

ਵੱਡੇ ਮਾਮੇ ਦਾ ਪੁੱਤਰ ਮੇਰਾ ਹਮ-ਨਾਮ ਮੈਨੂੰ ਆਪਣੇ ਨਾਲ ਕੋਹਨੂਰ ਆਇਲ ਮਿਲਜ਼ ਲੈ ਗਿਆ । ਉਸ ਮੈਨੂੰ ਆਪਣੇ ਨਾਲ ਮਜ਼ਦੂਰ ਭਰਤੀ ਕਰਾ ਦਿੱਤਾ । ਪਤਾ ਨਹੀਂ ਉਹ ਕਦੋਂ ਤੋਂ ਮੇਰੇ ਲਈ ਕੋਸ਼ਿਸ ਕਰ ਰਿਹਾ ਸੀ। ਮਸ਼ੀਨ ਦੇ ਲਾਗੇ ਖਲ ਚੁੱਕ ਚੁੱਕ ਕੇ ਬਾਹਰ ਲੈ ਜਾਵਣੀ ਸੀ। ਰੇੜ੍ਹੀ ਧੱਕਣਾ ਕੋਈ ਮੁਸ਼ਕਲ ਕੰਮ ਨਹੀਂ ਸੀ ਜਾਪਦਾ । ਵਾਹੀ ਤੇ ਗੱਡ ਨਾਲੋਂ ਮੇਰੇ ਲਈ ਅਸਾਨ ਸੀ, ਪਰ ਵਕਤ ਦਾ ਖਿਆਲ ਰੱਖਣਾ ਬਹੁਤ ਔਖਾ ਜਾਪਦਾ ਸੀ ਯਾ ਮਸ਼ੀਨ ਦੇ ਨਾਲ ਨਾਲ ਵਗਣਾ ਵੀ ਤੇ ਮੇਰੇ ਲਈ ਖਿਝ ਚਾੜ੍ਹਨ ਵਾਲਾ ਕੰਮ ਸੀ । ਫੇਰ ਵੀ ਮੈਂ ਸੌਖ ਈ ਮਹਿਸੂਸ ਕਰ ਰਿਹਾ ਸਾਂ।
ਜ਼ਰੇ ਜ਼ਰੇ ਆ ਕੇ ਮਾਮੇ ਦਾ ਪੁੱਤਰ ਪੁੱਛਦਾ, "ਕੋਈ ਤਕਲੀਫ਼ ਤੇ ਨਹੀਂ?" ਭਲਾਂ ਮੈਨੂੰ ਕੀ ਤਕਲੀਫ਼ ਹੋਣੀ ਸੀ। "ਕੋਈ ਤਕਲੀਫ਼ ਨਹੀਂ"- ਮੇਰੇ ਆਖਣ ਉੱਤੇ ਉਹ ਮੁਸਕਰਾ ਕੇ ਚਲਾ ਜਾਂਦਾ ਤੇ ਜਾਂਦਾ ਹੋਇਆ ਮੇਰੇ ਨਾਲ ਦੇ ਮਜ਼ਦੂਰਾਂ ਨੂੰ ਕਹਿ ਜਾਂਦਾ, "ਖਿਆਲ ਕਰਿਆ ਜੇ, ਮੇਰੀ ਫੁੱਫੀ ਦਾ ਪੁੱਤਰ ਏ ਤੇ ਏਥੇ ਪ੍ਰਾਹੁਣਾ ਆਇਆ ਹੋਇਆ ਏ ।" ਮੇਰੇ ਨਾਲ ਦੇ ਮਜ਼ਦੂਰ ਉਹਨੂੰ ਤਸੱਲੀ ਦੇ ਕੇ ਆਖਦੇ, "ਫਿਕਰ ਵਾਲੀ ਕੋਈ ਗੱਲ ਨਹੀਂ। ਕਾਮਰੇਡ ! ਇਹ ਵੀ ਸਾਡਾ ਸਾਥੀ ਏ।"
'ਕਾਮਰੇਡ' ਲਫਜ਼ ਮੈਂ ਪਹਿਲੀ ਵਾਰ ਸੁਣਿਆ ਸੀ । ਪਤਾ ਨਹੀਂ ਕੀ ਮਤਲਬ ਸੀ, ਮੈਂ ਜਾਨਣ ਲਈ ਕੋਸ਼ਿਸ਼ ਕੀਤੀ ਤੇ ਸਹੀ, ਪਰ ਠੀਕ ਸਮਝ ਨਾ ਸਕਿਆ। ਮੇਰਾ ਪਹਿਲਾ ਦਿਨ ਸੀ, ਮੈਂ ਜਿਆਦਾ ਪੁੱਛ ਦੱਸ ਵੀ ਨਾ ਕੀਤੀ। ਫੇਰ ਸਹੀ।
ਸਾਢੇ ਚਾਰ ਵਜੇ ਛੁੱਟੀ ਹੋਈ ਤਾਂ ਮਾਮੇ ਦੇ ਪੁੱਤਰ ਆਖਿਆ, “ਮੁਬਾਰਕ ਹੋਵੇ। ਤੇਰਾ ਸਿਤਾਰਾ ਬੁਲੰਦ ਏ। ਤੈਨੂੰ ਪਹਿਲੇ ਈ ਦਿਨ ਪੱਕਾ ਕੰਮ ਮਿਲ ਗਿਆ ਏ।" "ਕੰਮ ਵੀ ਕੱਚਾ ਤੇ ਪੱਕਾ ਹੁੰਦਾ ਏ ?" ਮੈਂ ਹੈਰਾਨੀ ਨਾਲ ਆਖਿਆ। "ਕੰਮ ਤੇ ਕੰਮ ਈ ਹੁੰਦਾ ਏ।"
ਉਸ ਦੱਸਿਆ, ਪੱਕੇ ਕੰਮ ਤੋਂ ਮਤਲਬ ਏ ਪੱਕੀ ਨੌਕਰੀ। ਏਥੇ ਪੱਕੀ ਨੌਕਰੀ ਲਈ ਅਫ਼ਸਰਾਂ ਦੀਆਂ ਬੜੀਆਂ ਮਿੰਨਤਾਂ ਖੁਸ਼ਾਮਦਾਂ ਕਰਨੀਆਂ ਪੈਂਦੀਆਂ ਨੇ, ਪਰ ਤੈਨੂੰ ਤਾਂ ਕੁੱਝ ਵੀ ਨਹੀਂ ਕਰਨਾ ਪਿਆ।
ਦੂਜੇ ਦਿਨ ਕੰਮ ਤੇ ਖਲੋਤਾ ਈ ਸਾਂ ਕਿ ਮੁਹੰਮਦ ਹੁਸੈਨ ਆ ਗਿਆ। ਆਖਣ ਲੱਗਾ, “ਇੰਜ ਨੱਸਣ ਨਾਲ ਜੀਵਨ ਦੀ ਤਲਖੀ ਤੇ ਨਹੀਂ ਮੁੱਕਦੀ।"
"ਕੀ ਮੈਂ ਨੱਸਿਆ ਵਾਂ ?" ਮੈਂ ਖਿਝ ਕੇ ਆਖਿਆ। "ਨਹੀਂ, ਮੈਂ ਨੱਸਿਆ ਨਹੀਂ, ਮੈਂ ਰੁੱਸਿਆ ਵਾਂ । ਕੀ ਮੈਂ ਰੁੱਸਾਂ ਵੀ ਨਾ ? ਵਾਹੀ ਬੰਨੇ ਉੱਤੇ ਜ਼ਿਮੀਦਾਰ ਦਬਾ ਦੇਂਦਾ ਏ। ਆੜ੍ਹਤ ਉੱਤੇ ਕਮੀਨਾ ਆੜ੍ਹਤੀ ਬੇਇੱਜ਼ਤ ਕਰ ਦੇਂਦਾ ਏ। ਘਰ ਵਿੱਚ ਪਿਉ ਏਤਬਾਰ ਨਹੀਂ ਕਰਦਾ।"
ਮੁਹੰਮਦ ਹੁਸੈਨ ਬੜੇ ਸਹਿਜ ਨਾਲ ਆਖਿਆ, "ਸਭ ਠੀਕ ਏ। ਜੋ ਤੂੰ ਕਹਿਨਾ ਏਂ ਸੱਚ ਏ। ਪਰ ਘਰ ਛੱਡਣ ਨਾਲ ਪੰਧ ਤੇ ਨਹੀਂ ਮੁੱਕਦਾ, ਭਰਾ।"
ਹੋਰ ਵੀ ਬਹੁਤ ਗੱਲਾਂ ਹੋਈਆਂ। ਮੈਂ ਜਾਣਾ ਤੇ ਨਹੀਂ ਸਾਂ ਚਾਹਦਾ, ਪਰ ਭਰਾ ਨੂੰ ਖਾਲੀ ਵੀ ਨਹੀਂ ਸਾਂ ਮੋੜਨਾ ਚਾਹਦਾ। ਏਸੇ ਲਈ ਘਰ ਪਰਤ ਆਇਆ। ਮੈਨੂੰ ਆਂਵਦੇ ਨੂੰ ਵੇਖ ਕੇ ਮੇਰੀ ਵਹੁਟੀ ਮੁਸਕ੍ਰਾਈ, ਪਰ ਮੇਰੀ ਮਾਂ ਉਹਨੂੰ ਇਸ਼ਾਰੇ ਨਾਲ ਪਾਸੇ ਕਰ ਦਿੱਤਾ।