

ਆਖਿਆ, "ਵੇਖੀਏ ਤੇ ਸਹੀ ਤੇਰੇ ਵਿੱਚ ਕਿੰਨੀ ਕੁ ਜਾਨ ਏਂ।" ਇੱਕ ਵਾਰੀ ਫੇਰ ਮੇਰੇ ਅੰਦਰ ਖ਼ੌਫ ਦੀ ਲਹਿਰ ਉੱਭਰੀ ਤੇ ਬਹਿ ਗਈ।
ਬਹੁਤ ਸਾਰੇ ਲੋਕਾਂ ਸਾਹਮਣੇ ਬੇਇੱਜ਼ਤੀ ਦਾ ਡਰ ਵੱਖਰਾ । ਤੀਲਿਆਂ ਕਾਨਿਆਂ ਦਾ ਬਣਿਆ ਹੋਇਆ ਢਾਰਾ, ਹੇਠ ਕੁਰਬਲ ਕੁਰਬਲ ਕਰਦੇ ਲੋਕ। ਵੱਡੇ ਮੰਜੇ ਉੱਤੇ ਆੜ੍ਹਤੀ ਬਾਦਸ਼ਾਹ ਵਾਂਗ ਬੈਠਾ ਹੋਇਆ ਸੀ ਤੇ ਮੋਟੀਆਂ ਮੋਟੀਆਂ ਅੱਖਾਂ ਮੇਰੇ ਉੱਤੇ ਖੁੱਭੀਆਂ ਹੋਈਆਂ ਸਨ।
ਮੈਂ ਹੌਂਸਲਾ ਕੀਤਾ, ਜਿਵੇਂ ਬੁਝਣ ਉੱਤੇ ਆਇਆ ਦੀਵਾ ਆਖ਼ਰੀ ਵਾਰ ਲੋਅ ਉੱਚੀ ਕਰਦਾ ਏ, ਯਾ ਜਿਵੇਂ ਮਰਨ ਤੋਂ ਪਹਿਲਾਂ ਬੰਦੇ ਨੂੰ ਹਰ ਬੀਮਾਰੀ ਛੱਡ ਜਾਂਦੀ ਏ, ਉਹ ਆਪਣੇ ਆਪ ਨੂੰ ਚੰਗਾ ਭਲਾ ਸਮਝ ਲੈਂਦਾ ਏ। ਮੈਂ ਹਿੰਮਤ ਕਰਕੇ ਲਾਹਨਤਾਂ ਵਾਲਾ ਪੂਰਾ ਕਬਿਤ ਸੁਣਾ ਦਿੱਤਾ। ਕਈ ਲੋਕਾਂ ਦੇ ਮੂੰਹੋਂ ਹੌਲੀ ਵਾਹ ਵਾਹ ਨਿੱਕਲਿਆ ਤੇ ਕਈਆਂ ਲੋਕਾਂ ਤਾਂ ਆਪਣੇ ਸਾਹ ਘੁੱਟ ਲਏ ਸਨ ਕਿ ਹੁਣੇ ਕੁੱਝ ਹੋਇਆ ਕਿ ਹੋਇਆ। ਕਬਿਤ ਸੁਣ ਕੇ ਆੜ੍ਹਤੀ ਇੱਕ ਪਲ ਗੁੱਸੇ ਨਾਲ ਕੰਬਿਆ, ਪਰ ਚੁੱਪ ਕਰਕੇ ਕੁੱਝ ਸੋਚਿਆ ਤੇ ਫੇਰ ਮੁਸਕਰਾ ਕੇ ਆਖਿਆ, "ਸ਼ਾਬਾਸ਼ ਓਏ ਜਮਾਲ ਦਿਆ ਮੁੰਡਿਆ ! ਬੜੀ ਜੁਰਅਤ ਏ ਬਈ ਤੇਰੇ ਵਿੱਚ ਹੋਰ ਕੋਈ ਹੁੰਦਾ ਤੇ ਨੱਸ ਜਾਂਦਾ ਯਾ ਮੇਰੇ ਪੈਰ ਫੜ ਲੈਂਦਾ, ਮੁਆਫੀ ਮੰਗਦਾ ਤੇ ਅੱਗੇ ਤੋਂ ਜੋੜ ਜੋੜਨੇ ਛੱਡ ਦਿੰਦਾ । ਪਰ ਤੂੰ ਤੇ ਕਮਾਲ ਕਰ ਦਿੱਤਾ ਏ। ਮੇਰੇ ਮੂੰਹ ਉੱਤੇ ਮੇਰੇ ਖਿਲਾਫ ਹਿੰਮਤ ਨਾਲ ਕਬਿਤ ਸੁਣਾਇਆ ਏ। ਬਈ ਬਹੁਤ ਵੱਧ ਏ ਤੇਰਾ ਹੌਂਸਲਾ।"
ਆੜ੍ਹਤੀ ਦੇ ਰਵੱਈਏ ਉੱਤੇ ਮੈਨੂੰ ਵੀ ਬੜੀ ਹੈਰਤ ਹੋਈ। ਲੋਕ ਵੀ ਹੈਰਾਨ ਸਨ। ਖਿਆਲ ਆਇਆ ਕਿ ਕੋਈ ਚਾਲ ਨਾ ਹੋਵੇ, ਪਰ ਇਹਦੇ ਵਿੱਚ ਚਾਲ ਵਾਲੀ ਕਿਹੜੀ ਗੱਲ ਸੀ ਸਾਰੇ ਲੋਕਾਂ ਸਾਹਮਣੇ ਸ਼ਾਬਾਸ਼ੀ ਮਿਲੀ ਏ। ਕੁੱਝ ਦੇਰ ਮਗਰੋਂ ਮੈਂ ਆਖਿਆ, "ਚੌਧਰੀ ਸਾਹਿਬ, ਮੈਂ ਜੋ ਸੱਚ ਸਮਝਿਆ ਸੋ ਕਹਿ ਦਿੱਤਾ। ਅਸਾਂ ਗਾਡੀਆਂ ਨਾਲ ਹੁੰਦਾ ਵੀ ਬਹੁਤ ਭੈੜਾ ਵਰਤਾਰਾ ਏ। ਅਸਾਂ ਪਤਾ ਨਹੀਂ ਕਿਹੜੀ ਕਿਹੜੀ ਮੁਸੀਬਤ ਤੇ ਔਕੜ ਝਾਲ ਕੇ ਏਥੇ ਅੱਪੜਦੇ ਹਾਂ । ਤੁਸਾਂ ਦੀ ਮਿਹਰਬਾਨੀ ਜੋ ਗੁੱਸਾ ਨਹੀਂ ਕੀਤਾ।” ਆੜ੍ਹਤੀ ਬੜੇ ਪਿਆਰ ਨਾਲ ਮੈਨੂੰ ਆਪਣੇ ਮੰਜੇ ਉੱਤੇ ਬਿਠਾਇਆ। ਦੂਜੇ ਲੋਕਾਂ ਨੂੰ ਹੁਕਮ ਦਿੱਤਾ ਕਿ ਸਭ ਜਾਓ। ਸਾਰੇ ਲੋਕ ਇੱਕ ਮਿੰਟ ਤੋਂ ਪਹਿਲੇ ਪਹਿਲੇ ਖਿੱਲਰ ਗਏ। ਲੋਕਾਂ ਦੇ ਚਲੇ ਜਾਵਣ ਮਗਰੋਂ ਆੜ੍ਹਤੀ ਨੇ ਆਖਿਆ, "ਜਮਾਲ ਦਿਆ ਮੁੰਡਿਆ, ਗੁੱਸਾ ਤੇ ਮੈਨੂੰ ਆਇਆ ਸੀ ਪਰ ਤੇਰੀ ਸੱਚਾਈ ਤੇ ਸਾਦਗੀ ਨੂੰ ਵੇਖ ਕੇ ਕੁੱਝ ਕਹਿਣ ਨੂੰ ਜੀ ਨਹੀਂ ਕੀਤਾ। ਤੇਰਾ ਕਬਿਤ ਲੋਕਾਂ ਨੂੰ ਪਸੰਦ ਵੀ ਬਹੁਤ ਆਇਆ ਏ। ਗੱਲ ਤਾਂ ਜਿਹੜੀ ਹੋਣੀ ਸੀ। ਉਹ ਤਾਂ ਹੋ ਗਈ, ਹੁਣ ਗੁੱਸਾ ਕੀਤਿਆਂ ਕੀ ਹੋਣਾ ਸੀ।"
"ਬੜੀ ਮਿਹਰਬਾਨੀ ਜੀ", ਮੈਂ ਅਹਿਸਾਨਮੰਦ ਹੋ ਕੇ ਆਖਿਆ।
ਆੜ੍ਹਤੀ ਮੇਰੀ ਕੰਡ ਉੱਤੇ ਥਾਪੀ ਮਾਰ ਕੇ ਆਖਿਆ, “ਪੁੱਤਰਾ ਤੇਰੀ ਹਿੰਮਤ ਤੇ ਹੌਂਸਲਾ ਵੇਖ ਕੇ ਮੈਨੂੰ ਕਾਵੜ ਨਹੀਂ ਹੋਈ, ਪਰ ਇੱਕ ਗੱਲ ਦੀ ਤੈਨੂੰ ਉੱਕਾ ਸਮਝ ਨਹੀਂ ਆਈ।”