

ਨਾਲੇ ਰੋਈ ਵੀ ਜਾਂਦੀਆਂ ਸਨ ਤੇ ਨਾਲੇ ਗਾਈ ਵੀ ਜਾਂਦੀਆਂ ਸਨ ।
ਸਮਝ ਨਹੀਂ ਸੀ ਆ ਰਹੀ ਕਿ ਰੋਵਣ ਤੇ ਗਾਵਣ ਇੱਕੋ ਵੇਲੇ ਹੋ ਸਕਦਾ ਏ। ਪਰ ਮੇਰੇ ਸਾਹਮਣੇ ਸਭ ਕੁੱਝ ਹੋ ਰਿਹਾ ਸੀ। ਕੁੜੀਆਂ ਗਾਵੰਦੀਆਂ ਗਾਵੰਦੀਆਂ ਹੱਸ ਵੀ ਪੈਂਦੀਆਂ ਤੇ ਅੱਥਰੂ ਵੀ ਕੇਰੀ ਜਾਂਦੀਆਂ ਸਨ । ਇੱਕ ਦੂਜੇ ਨੂੰ ਛੇੜ ਵੀ ਲੈਂਦੀਆਂ ਸਨ ਤੇ ਮੋਟੇ ਮੋਟੇ ਅੱਥਰੂ ਵੀ ਡੋਲ੍ਹ ਰਹੀਆਂ ਸਨ। ਚਲੋ ਰੋਣਾ ਗਾਵਣਾ ਤੇ ਹੋਇਆ ਪਰ ਹਾਸਾ ਮਖੌਲ ਠੱਠਾ ਵੀ ਵਿੱਚੇ ਈ ਇੱਕੋ ਵੇਲ਼ੇ ਇੱਕੋ ਸੁਰ ਵਿੱਚ ਕਮਾਲ ਸੀ । ਡੋਲੀ ਅਸਾਡੇ ਘਰ ਆ ਗਈ। ਕੁੜੀਆਂ ਤੇ ਸਵਾਣੀਆਂ ਥਕਲਿਆਂ ਵਾਂਗ ਆਣ ਢੁਕੀਆਂ। ਡੋਲੀ ਦਵਾਲੇ ਗੀਤ ਗਾਏ ਗਏ।
ਬੀਬੀ ਵੰਗਾ ਨਾ ਛਣਕਾ ਅਸਾਡਾ ਨੀਂਗਰ ਈ ਇਆਣਾ
ਚੱਪਾ ਟੁੱਕਰ ਦੇ ਕੇ ਵਰਚਾਣਾ
"ਲੈ ਭਲਾਂ, ਮੈਂ ਬਾਲ ਕਿੱਥੇ ਸਾਂ", ਮੈਂ ਦਿਲ ਵਿੱਚ ਸੋਚਿਆ "ਜੇ ਮੈਂ ਬਾਲ ਸਾਂ ਤਾਂ ਫੇਰ ਵਿਆਹ ਕਿਉਂ ਕੀਤਾ ਏ ਮੇਰਾ ?"
ਪਰ ਮਨ ਦੇ ਅੰਦਰ ਮੈਂ ਗੁਟਕ ਵੀ ਰਿਹਾ ਸਾਂ । ਸਾਰੇ ਟੱਬਰ ਵਾਸਤੇ ਇੱਕੋ ਕੁੱਲੀ ਸੀ ਅਸਾਡੀ। ਪੋਹ ਦੀ ਰਾਤ, ਕੁੱਝ ਪ੍ਰਾਹੁਣੇ ਵੀ ਅਜੇ ਇੱਥੇ ਈ ਸਨ। ਅਸਾਡੇ ਲਾੜੀ ਲਾੜੇ ਦੇ ਆਪਸੀ ਸ਼ਗਨ ਕਿੱਥੋਂ ਪੂਰੇ ਹੋਣੇ ਸਨ! ਬੜੀ ਬੇਸ਼ਗਨੀ ਹੋਈ ਸੀ ਪਹਿਲੀ ਰਾਤ।
ਦਿਨ ਚੜ੍ਹੇ ਨੂੰ ਮੈਂ ਆਪਣੀ ਵਹੁਟੀ ਦਾ ਮੂੰਹ ਵੇਖਿਆ, ਉਹ ਵੀ ਗਾਨਾ ਖੇਡਣ ਵੇਲੇ । ਮੇਰੀ ਵਹੁਟੀ ਨੂੰ ਮਿਲਣ ਵਾਸਤੇ ਜ਼ੋਹਰਾ ਵੀ ਆਈ ਸੀ । ਉਸ ਮੇਰੀ ਵਹੁਟੀ ਨਾਲ ਢੇਰ ਗੱਲਾਂ ਕੀਤੀਆਂ ਪਰ ਮੇਰੇ ਨਾਲ ਇੱਕ ਵੀ ਨਾ। ਮੈਂ ਦੂਰੋਂ ਈ ਮੁਸਕਰਾ ਛੱਡਦਾ ਸੀ। ਉਸ ਮੁਸਕਰਾਹਟ ਵਿੱਚ ਵੀ ਤਲਖੀ ਤੇ ਉਦਾਸੀ ਸੀ। ਅੰਦਰੋਂ ਅੰਦਰ ਮੈਂ ਪੱਚੀ ਵੀ ਹੋ ਰਿਹਾ ਸਾਂ।
ਅੱਠਾਂ ਦਸਾਂ ਦਿਨਾਂ ਮਗਰੋਂ ਅਸਾਡਾ ਮਰਾਸੀ ਸਰਘੀ ਵੇਲੇ ਨਾਜ਼ਲ ਹੋ ਗਿਆ। ਕਹਿਰ ਦੀ ਠੰਡ ਸੀ, ਸੀਤ ਡਿੱਗਦੀ ਪਈ ਸੀ । ਮਰਾਸੀ ਪਾਲਾ ਝਾਗਦਾ, ਕੰਬਦਾ ਕੰਬਦਾ ਕੁੱਬਾ ਹੁੰਦਾ ਵਿਹੜੇ ਆ ਵੜਿਆ। ਉਹ ਮੇਰੇ ਵਿਆਹ ਦੀ ਵਧਾਈ ਛੋਹ ਦਿੱਤੀ, ਰੰਗ ਬਰੰਗੇ ਰਾਗ ਕੱਢੇ ਤੇ ਅਸਾਡੇ ਸੱਜਰੇ ਪੜ੍ਹ ਪੜ੍ਹ ਕੇ ਅਸਾਨੂੰ ਅਸਮਾਨਾਂ ਉੱਤੇ ਚੜ੍ਹਾ ਦਿੱਤਾ । ਮਰਾਸੀ ਦੇ ਹੁਨਰ ਤੇ ਫਨ ਉੱਤੇ ਮੈਨੂੰ ਪਹਿਲੀ ਵਾਰ ਤਰਸ ਆਇਆ। ਢਿੱਡ ਦੀ ਭੁੱਖ ਮਿਟਾਵਣ ਲਈ ਕੰਮੀਆਂ ਦਾ ਕੰਮੀ ਬਣਨਾ ਪੈਂਦਾ ਏ, ਮਾਂਗਤਾਂ ਦਾ ਮਾਂਗਤ ਵੀ ਅਖਵਾਣਾ ਪੈਂਦਾ ਏ।
ਸਮਾਜ ਤੇ ਜੂਹ ਦੇ ਲੋਕਾਂ ਦੀ ਨਜ਼ਰ ਵਿੱਚ ਅਸਾਂ ਬਹੁਤ ਹੀ ਨਮਾਣੇ ਤੇ ਹੇਠਲੇ ਤਬਕੇ ਦੇ ਕੰਮੀ ਕਮੀਨ ਆਂ, ਪਰ ਇਹ ਤਾਂ ਅਸਾਡਾ ਵੀ ਕੰਮੀ ਬਣਿਆ ਹੋਇਆ ਏ । ਰੱਬਾ! ਏਹੋ ਜਿਹੀ ਰਹਿਤਲ ਦੀ ਬਣਤਲ ਕੀ ਏ । ਮੇਰੇ ਅੰਦਰ ਹੋਰ ਤਲਖੀ ਵਧ ਜਾਂਦੀ ਏ। ਆਖਰ ਇੰਜ ਕਿਉਂ ਏ ? ਮੈਂ ਸੋਚਦਾ ਕਿ ਲੋਕ ਆਪਣੇ ਆਪ ਨੂੰ ਏਨਾ ਹੀਣਾ ਕਿਉਂ ਬਣਾ ਲੈਂਦੇ ਨੇ ।
ਮੇਰੇ ਵਿਆਹ ਉੱਤੇ ਕੋਈ ਨਾਈ ਦੇ ਰੂਪ ਵਿੱਚ ਕੰਮੀ ਆਇਆ। ਕੋਈ ਮਾਛੀ ਤੇ ਕੋਈ ਕਿਸੇ ਰੂਪ ਵਿੱਚ ਲਾਗ ਵਸੂਲਣ ਆ ਜਾਂਦਾ ਸੀ । ਮੈਨੂੰ ਇਹ ਸਾਰਾ ਕੁੱਝ ਪਸੰਦ ਨਹੀਂ ਸੀ।