ਕਿਲ੍ਹੇ ਦੇ ਅੰਦਰ ਵੇਖੋ ਤਾਂ ਭਾਵੀ ਹੋਰ ਹੀ ਖੇਲ ਰਚਾਏ ਬੈਠੀ ਹੈ ਪਰ ਸਜੇ ਹੋਏ ਕਮਰੇ ਵਿਚ ਇਕ ਮੋਰ ਪੰਖ ਦੀ ਉਣਤ ਪਲੰਘ ਪੁਰ ਬਿਜੈ ਸਿੰਘ ਜੀ ਬਿਰਾਜਮਾਨ ਸੁੰਦਰ ਗੋਲੀਆਂ ਦੇ ਝੁੰਡ ਵਿਚ ਬੈਠੇ ਐਉਂ ਸਜ ਰਹੇ ਹਨ, ਜਿਵੇਂ ਗਿੱਟੀਆਂ ਵਿਚ ਕੋਈ ਤਾਰਾ। ਇਹ ਬੇਗ਼ਮ ਦੀਆਂ ਅੰਤ੍ਰਿੰਗ ਸਖੀਆਂ ਹਨ, ਜੋ ਬਿਜੈ ਸਿੰਘ ਨੂੰ ਸਮਝਾ ਰਹੀਆਂ ਹਨ, ਪਰ ਸਭ ਦੀਆਂ ਸਿੱਖ੍ਯਾ ਥਿੰਧੇ ਘੜੇ ਪੁਰ ਪਾਣੀ ਵਰਗਾ ਅਸਰ ਕਰ ਰਹੀਆਂ ਹਨ। ਕੋਈ ਰਾਤ ਦੇ ਸਵਾ ਪਹਿਰ ਬੀਤੇ ਤਕ ਸਮਝਾ ਬੁਝਾ ਕੇ ਸਖੀਆਂ ਵਿਦਾ ਹੋਈਆਂ। ਹੁਣ ਬੇਗ਼ਮ ਆਪ ਆਈ 'ਸਿੰਘ ਜੀ ਹੁਣ ਤਾਂ ਦਿਲ ਦੀਆਂ ਵਾਗਾਂ ਨੂੰ ਮੋੜੋ। ਜੇਕਰ ਮੁਸਲਮਾਨ ਹੋ ਜਾਓ ਤਾਂ ਤੁਹਾਨੂੰ ਪੰਜਾਬ ਦਾ ਹਾਕਮ ਬਣਾ ਦਿਆਂ, ਇਹ ਮੇਰੇ ਖੱਬੇ ਹੱਥ ਦਾ ਕਰਤਬ ਹੈ। ਆਪਣੇ ਤੇ ਤਰਸ ਕਰੋ, ਇਹ ਸੁੰਦਰਤਾ ਬਨ ਦੇ ਫੁੱਲਾਂ ਵਾਂਙ ਐਵੇਂ ਨਾ ਸੜ ਜਾਵੇ। ਰਚਣਹਾਰ ਨੇ ਕਿਨ੍ਹਾਂ ਸੁਲੱਖਣੇ ਹੱਥਾਂ ਨਾਲ ਤੇਰੇ ਸਰੀਰ ਦੀ ਰਚਨਾ ਰਚੀ ਹੈ, ਮੇਰੇ ਭਾਣੇ ਜਦ ਤੋਂ ਸੰਸਾਰ ਰਚਿਆ ਜਾਣ ਲੱਗਾ ਹੈ, ਤਦ ਤੋਂ ਜੋ ਜੋ ਸੂਰਤ ਰਚਣਹਾਰ ਨੇ ਰਚੀ, ਉਸਦੀ ਸੁੰਦਰਤਾ ਦੀ ਰਤਾ ਰਤਾ ਵੰਨਗੀ ਵੱਖਰੀ ਰੱਖਦਾ ਰਿਹਾ ਹੈ, ਉਹ ਸਾਰੀਆਂ ਸਾਂਭ ਕੇ ਰੱਖੀਆਂ ਸੁੰਦਰਤਾ ਦੀਆਂ ਵੰਨਗੀਆਂ ਨੂੰ ਕੱਠਾ ਕਰਕੇ ਉਸਨੇ ਇਕ ਪੁਤਲਾ ਬਣਾ ਕੇ ਬਿਜੈ ਸਿੰਘ ਨਾਮ ਧਰ ਕੇ ਸੰਸਾਰ ਵਿਚ ਘੱਲ ਦਿੱਤਾ ਹੈ। ਹੇ ਆਪਣਾ ਬੁਰਾ ਕਰਨ ਵਾਲੇ ਪੱਥਰ ਚਿਤ ਸ਼ਾਹਜ਼ਾਦੇ! ਕੁਛ ਬੋਲੋ ਤਾਂ ਸਹੀ??
ਸਿੰਘ ਜੀ- ਹੇ ਪ੍ਰਜਾ ਮਾਤਾ! ਤੇਰੇ ਸੰਕਲਪ ਮ੍ਰਿਗ ਤ੍ਰਿਸ਼ਨਾ ਦੇ ਜਲ ਵਾਂਗੂੰ, ਜਿਥੋਂ ਕੁਝ ਨਹੀਂ ਬਣਨਾ, ਉਥੋਂ ਸੁਖਾਂ ਦੀ ਆਸ ਕਰ ਰਹੇ ਹਨ, ਤੂੰ ਜਿਨ੍ਹਾਂ ਗੱਲਾਂ ਨੂੰ ਸੁਖ ਰੂਪ ਜਾਣਦੀ ਹੈਂ, ਇਹ ਸਭ ਦੁੱਖ ਰੂਪ ਹਨ। ਜਿਹੜਾ