

ਰਾਹਕ ਚਿੱਟੇ ਲੀੜੇ ਪਾਵੇ ਯਾ ਬੋਦੇ ਚੋਪੜ ਕੇ ਰੱਖੇ, ਜ਼ਿਮੀਦਾਰ ਜਰ ਈ ਨਹੀਂ ਸਨ ਸਕਦੇ। ਨਹਾ ਧੋ ਕੇ ਸਾਫ਼ ਸੁਥਰਾ ਰਹਿਣਾ ਯਾ ਸਾਫ਼ ਸੁਥਰਾ ਸੋਚਣਾ ਅਸਾਡੇ ਖੁਆਬ ਖ਼ਿਆਲ ਵਿੱਚ ਈ ਨਹੀਂ ਸੀ। ਅਸਾਂ ਆਪੋ ਵਿੱਚ ਬੋਲਦੇ ਵੀ ਤਾਂ ਉੱਚੀ ਉੱਚੀ ਅਵਾਜ਼ ਵਿੱਚ, ਖਿਝ ਖਿਝ ਕੇ ਤੇ ਕਿੱਲ੍ਹ ਕਿੱਲ੍ਹ ਕੇ ਗੱਲ ਕਰਨ ਦੇ ਆਦੀ ਹੋ ਗਏ ਸਾਂ। ਜਿਵੇਂ ਇੱਕ ਕੁੱਤੇ ਨੂੰ ਬਹੁਤ ਸਾਰੇ ਕੁੱਤਿਆਂ ਘੇਰਿਆ ਹੋਵੇ, ਇਕੱਲੇ ਕੁੱਤੇ ਪੂਛਲ ਚੱਡਿਆਂ ਵਿੱਚ ਲਈ ਹੋਵੇ, ਅੱਗੋਂ ਸਿਰਫ ਦੰਦ ਕੱਢ ਕੇ ਚੌਂਕਦਾ ਹੋਵੇ । ਹਰ ਵੇਲ਼ੇ ਡਰੇ ਡਰੇ ਤੇ ਡੱਭੇ ਮਾਰੇ ਲੋਕ ਸਾਂ ਅਸਾਂ । ਮਿੱਠਾ ਤੇ ਚੰਗਾ ਬੋਲਣਾ ਅਸਾਨੂੰ ਜੱਚਦਾ ਈ ਨਹੀਂ ਸੀ।
ਅਸਾਡੇ ਮਾਹੌਲ ਵਿੱਚ ਚੰਗਾ ਤੇ ਮਿੱਠਾ ਬੋਲਣਾ ਯਾ ਨਰਮ ਕਲਾਮ ਕਰਨਾ ਬੁਜ਼ਦਿਲੀ ਤੇ ਬੇਵਕੂਫੀ ਦੀ ਅਲਾਮਤ ਸਮਝੀ ਜਾਂਦੀ ਸੀ । ਅਸਾਂ ਨਾ ਤੇ ਬੁਜ਼ਦਿਲ ਸਾਂ ਤੇ ਨਾ ਹੀ ਬੇਵਕੂਫ਼, ਏਸੇ ਲਈ ਜੋ ਮੂੰਹ ਆਈ ਪਾਰ ਕਰ ਛੱਡੀ, ਕੋਈ ਲੱਜ ਨਾ ਲਿਹਾਜ਼। ਇੱਕ ਦੂਜੇ ਨਾਲ ਟਿਚਕਰ ਵਾਲੀ ਗੱਲ ਕਰਕੇ ਸੁਆਦ ਆਂਵਦਾ ਸੀ । ਗੱਲ ਗੱਲ ਉੱਤੇ ਨਾਲ ਦੇ ਨੂੰ ਹੁੱਜਤ ਕਰਨੀ, ਬੇਇਜ਼ਤ ਤੇ ਜ਼ਲੀਲ ਕਰਨਾ ਅਸਾਡੇ ਲਈ ਬਹਾਦਰੀ ਤੇ ਦਾਨਸ਼ਮੰਦੀ ਸੀ। ਹਾਸਾ, ਖੇਡ, ਅਮਨ-ਚੈਨ, ਪਿਆਰ ਮੁਹੱਬਤ ਤੇ ਅਦਲ ਇਨਸਾਫ਼ ਅਸਾਡੇ ਮਹੌਲ ਕੋਲੋਂ ਦੂਰ ਦੂਰ ਤੇ ਡਰਿਆ ਡਰਿਆ ਹੋਇਆ ਸੀ। ਪਰ ਜਦ ਅਸਾਡੇ ਵਿੱਚੋਂ ਕਿਸੇ ਨੂੰ ਕੋਈ ਦੁੱਖ ਤਕਲੀਫ਼ ਯਾ ਔਕੜ ਪੈ ਜਾਂਦੀ ਤਾਂ ਕਾਵਾਂ ਵਾਂਗਰ ਝੱਟ ਇਕੱਠੇ ਹੋ ਜਾਂਦੇ। ਇੱਕ ਦੂਜੇ ਦੀ ਬਾਂਹ ਬਣ ਕੇ ਪੂਰੀ ਪੂਰੀ ਮਦਦ ਕਰਦੇ, ਸਗੋਂ ਦੁੱਖ-ਮਾਰੇ ਮਨੁੱਖ ਨਾਲੋਂ ਆਪ ਵਧ ਕੇ ਦੁੱਖ ਮਹਿਸੂਸ ਕਰਦੇ ਤੇ ਦੂਜੇ ਲਈ ਆਪ ਭੀੜਾਂ ਵਿੱਚ ਛਾਲ ਮਾਰਨ ਤੋਂ ਵੀ ਨਾ ਡਰਦੇ, ਇੱਕ ਦੂਜੇ ਨਾਲ ਦੁਸ਼ਮਣੀ, ਰੋਸਾ ਤੇ ਗਿਲਾ ਸ਼ਿਕਵਾ ਝੱਟ ਮੁੱਕ ਜਾਂਦਾ ਸੀ।
ਜਦ ਭੀੜ ਕੱਟੀ ਜਾਂਦੀ, ਦੁੱਖ ਦਾ ਵੇਲਾ ਲੰਘ ਜਾਂਦਾ, ਤੇ ਫੇਰ 'ਉਹ ਈ ਸੇਲੀ ਤੇ ਉਹ ਈ ਡੰਡਾ', ਫੇਰ ਉਹ ਈ ਮਹੌਲ, ਉੱਖੜਿਆ ਉੱਖੜਿਆ ਤੇ ਬੇਸਵਾਦਾ!
ਇਲਾਕੇ ਦੇ ਜ਼ਿਮੀਦਾਰ ਵੀ ਇੱਕ ਦੂਜੇ ਨਾਲ ਇੰਜ ਈ ਕਰਦੇ ਸਨ। ਹਰ ਇੱਕ ਆਪਣੇ ਆਪ ਨੂੰ ਫੰਨੇ ਖਾਂ ਸਮਝਦਾ ਸੀ, ਸ਼ਰੀਕ ਨੂੰ ਬੇਇੱਜ਼ਤ ਕਰਨ ਦੇ ਹੀਲੇ ਬਹਾਨੇ ਦਾ ਜਤਨ ਕਰਦੇ ਸਨ।
ਅਸਾਡੇ ਲੋਕਾਂ ਤੇ ਜ਼ਿਮੀਦਾਰ ਲੋਕਾਂ ਵਿੱਚ ਫਰਕ ਸੀ ਤੇ ਬੱਸ ਏਨਾ ਕਿ ਉਹ ਮੂੰਹੋਂ ਘੱਟ ਨਫ਼ਰਤ ਕਰਦੇ ਸਨ ਤੇ ਦਿਲੋਂ ਜਿਆਦਾ । ਅਸੀਂ ਮੂੰਹ ਦੇ ਬੜਬੋਲੇ ਤੇ ਦਿਲੋਂ ਸਾਫ! ਅਸੀਂ ਦੁੱਖ ਤਕਲੀਫ਼ ਵੇਲ਼ੇ ਸਭ ਕੁੱਝ ਭੁੱਲ ਜਾਂਦੇ ਸਾਂ, ਪਰ ਜ਼ਿਮੀਦਾਰ ਦੂਜੇ ਦੇ ਦੁੱਖ ਉੱਤੇ ਖੁਸ਼ ਹੁੰਦੇ ਸਨ, ਸਗੋਂ ਦੁੱਖ ਵਿੱਚ ਹੋਰ ਵਾਧਾ ਕਰਨ ਲਈ ਕੁੱਝ ਨਾ ਕੁੱਝ ਆਪਣੇ ਵੱਲੋਂ ਵੀ ਮਿਰਚ ਲੂਣ ਲਾਂਵਦੇ ਸਨ।
ਅਸੀਂ ਗੱਡ ਲੈ ਕੇ ਲਹੌਰ ਵੱਲ ਆਵਦੇ ਤਾਂ ਰਾਹ ਵਿੱਚ ਜਿੱਥੇ ਵੀ ਪੁਲਸ ਮਿਲਦੀ, ਅਸਾਡੇ ਨਾਲ ਡੰਗਰਾਂ ਵਾਲ਼ੇ ਸਲੂਕ ਕਰਦੀ । ਗਾਲਾਂ ਕੱਢਦੀ, ਸੋਟੀਆਂ ਮਾਰਦੀ, ਕਿਸੇ ਨਾ ਕਿਸੇ ਬਹਾਨੇ ਦੋ ਚਾਰ ਰੁਪਏ ਲੈ ਲੈਂਦੀ । ਗਾਲਾਂ ਤੇ ਮਾਰ ਦੀ ਅਸਾਨੂੰ ਕੋਈ ਪੀੜ ਨਾ ਹੁੰਦੀ ਪਰ ਰੁਪਏ ਖੁੱਸਣ ਦਾ ਬੜਾ ਦੁੱਖ ਹੁੰਦਾ ।