

ਏਥੇ ਆਇਆ ਸਾਂ ਪਰ ਲਾਲ ਬੂਹੇ ਵਾਲੇ ਹੁਜਰੇ ਅੰਦਰ ਕਦੀ ਝਾਤ ਨਹੀਂ ਸੀ ਪਾਈ ਤੇ ਨਾ ਈ ਕਦੇ ਲਾਲ ਬੂਹੇ ਵਾਲੇ ਹੁਜਰੇ ਬਾਰੇ ਸੋਚਿਆ ਈ ਸੀ ਕਿ ਏਥੇ ਕੌਣ ਰਹਿੰਦਾ ਏ ਤੇ ਕੀ ਕਰਦਾ ਏ।
ਚੌਧਰੀ ਆੜ੍ਹਤੀ ਨੇ ਲਾਲ ਬੂਹੇ ਦੀ ਕੁੰਡੀ ਖੜਕਾਈ ਤਾਂ ਅੰਦਰੋਂ ਭਾਰੀ ਅਵਾਜ਼ ਆਈ, “ਬੂਹਾ ਖੁੱਲ੍ਹਾ ਏ, ਲੰਘ ਆਓ।" ਸੜਕ ਉੱਤੇ ਬੂਹਾ ਖੁੱਲ੍ਹਦਾ ਸੀ ਤੇ ਖੁੱਲ੍ਹਾ ਈ ਰਹਿੰਦਾ ਜਾਪਦਾ ਸੀ। ਅਸੀਂ ਦੋਵੇਂ ਹੁਜਰੇ ਦੇ ਅੰਦਰ ਗਏ। ਵੇਖਿਆ, ਸਾਹਮਣੇ ਇੱਕ ਪਹਿਲਵਾਨ ਬੈਠਾ ਹੋਇਆ ਸੀ। ਤਿੰਨ ਚਾਰ ਬੰਦੇ ਹੋਰ ਵੀ ਬੈਠੇ ਹੋਏ ਸਨ । ਅਸਾਂ ਵੀ ਪਹਿਲਵਾਨ ਦੇ ਇਸ਼ਾਰੇ ਨਾਲ ਬੈਠ ਗਏ। ਘੋਨ ਮਘੋਨੇ ਤੇ ਰੋਡ ਮਰੋਡੇ ਪਹਿਲਵਾਨ ਦੇ ਸੱਜੇ ਖੱਬੇ ਤੇ ਸਾਰੇ ਹੁਜਰੇ ਵਿੱਚ ਕਿਤਾਬਾਂ ਹੀ ਕਿਤਾਬਾਂ ਸਨ । ਪੰਜਾਹ ਇਕਵੰਜਾ ਸਾਲ ਦਾ ਪਹਿਲਵਾਨ, ਅਜੇ ਕਾਠੀ ਮਜ਼ਬੂਤ ਤੇ ਸਾਫ਼ ਰੰਗ ਦਾ ਸੀ, ਭਾਰੀ ਜੁੱਸਾ ਤੇ ਨੈਣ ਨਕਸ਼ ਵੀ ਭਾਰੇ ਸਨ। ਮੇਰੇ ਖਿਆਲ ਵਿੱਚ ਪਹਿਲਵਾਨ ਪੁਰਾਣੀਆਂ ਕਿਤਾਬਾਂ ਤੇ ਰੱਦੀ ਦਾ ਕੰਮ ਕਰ ਹੋਸੀ। ਬੁੱਢਾ ਹੋ ਕੇ ਪਹਿਲਵਾਨ ਇਹ ਕੁੱਝ ਈ ਕਰਦਾ ਏ ਯਾ ਕੁੱਕੜ ਬਟੇਰੇ ਲੜਾਂਵਦਾ ਏ।
ਅਸਾਂ ਬੈਠ ਗਏ ਤਾਂ ਪਹਿਲਵਾਨ ਪੁੱਛਿਆ, "ਆਓ ਚੌਧਰੀ ਸਾਹਿਬ, ਕਿੱਧਰ ਆਵਣਾ ਹੋਇਆ। ਇਹ ਮੁੰਡਾ ਕੌਣ ਏ? ਪਹਿਲੇ ਤਾਂ ਤੁਹਾਡੇ ਨਾਲ ਕਦੇ ਨਹੀਂ ਵੇਖਿਆ।"
ਆੜ੍ਹਤੀ ਬੋਲਿਆ, "ਉਸਤਾਦ ਜੀ, ਇਹ ਖਰਾ ਤੇ ਸੱਚਾ ਮੁੰਡਾ ਏ। ਹਿੰਮਤ ਤੇ ਹੌਂਸਲੇ ਵਾਲਾ । ਮਿਹਰਬਾਨੀ ਕਰੋ ਇਹਨੂੰ ਆਪਣਾ ਸ਼ਾਗਿਰਦ ਬਣਾ ਲਵੋ ਇਹ ਸੱਚ ਬੋਲਦਾ ਏ।"
ਪਹਿਲਵਾਨ ਮੇਰੇ ਵੱਲ ਮੁਸਕਰਾ ਕੇ ਵੇਖਿਆ ਤੇ ਆਖਿਆ, "ਠੀਕ ਏ। ਇਹ ਆਂਵਦਾ ਜਾਂਦਾ ਰਿਹਾ ਤਾਂ ਵੇਖਾਂਗੇ।" ਬਾਕੀ ਦੇ ਬੰਦਿਆਂ ਮੇਰੇ ਵੱਲ ਬੜੇ ਗੌਹ ਤੇ ਹੈਰਾਨੀ ਨਾਲ ਵੇਖਿਆ ਸੀ, ਪਰ ਇਹ ਬੰਦੇ ਪਹਿਲਵਾਨ ਨਹੀਂ ਸਨ ਲੱਗਦੇ। ਸਾਦੇ ਤੇ ਓਪਰੇ ਓਪਰੇ ਜਿਹੇ ਆਮ ਲੋਕਾਂ ਵਾਂਗਰ ਮਲੂਮ ਨਹੀਂ ਸਨ ਹੁੰਦੇ। ਹੋਰ ਕੋਈ ਗੱਲ ਨਹੀਂ ਹੋਈ।
ਆੜ੍ਹਤੀ ਮੈਨੂੰ ਨਾਲ ਲੈ ਕੇ ਆੜ੍ਹਤ ਉੱਤੇ ਆ ਗਿਆ ਤੇ ਆਖਿਆ, "ਲੈ ਜਮਾਲ ਦਿਆ ਮੁੰਡਿਆ! ਰੱਬ ਢੋਹ ਤਾਂ ਚੰਗਾ ਲਾਇਆ ਏ, ਅੱਗੋਂ ਤੇਰੀ ਕਿਸਮਤ।”
ਮੈਨੂੰ ਕੁੱਝ ਸਮਝ ਨਹੀਂ ਸੀ ਆਈ। ਮੈਂ ਤੇ ਪਹਿਲਵਾਨ! ਭਲਾਂ ਮੇਰਾ ਕੀ ਤੁਅੱਲਕ ਪਹਿਲਵਾਨੀ ਨਾਲ ! ਮੈਂ ਆਖਿਆ, "ਚੌਧਰੀ ਜੀ, ਮੈਂ ਤੁਹਾਨੂੰ ਪਹਿਲਵਾਨ ਜਾਪਦਾ ਹਾਂ ?"
"ਕੀ ਮਤਲਬ ?" ਚੌਧਰੀ ਪੁੱਛਿਆ।
“ਤੁਸਾਂ ਮੈਨੂੰ ਸ਼ਾਇਰ ਦੀ ਬਜਾਏ ਪਹਿਲਵਾਨ ਦਾ ਸ਼ਾਗਿਰਦ ਬਨਾਵਣ ਲੈ ਗਏ ਸੌਂ।”
ਮੇਰੀ ਏਸ ਗੱਲ ਉੱਤੇ ਚੌਧਰੀ ਬਹੁਤ ਹੱਸਿਆ ਤੇ ਆਖਿਆ, “ਓਏ ਜਮਾਲ ਦਿਆ ਮੁੰਡਿਆ! ਉਹ ਜੁੱਸੇ ਬਾਣੇ ਪਾਰੋਂ ਪਹਿਲਵਾਨ ਈ ਜਾਪਦਾ ਏ ਪਰ ਉਹ ਬਹੁਤ ਸੱਚਾ ਖਰਾ ਸ਼ਾਇਰ ਤੇ ਦਰਵੇਸ਼ ਏ। ਏਸੇ ਹੁਜਰੇ ਈ ਸ਼ਾਹ ਹੁਸੈਨ ਨੇ ਚਿਲ੍ਹਾ ਕੱਟਿਆ ਸੀ ਤੇ ਇਹ ਦਰਵੇਸ਼ ਹੁਜਰੇ ਦੀ ਲਾਜ ਰੱਖੀ ਬੈਠਾ ਏ ।"