

"ਅਤੇ ਫਿਰ ਹੁਣ ਨਵੀਂ ਗੱਲ ਵਾਸਤੇ ਪੁਰਾਣੀ ਗੱਲ ਨੂੰ ਭੁੱਲ ਜਾਵਾਂ ।" ਮੈਂ ਜਜ਼ਬਾਤੀ ਹੋ ਰਿਹਾ ਸਾਂ। "ਵੇਖ ਜ਼ੋਹਰਾ !"
"ਵੇਖ”, ਉਸ ਬੜੇ ਹੌਂਸਲੇ ਤੇ ਨਰਮ ਸੁਭਾਅ ਨਾਲ ਆਖਿਆ:
"ਜਿਸ ਕੁੜੀ ਦੀ ਮੰਗਣੀ ਟੁੱਟ ਜਾਵੇ, ਜੱਗ ਵਿੱਚ ਉਹਦੀ ਇੱਜ਼ਤ ਘਟ ਜਾਂਦੀ ਏ। ਤੇਰੀ ਭੂਆ ਮੇਰੀ ਸਹੇਲੀ ਏ। ਪਹਿਲੀ ਸਹੇਲੀ । ਤੈਨੂੰ ਪਤਾ ਏ ਨਾ ਉਹ ਮੇਰੇ ਨਾਲ ਕਿੰਨਾ ਪਿਆਰ ਕਰਦੀ ਏ, ਸਕੀ ਭੈਣ ਨਾਲੋਂ ਬਹੁਤਾ ।"
"ਹਾਂ, ਮੈਨੂੰ ਪਤਾ ਏ।"
"ਅਤੇ ਫੇਰ ਤੈਨੂੰ ਮੇਰੀ ਸਹੇਲੀ ਵਾਸਤੇ ਸੁੱਖ ਖਰੀਦਣੇ ਹੋਵਣਗੇ।" ਮੈਂ ਚੁੱਪ ਕਰ ਗਿਆ। ਮੇਰੇ ਕੋਲ ਹੁਣ ਜਵਾਬ ਦੇਣ ਲਈ ਹਿੰਮਤ ਨਹੀਂ ਸੀ ਰਹੀ। ਮੈਨੂੰ ਚੁੱਪ ਵੇਖ ਕੇ ਉਸ ਆਖਿਆ:
"ਯਾਦ ਈ ਗੋਗੀ, ਮੈਂ ਤੇਰਾ ਮੂੰਹ ਚੁੰਮ ਲਿਆ ਕਰਦੀ ਸਾਂ।" ਮੈਂ ਸਿਰ ਹਿਲਾ ਕੇ ਇਕਰਾਰ ਕੀਤਾ ਤੇ ਉਸ ਆਖਿਆ, “ਪਤਾ ਈ, ਕਿਉਂ ?”
ਮੈਂ ਰੋਣਹਾਕਾ ਸਾਂ, ਬੋਲਿਆ, "ਨਿੱਕਾ ਸਮਝਕੇ।" ਮੇਰੇ ਏਸ ਢੰਗ ਨਾਲ ਬੋਲਣ 'ਤੇ ਉਸਦਾ ਹਾਸਾ ਨਿੱਕਲ ਗਿਆ, ਬੋਲੀ "ਨਹੀਂ ਵੇ ਗੋਗੀ, ਨਿੱਕਾ ਸਮਝ ਕੇ ਨਹੀਂ। ਨਾ ਈ ਮੈਂ ਤੈਨੂੰ ਛੋਟਾ ਸਮਝਦੀ ਆਂ। ਪਤਾ ਨਹੀਂ ਕਿਹੜੀ ਸ਼ੈ ਤੇਰੇ ਵਿੱਚ ਨਜ਼ਰ ਆਂਵਦੀ ਸੀ!"
"ਕਿਹੜੀ ਸ਼ੈ ? ਕਿਉਂ ਚੁੰਮਦੀ ਸੈਂ ? ਕੀ ਏ ਮੇਰੇ ਵਿੱਚ ਜੋ ਉਦੋਂ ਹੈਸੀ ਤੇ ਹੁਣ ਨਹੀਂ ? ਕੀ ਨਜ਼ਰ ਆਇਆ ਸੀ ਤੈਨੂੰ ?" ਮੇਰੇ ਵਿੱਚ ਤਲਖੀ ਵਧ ਗਈ ਸੀ।
“ਪਤਾ ਨਹੀਂ ਕੀ ਏ ਤੇਰੇ ਵਿੱਚ, ਉਦੋਂ ਵੀ ਹੈਸੀ ਤੇ ਹੁਣ ਵੀ ਹੈ, ਜੋ ਦੂਜਿਆਂ ਵਿੱਚ ਨਹੀਂ, ਗੋਗੀ।"
"ਕੁੱਝ ਨਹੀਂ ਜ਼ੋਹਰਾ ਮੇਰੇ ਵਿੱਚ, ਕੁੱਝ ਵੀ ਤੇ ਨਹੀਂ। ਐਵੇਂ ਨਾ ਪਰਚਾ, ਤੈਨੂੰ ਕਿਸੇ ਹੋਰ ਦਾ ਭੁਲੇਖਾ ਪੈਂਦਾ ਹੋਸੀ ।" ਮੈਂ ਤਾਅਨਾ ਮਾਰਿਆ।
"ਹੋ ਸਕਦਾ ਏ ਇੰਜ ਈ ਹੋਵੇ, ਮੈਨੂੰ ਕਿਸੇ ਹੋਰ ਦਾ ਭੁਲੇਖਾ ਪੈਂਦਾ ਹੋਵੇ, ਪਰ ਕੁੱਝ ਹੈ ਜ਼ਰੂਰ। ਕੋਈ ਵੱਖਰੀ ਸ਼ੈ ਜੀਹਦਾ ਮੈਨੂੰ ਪਤਾ ਈ ਨਹੀਂ ਲਗਦਾ ਪਿਆ ਕਿ ਕਿਹੜੀ ਸ਼ੈ ਹੈ ਤੇਰੇ ਵਿੱਚ।"
ਮੈਂ ਮੁਸਕਰਾ ਕੇ ਆਖਿਆ, "ਜ਼ੋਹਰਾ ਹੈ ਮੇਰੇ ਵਿੱਚ ਵੱਖਰੀ ਸ਼ੈ। ਗੁੱਸਾ, ਜ਼ਿੱਦ ਨਫਰਤ। ਇਸ ਤੋਂ ਇਲਾਵਾ ਕੁੱਝ ਨਹੀਂ।
"ਨਹੀਂ ਵੇ, ਗੁੱਸਾ, ਜ਼ਿੱਦ ਤੇ ਨਫ਼ਰਤ ਸਾਰਿਆਂ ਵਿੱਚ ਈ ਹੁੰਦੀ ਏ। ਕੋਈ ਦਬਾਈ ਫਿਰਦਾ ਏ ਤੇ ਕੋਈ ਦਬਾ ਨਹੀਂ ਸਕਦਾ, ਪਰ ਤੇਰੇ ਵਿੱਚ ਕੁੱਝ ਹੋਰ ਏ ਜਿਸਦੀ ਮੈਨੂੰ ਖਿੱਚ ਏ। ਉਹ ਕੀ ਏ, ਮੈਨੂੰ ਮਲੂਮ ਨਹੀਂ।"
"ਤੇਰੀਆਂ ਤੂੰ ਜਾਣੇ ਜ਼ੋਹਰਾ, ਮੈਨੂੰ ਤੇਰੀਆਂ ਗੱਲਾਂ ਦੀ ਸਮਝ ਨਹੀਉਂ ਆ ਰਹੀ।" ਏਨੀ ਗੱਲ ਆਖ ਕੇ ਮੈਂ ਉਹਨੂੰ ਜੱਫੀ ਪਾ ਲਈ । ਉਹ ਜੱਫੀ ਵਿੱਚੋਂ ਨਿੱਕਲ ਕੇ ਪਰ੍ਹਾਂ ਖਲੋ ਗਈ।
ਮੈਂ ਆਖਿਆ, "ਜ਼ੋਹਰਾ, ਤੂੰ ਕਹਿਣਾ ਕੀ ਚਾਹਨੀ ਏਂ ?"