

ਅਗਲੇ ਐਤਵਾਰ ਦਾ ਸੁਣਕੇ ਮੈਂ ਏਥੋਂ ਉੱਠ ਟੁਰਿਆ। ਰਾਤ ਵਾਹਵਾ ਲੰਘ ਗਈ ਸੀ ਲਾਰੀ ਅੱਡੇ ਤੋਂ ਸ਼ੇਖੂਪੁਰੇ ਨੂੰ ਜਾਵਣ ਵਾਲੀ ਕੋਈ ਬੱਸ ਰਾਹ ਦੀ ਸਵਾਰੀ ਉਠਾਵਣ ਨੂੰ ਤਿਆਰ ਨਹੀਂ ਸੀ। ਹਰ ਬੱਸ ਤੋੜ ਸ਼ੇਖੂਪੁਰਾ ਦੀ ਸਵਾਰੀ ਦੀ ਭਾਲ ਤੇ ਉਡੀਕ ਵਿੱਚ ਰਹਿੰਦੀ। ਰਾਹ ਵਿੱਚ ਬਰੇਕ ਲਾਵਣਾ ਬੱਸ ਵਾਲ਼ੇ ਆਪਣੀ ਤੌਹੀਨ ਸਮਝਦੇ ਸਨ । ਰਾਹ ਦੀ ਸਵਾਰੀ ਨੂੰ ਤਾਂ ਬੱਸ ਦੀ ਬਾਰੀ ਲਾਗੇ ਵੀ ਖਲੋਣ ਨਹੀਂ ਸਨ ਦਿੰਦੇ । ਬਹੁਤੀਆਂ ਬੱਸਾਂ ਵਾਲੇ ਲਾਇਲਪੁਰ, ਝੰਗ, ਸਰਗੋਧਾ ਤੇ ਮੀਆਂਵਾਲੀ ਦੀਆਂ ਅਵਾਜ਼ਾਂ ਦਿੰਦੇ ਸਨ । ਕੋਈ ਕੋਈ ਬੱਸ ਵਾਲਾ ਸ਼ੇਖੂਪੁਰੇ ਦੀ ਅਵਾਜ਼ ਲਾਂਵਦਾ। ਰਾਹ ਦੀ ਸਵਾਰੀ ਕੋਈ ਨਹੀਂ ਸੀ ਉਠਾਂਵਦਾ। ਦੋ ਤਿੰਨ ਸਵਾਰੀਆਂ ਹੋਰ ਵੀ ਤਰਲੇ ਲੈ ਰਹੀਆਂ ਸਨ। ਉਹਨਾਂ ਵੀ ਰਾਹ ਵਿੱਚ ਈ ਲਹਿਣਾ ਸੀ।
ਮੈਥੋਂ ਅੱਡ ਰਾਹ ਦੀਆਂ ਸਵਾਰੀਆਂ ਵਿੱਚ ਦੋ ਮਜ਼ਦੂਰ ਸਨ ਜਿਹੜੇ ਸ਼ਹਿਰ ਦਿਹਾੜੀ ਲਈ ਰੋਜ਼ ਆਂਵਦੇ ਸਨ ਤੇ ਇੰਜ ਈ ਖੱਜਲ ਖੁਆਰ ਹੁੰਦੇ ਸਨ। ਇੱਕ ਬਾਬਾ ਤੇ ਇੱਕ ਜਵਾਨ ਕੁੜੀ ਸੀ। ਚੰਗੇ ਰੰਗ ਰੂਪ ਦੀ ਕੁੜੀ ਵੱਲ ਹਰ ਇੱਕ ਅੱਖਾਂ ਭਰ ਭਰ ਤੱਕਦਾ ਸੀ, ਪਰ ਕੁੜੀ ਸ਼ਰਮਾਈ ਸ਼ਰਮਾਈ ਅੱਖਾਂ ਨੀਵੀਂਆਂ ਈ ਰੱਖਦੀ। ਉਹਨੇ ਕਿਸੇ ਵੱਲ ਵੀ ਅੱਖ ਚੁੱਕ ਕੇ ਨਾ ਵੇਖਿਆ। ਬਸ ਉੱਤੇ ਨਾ ਉਠਾਵਣ ਦੀ ਕੁੜੱਤਣ ਤਾਂ ਅਸਾਨੂੰ ਹੈ ਈ ਸੀ । ਜੂ ਜੂੰ ਵੇਲਾ ਲੰਘਦਾ ਜਾ ਰਿਹਾ ਸੀ, ਚਿੰਤਾ ਵਧਦੀ ਜਾ ਰਹੀ ਸੀ ਕਿ ਜੇ ਕਿਸੇ ਵੀ ਬੱਸ ਵਾਲ਼ੇ ਨਾ ਉਠਾਇਆ ਤਾਂ ਰਾਤ ਕਿੱਧਰੇ ਜਾਵਣ ਜੋਗੇ ਵੀ ਨਹੀਂ।
ਜਦ ਜਵਾਨ ਕੁੜੀ ਵੱਲ ਤੱਕਦੇ ਤਾਂ ਕੁੱਝ ਦੇਰ ਚਿੰਤਾ ਮੁੱਕ ਜਾਂਦੀ। ਹੋਰ ਵੀ ਸਵਾਰੀਆਂ ਆ ਜਾ ਰਹੀਆਂ ਸਨ। ਉਹਨਾਂ ਸਵਾਰੀਆਂ ਵਿੱਚ ਵੀ ਸੁਹਣੇ ਸੁਹਣੇ ਮੁਖੜੇ ਨਜ਼ਰ ਆਂਵਦੇ ਸਨ, ਪਰ ਇਹ ਮੁਖੜਾ ਤਾਂ ਅਸਾਡੇ ਵਾਂਗ ਅਸਾਡੇ ਨਾਲ ਚਿੰਤਾ ਵਿੱਚ ਸੀ। ਹੁਣ ਅਸੀਂ ਬੱਸਾਂ ਵਾਲਿਆਂ ਦੀ ਮਿੰਨਤ ਕਰਨ ਲੱਗ ਪਏ ਸਾਂ ।
ਆਖਿਰ ਇੱਕ ਬੱਸ ਵਾਲ਼ੇ ਨੂੰ ਰਾਹ ਦੀਆਂ ਸਵਾਰੀਆਂ ਉੱਤੇ ਤਰਸ ਆ ਈ ਗਿਆ। ਉਸ ਆਖਿਆ "ਜਿੱਥੇ ਜਿੱਥੇ ਵੀ ਕਿਸੇ ਜਾਣਾ ਏ ਬੈਠ ਜਾਓ ਪਰ ਕਿਰਾਇਆ ਸ਼ੇਖੂਪੁਰੇ ਦਾ ਹੋਸੀ।"
ਅਸਾਂ ਦੂਣਾ ਕਿਰਾਇਆ ਦੇ ਕੇ ਬਹਿ ਜਾਣਾ ਪਸੰਦ ਕੀਤਾ ਤਾਂ ਬੱਸ ਸਵਾਰੀਆਂ ਨੂੰ ਲੈ ਕੇ ਟੁਰ ਪਈ। ਬੱਸ ਉੱਤੋਂ ਉੱਤਰ ਕੇ ਜਦ ਮੈਂ ਆਪਣੇ ਪਿੰਡ ਲਾਗੇ ਅੱਪੜਿਆ ਤਾਂ ਉੱਥੇ ਟਿਊਬ ਵੈੱਲ ਲਾਗੇ ਬੈਠਕ ਵਿੱਚੋਂ ਕੁੱਝ ਬੰਦਿਆਂ ਮੈਨੂੰ ਰੋਕ ਕੇ ਪੁੱਛਿਆ-
"ਕੌਣ ਏਂ ਤੂੰ ?”
ਤਿੰਨ ਕੁ ਓਪਰੇ ਜਿਹੇ ਬੰਦੇ, ਉਹਨਾਂ ਕੋਲ ਬੰਦੂਕਾਂ ਤੇ ਬੰਦੂਕਾਂ ਦੇ ਮੂੰਹ ਮੇਰੇ ਵੱਲ। ਮੇਰੇ ਲਈ ਬੜੇ ਅਚੰਬੇ ਵਾਲੀ ਗੱਲ ਸੀ ਕਿ ਅਸਾਡੇ ਪਿੰਡ ਲਾਗੇ, ਪਿੰਡ ਦੇ ਟਿਊਬ ਵੈੱਲ ਉੱਤੇ ਮੈਨੂੰ ਪੁੱਛਿਆ ਜਾ ਰਿਹਾ ਏ ਕਿ "ਕੌਣ ਏਂ ਤੂੰ?" ਕਮਾਲ ਏ। ਪਹਿਲਾਂ ਤਾਂ ਮੈਂ ਅੰਨ੍ਹੇਰੇ ਵਿੱਚ ਅੱਖਾਂ ਪਾੜ ਪਾੜ ਕੇ ਉਨਾਂ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਪਰ ਉਹ ਕੋਈ ਓਪਰੇ ਬੰਦੇ ਸਨ।