

17.
ਏਥੇ ਨਵੇਂ ਥਾਂ ਉੱਤੇ ਵੀ ਤਬਦੀਲੀ ਨਹੀਂ ਸੀ ਆਈ। ਉਂਜ ਦੇ ਈ ਦਿਨ ਤੇ ਉਂਜ ਦੀਆਂ ਈ ਰਾਤਾਂ। ਉਹ ਈ ਔਕੜਾਂ, ਮੁਸ਼ਕਲਾਂ ਤੇ ਫਾਕੇ, ਕੌੜੀਆਂ ਰੀਝਾਂ ਤੇ ਫਿੱਕੇ ਹਾਸੇ, ਕੋਈ ਸ਼ੌਕ ਨਾ ਮੰਜ਼ਲ, ਨਾ ਈ ਕਿਸੇ ਚੰਗੇ ਵੇਲ਼ੇ ਦੀ ਆਸ ਜਾਪਦੀ ਸੀ । ਅਸਾਂ ਤੇ ਬਸ ਜੀ ਹੀ ਰਹੇ ਸਾਂ। ਕਾਹਦੇ ਲਈ ਜੀ ਰਹੇ ਸਾਂ, ਅਸਾਂ ਕੋਲ ਕੋਈ ਜਵਾਬ ਨਹੀਂ ਸੀ। ਅਸਾਂ ਤਾਂ ਜੀਵਨ ਭੋਗ ਰਹੇ ਸਾਂ। ਮਿਹਨਤ ਮੁਸ਼ੱਕਤ ਤੇ ਤੰਗੀ ਤੁਰਸ਼ੀ ਨਾਲ ਈ ਅਸਾਡਾ ਸਾਂਹਗਾ ਬਣਿਆ ਹੋਇਆ ਸੀ।
ਜ਼ਿਮੀਦਾਰ ਦੀਆਂ ਵਗਾਰਾਂ ਕੱਟਣੀਆਂ, ਬੁੱਤੀਆਂ ਪੁੱਟਣੀਆਂ ਤੇ ਉਹਨਾਂ ਦੇ ਕੁੱਤਿਆਂ ਦਾ ਵੀ ਇਹਤਰਾਮ ਕਰਨਾ ਅਸਾਡਾ ਮੁਕੱਦਰ ਲਿਖਿਆ ਹੋਇਆ ਸੀ ਖੌਰੇ। ਜ਼ਿਮੀਦਾਰਾਂ ਦੀ ਝਿੜਕ ਉੱਤੇ ਗੁੱਸਾ ਆਂਵਦਾ ਤਾਂ ਬੱਸ ਵਿੱਚੇ ਵਿੱਚ ਅਸਾਂ ਮੋਏ ਸੱਪ ਵਾਂਗ ਵਿਸ ਘੋਲਦੇ ਸਾਂ। ਢੀਠਾਂ ਤੇ ਬੇਸ਼ਰਮਾਂ ਵਾਂਗ ਜੀ ਜੀ ਕਰਦਿਆਂ ਰਹਿਣਾ ਈ ਅਸਾਡੀ ਰਹਿਤਲ ਸੀ। ਕੋਈ ਅਣਖ ਤੇ ਕੋਈ ਤਰੰਗ ਅਸਾਡੇ ਵਿੱਚੋਂ ਕਿਸੇ ਭੈੜੇ ਵਾਲ ਵਾਂਗਰ ਮੋਚਨੇ ਨਾਲ ਚੁਗ ਲਈ ਗਈ ਹੋਈ ਸੀ।
ਹੋ ਸਕਦਾ ਏ ਕਿ ਅਸਾਡੇ ਵੱਡਿਆਂ ਵਿੱਚੋਂ ਕੋਈ ਬਹਾਦਰ ਵੀ ਹੋਇਆ ਹੋਵੇ, ਕੋਈ ਅਣਖੀ ਯਾ ਸੂਰਮਾ ਹੋਇਆ ਹੋਵੇ, ਪਰ ਹੁਣ ਤਾਂ ਉਹਨਾਂ ਬਾਰੇ ਸੋਚਣਾ ਵੀ ਅਸਾਡੇ ਲਈ ਮਨਾਂਹ ਹੋ ਗਿਆ ਹੋਇਆ ਸੀ ਯਾ ਆਪ ਈ ਆਪਣੇ ਵੱਡਿਆਂ ਨੂੰ ਭੁਲਾਵਣ ਵਿੱਚ ਈ ਭਲਿਆਈ ਸਮਝਦੇ ਹੋਈਏ।
ਜੂਹ ਦੇ ਸਾਰੇ ਰਾਹਕਾਂ ਦੀ ਇਹ ਤਹਿਜ਼ੀਬ ਸੀ ਕਿ ਬਦਤਮੀਜ਼ ਰਹਿਣਾ ਤੇ ਮਾਲਕ ਦੀ ਮਰਜ਼ੀ ਨਾਲ ਈ ਸਾਹ ਲੈਣਾ ਉਹਦੇ ਹੁਕਮ ਬਿਨਾਂ ਮੂੰਹੋਂ ਲਫਜ਼ ਵੀ ਨਾ ਕੱਢਣਾ, ਸਗੋਂ ਅੱਖ ਚੁੱਕ ਕੇ ਵੇਖਣਾ ਵੀ ਜੁਰਮ ਸੀ। ਏਹੋ ਜੇਹੇ ਮਹੌਲ ਵਿੱਚ ਰਾਹਕਾਂ ਦੇ ਗੱਭਰੂ ਭਲਾਂ ਕੀ ਜਵਾਨੀ ਮਾਣ ਸਕਦੇ ਸਨ । ਜੇ ਕਿਸੇ ਸ਼ੌਕੀਨ ਨੂੰ ਉਹਦਾ ਅੰਦਰਲਾ ਬਹੁਤ ਤੰਗ ਕਰਦਾ, ਉਹ ਰੇਡੀਓ ਖਰੀਦ ਲੈਂਦਾ। ਉਹ ਵੀ ਉਧਾਰ ਦਾ ਤੇ ਫੇਰ ਕਈ ਕਈ ਮਹੀਨੇ ਪੈਸੇ ਵਾਪਸ ਕਰਨ ਵਿੱਚ ਈ ਲੰਘ ਜਾਂਦੇ ਸਨ।
ਸ਼ੌਕੀਨ ਗੱਭਰੂਆਂ ਨੂੰ ਜਦ ਵੀ ਵਿਹਲ ਮਿਲਦੀ, ਝੱਟ ਰੇਡੀਓ ਸੁਣਦੇ। ਰਾਤ ਨੂੰ ਛੱਤਾਂ ਉੱਤੇ ਚੜ੍ਹ ਜਾਂਦੇ ਤੇ ਉੱਚੀ ਉੱਚੀ ਅਵਾਜ਼ ਵਿੱਚ ਰੇਡੀਓ ਸੁਣਦੇ ਤੇ ਸੁਣਾਵੰਦੇ। ਇੱਕ ਦੂਜੇ ਦੇ ਰੇਡੀਓ ਨਾਲ ਮੁਕਾਬਲਾ ਵੀ ਕਰਦੇ ਕਿ ਕਿਸ ਦਾ ਰੇਡੀਓ ਜਿਆਦਾ ਉੱਚੀ ਅਵਾਜ਼ ਰੱਖਦਾ ਏ।
ਦਿਨ ਰਾਤ ਈ ਸ਼ੋਰ ਹੁੰਦਾ ਰਹਿੰਦਾ। ਕੋਈ ਵੀ ਤੇ ਤੰਗ ਨਹੀਂ ਸੀ ਹੁੰਦਾ। ਸਾਰੇ ਰਾਹਕਾਂ ਕੋਲ ਇਹ ਇੱਕ ਸ਼ੁਗਲ ਰਹਿ ਗਿਆ ਸੀ । ਮੇਲੇ ਠੇਲਿਆਂ ਵਿੱਚ ਘੋਲ, ਕੌਡੀ ਲਈ ਰਾਹਕਾਂ ਦੇ ਜੁੱਸੇ ਵਿੱਚ ਜਾਨ ਈ ਨਹੀਂ ਸੀ ਹੁੰਦੀ, ਉਹਨਾਂ ਖੇਡਣਾ ਤਾਂ ਕੀ ਸੀ ਮਿੱਟੀ ਨਾਲ ਮਿੱਟੀ ਰਲੇ ਹੋਏ ਰਾਹਕ ਤੇ ਖੁੱਲ੍ਹ ਕੇ ਹੱਸਦੇ ਵੀ ਨਹੀਂ ਸਨ, ਬਿਲਕੁਲ ਖੀਹ ਬਣੇ ਹੋਏ ਸਨ ਯਾ ਖੌਰੇ ਖੀਹ ਹੋਣਾ ਈ ਅਸਾਡੀ ਆਦਤ ਤੇ ਪਹਿਚਾਣ ਬਣ ਗਈ ਹੋਈ ਸੀ।