

ਭਾਬੀ ਜਮੀਲਾ ਝੂਠੀ ਮੂਠੀ ਦੇ ਗੁੱਸੇ ਨਾਲ ਮੈਨੂੰ ਧੱਫਾ ਮਾਰਨ ਲਈ ਹੱਥ ਚੁੱਕਦੀ ਹੋਈ ਆਖਦੀ, “ਚੱਲ ਬਦਮਾਸ਼ !" ਮੈਂ ਉਹਦੇ ਗੋਰੇ ਤੇ ਗੋਲ ਹੱਥ ਨੂੰ ਫੜ ਲੈਂਦਾ ਤੇ ਹਸਦਾ ਹੋਇਆ ਆਖਦਾ, "ਭਾਬੀ। ਇਹ ਗੋਲ ਤੇ ਗੋਰੀਆਂ ਬਾਹਵਾਂ ਮਾਰਨ ਵਾਸਤੇ ਨਹੀਂ ਹੁੰਦੀਆਂ।" ਉਹ ਦੰਦ ਪੀਸ ਕੇ ਮੇਰੇ ਵਾਲਾਂ ਨੂੰ ਰੁੱਗ ਪਾ ਲੈਂਦੀ ਤੇ ਆਖਦੀ, "ਦੱਸ ਹੁਣ ਕਿੱਥੇ ਫੰਡ ਖਾਣੀ ਆ?"
ਮੈਂ ਹਉਂਕਾ ਭਰ ਕੇ ਆਖਦਾ, "ਦਿਲ ਉੱਤੇ ਤੇ ਅੱਗੇ ਈ ਬਹੁਤ ਸੱਟਾਂ ਵੱਜੀਆਂ ਹੋਈਆਂ ਨੇ । ਹੋਰ ਕੋਈ ਥਾਂ ਏਸ ਲਾਇਕ ਨਹੀਂ ਕਿ ਤੇਰੇ ਸੋਹਣੇ ਹੱਥਾਂ ਨਾਲ ਮੇਲ ਖਾਵੇ, ਪਰ ਭਾਬੀ ਤੇਰੀਆਂ ਮੋਟੀਆਂ ਮੋਟੀਆਂ ਅੱਖਾਂ ਬਹੁਤ ਖੂਬਸੂਰਤ ਨੇ। ਸੱਚੀਂ ਬਹੁਤ ਸੋਹਣੀਆਂ ਲੱਗਦੀਆਂ ਨੇ।"
ਮੇਰੀਆਂ ਗੱਲਾਂ ਸੁਣ ਕੇ ਉਹ ਹੱਸਦੀ ਹੋਈ ਮੇਰੇ ਵਾਲਾਂ ਨੂੰ ਭਰਿਆ ਰੁੱਗ ਛੱਡ ਕੇ ਮੇਰੀ ਗੱਲ੍ਹ ਉੱਤੇ ਚੂੰਡੀ ਵੱਢ ਕੇ ਆਖਦੀ, "ਏਸੇ ਲਈ ਤੇ ਗੋਗੀ ਆਖਨੀ ਆਂ ਕਿ ਇਹਨਾਂ ਸੋਹਣੀਆਂ ਅੱਖਾਂ ਸਾਹਮਣੇ ਖੁਸ਼ ਖੁਸ਼ ਤੇ ਹਸਮੁਖ ਦੇਵਰ ਹੋਣਾ ਚਾਹੀਂਦਾ ਏ, ਦੁਖੀਆ ਤੇ ਉਦਾਸ ਨਹੀਂ ।" ਜਵਾਬ ਲਈ ਉਹ ਮੇਰੇ ਵੱਲ ਵੇਖਦੀ ਪਰ ਕੀ ਦਸਦਾ, ਮੈਨੂੰ ਤੇ ਆਪ ਮਲੂਮ ਨਹੀਂ ਸੀ ਕਿ "ਕੀ ਏ ਮੈਨੂੰ!"
ਮੇਰੇ ਲਈ ਉਹ ਬੜਾ ਚੰਗਾ ਸਮਾਂ ਹੁੰਦਾ ਸੀ । ਇੱਕ ਪਾਸੇ ਮੁਹੱਬਤ ਕਰਨ ਵਾਲੀ ਭਾਬੀ ਜਮੀਲਾ, ਖੂਬਸੂਰਤ ਤੇ ਹਮਦਰਦ ਤੇ ਇੱਕ ਪਾਸੇ ਜ਼ੋਹਰਾ, ਮੇਰੇ ਦਿਲ ਦੇ ਤਾਰ ਹਿਲਾਵਣ ਵਾਲੀ ਕੁੜੀ। ਇੱਕ ਨਜ਼ਰ ਵਿੱਚ ਸੌ-ਸੌ ਹੱਜ ਹੁੰਦੇ ਸਨ। ਇਸ਼ਕ ਦੀ ਨਵੀਉਂ ਨਵੀਂ ਬਹਾਰ ਵਾਲੀ ਮੌਜ ਬਣੀ ਹੋਈ ਸੀ।
ਪਰ ਜ਼ੋਹਰਾ ਤੇ ਮੇਰੇ ਹੁੰਦਿਆਂ ਈ ਚਲੀ ਗਈ ਸੀ । ਸਿੰਧ ਜਾਵਣ ਮਗਰੋਂ ਪਰਤਕੇ ਆਏ ਤੇ ਭਾਬੀ ਜ਼ਮੀਲਾ ਨਹੀਂ ਸੀ, ਟਿਊਬ ਵੈੱਲ ਈ ਨਹੀਂ ਸੀ। ਮਿਸਤਰੀ ਕਿੱਥੋਂ ਹੋਣਾ ਸੀ! ਹੁਣ ਤੇ ਉੱਥੇ ਬਿਜਲੀ ਦੀ ਮੋਟਰ ਲੱਗੀ ਹੋਈ ਏ ਤੇ ਕਾਕੂ ਕੂੰਜਾ ਈ ਸਭ ਕੁੱਝ ਏ। ਮੋਟਰ ਵੀ ਚਲਾਂਵਦਾ ਏ, ਮੁਨਸ਼ੀ ਵੀ ਏ ਤੇ ਟਰੈਕਟਰ ਡਰਾਈਵਰ ਵੀ ਏ।
ਜ਼ਿਮੀਦਾਰ ਕੁੱਝ ਆਪ ਵੀ ਵਾਹੀ ਕਰਾਵੰਦਾ ਸੀ ਤੇ ਉਸ ਟਰੈਕਟਰ ਮੰਗਵਾ ਲਿਆ ਹੋਇਆ ਸੀ।
ਭਗਤਪੁਰਾ ਮੈਂ ਵੇਖਿਆ ਨਹੀਂ ਸੀ ਹੋਇਆ। ਜ਼ੋਹਰਾ ਦੇ ਦੀਦਾਰ ਕਿੰਜ ਹੁੰਦੇ! ਮੁਹੰਮਦ ਸ਼ਫ਼ੀ ਤੇ ਭਾਬੀ ਜਮੀਲਾ ਦਾ ਕੁੱਝ ਪਤਾ ਨਹੀਂ ਸੀ ਕਿ ਹੁਣ ਉਹ ਕਿੱਥੇ ਹੁੰਦੇ ਨੇ। ਖੌਰੇ ਜ਼ੋਹਰਾ ਦਾ ਵਿਆਹ ਹੋਇਆ ਏ ਕਿ ਨਹੀਂ। ਉਹਦਾ ਸਾਥੀ ਕੈਸਾ ਹੋਸੀ। ਉਹਨੂੰ ਪਸੰਦ ਵੀ ਏ ਕਿ ਨਹੀਂ! ਕਿੰਨੇ ਈ ਖ਼ਿਆਲ ਸਨ ਜਿਹੜੇ ਮੈਨੂੰ ਟੁੰਬਦੇ ਰਹਿੰਦੇ ਸਨ।
ਨਵੇਂ ਰਾਹਕਾਂ ਨਾਲ ਮੇਰਾ ਉੱਠਣ ਬਹਿਣ ਨਹੀਂ ਸੀ ਬਣਿਆ। ਮੁਹੰਮਦ ਹੁਸੈਨ ਦਾ ਵਾਹਵਾ ਘਸ ਪੈ ਗਿਆ ਹੋਇਆ ਸੀ। ਇਹ ਲੋਕ ਵਾਹੀ ਬੀਜੀ ਦੇ ਚੰਗੇ ਜਾਣੂ ਨਹੀਂ ਸਨ। ਉਂਜ ਮਿਹਨਤੀ ਬਹੁਤ ਸਨ। ਮਲੂਮ ਹੋਇਆ ਕਿ ਇਹ ਲੋਕ ਪਿਛਲੇ ਪਿੰਡ ਰਾਹਕ ਨਹੀਂ ਸਨ । ਉੱਥੋਂ ਦੇ ਖੇਤ ਮਜ਼ਦੂਰ ਸਨ ।