੇਂ ਕਾਬੂ ਕੀਤਾ ਹੋਇਆ ਸੀ । ਪਰ ਕੋਈ ਚੱਜ ਨਾਲ ਉਹਦਾ ਮੁਕੱਦਮਾ ਨਹੀਂ ਸੀ ਬਣ ਰਿਹਾ। ਪਰ ਅਸਾਂ ਤੇ ਪੁਲਸ ਦੀ ਨਿਗਰਾਨੀ ਵਿੱਚ ਅੱਕੇ ਹੋਏ ਸਾਂ । ਪੰਜਾਬ ਵਿੱਚ ਆ ਕੇ ਵੀ ਅਸਾਂ ਪੰਜਾਬ ਤੋਂ ਦੂਰ ਸਾਂ। ਇੱਕ ਦਿਨ ਅਸਾਂ ਛੇੜੂਆਂ ਸਲਾਹ ਕੀਤੀ ਕਿ ਰਾਜੇ ਦੇ ਕਰਜ਼ੇ ਨਾਲੋਂ ਅਸਾਡਾ ਬੀਮਾਰ ਮਾਲ ਡੰਗਰ ਬਹੁਤਾ ਤੇ ਨਹੀਂ। ਅਸਾਂ ਮਾਲ ਡੰਗਰ ਉੱਥੇ ਈ ਛੱਡਿਆ ਤੇ ਨੱਸ ਆਏ।