Back ArrowLogo
Info
Profile

ਨਵਜ਼ ਨਾਲ ਦੁਨੀਆਂ ਕੰਬ ਰਹੀ ਹੈ। ਬਿਛਾਂ ਦੇ ਟਾਹਣ ਹੁਣ ਧਰਤੀ ਪੁਰ ਢੈ ਢੈ ਕੇ ਉੱਡ ਰਹੇ ਹਨ। ਹਾਇ ਦੁਖੀ ਰਾਤ! ਤੇਰਾ ਤਾਂ ਕਲੇਜਾ ਬੀ. ਪੁੱਟ ਪਿਆ, ਅੰਦਰਲੇ ਜ਼ਖਮ ਐਸੇ ਚਮਕੇ ਕਿ ਚੰਦ ਬੀ ਨਹੀਂ ਕਦੀ ਚਮਕਿਆ। ਹਾਂ ਰਾਤ ਦਾ ਕਲੇਜਾ ਪਾਟਾ, ਲੋਕਾਂ ਦੇ ਭਾਣੇ ਬਿਜਲੀ ਕੜਕਣ ਲੱਗੀ। ਹੇ ਕਾਲੀ ਰਾਤ। ਪਾਪਾਂ ਦੀ ਮਾਂ! ਜਹਾਨ ਦੇ ਉਪੱਦ੍ਰਵ ਤੇਰੇ ਵਿਚ ਹੁੰਦੇ ਹਨ। ਆਪਣੇ ਦੁੱਖਾਂ ਨਾਲ ਆਪਣਾ ਆਪ ਜਾਲ, ਗਰੀਬਾਂ ਜੀਵਾਂ ਨੂੰ ਕਿਉਂ ਦੁੱਖ ਦੇਂਦੀ ਹੈਂ। ਅੱਜ ਤੂੰ ਆਪ ਐਸ ਤਰ੍ਹਾਂ ਪਿੰਟ ਰਹੀ ਹੈਂ, ਕਦੇ ਤੇਰੇ ਕਾਲੇ ਹਿਰਦੇ ਵਿਚ ਓਦੋਂ ਬੀ ਤਰਸ ਆਉਂਦਾ ਹੈ ਜਦੋਂ ਤੇਰੀ ਸਹਿ ਪਾਕੇ ਚੋਰ ਘਰ ਭੰਨ ਲਿਜਾਂਦੇ ਹਨ ਤੇ ਵਿਚਾਰੇ ਬੇਗੁਨਾਹ ਸੁਤੇ ਪਏ ਖਾਕ ਸਾਹ ਹੈ ਜਾਂਦੇ ਹਨ। ਹਾਂ, ਗਰੀਬ ਰਾਹੀ ਲੁੱਟੇ ਜਾਂਦੇ ਹਨ। ਹੋ ਰਾਤ! ਤੂੰ ਡਾਕੂਆਂ ਨੂੰ ਸਹਾਰਾ ਦੇਂਦੀ ਹੈਂ। ਤੂੰ ਖੂਨੀ ਨੂੰ ਖੂਨ ਕਰਨ ਵਿਚ ਮਦਦ ਦੇਂਦੀ ਹੈ, ਜਿਸ ਵੇਲੇ ਕਿ ਉਹ ਸੱਜੇ ਹਥ ਵਿਚ ਤਲਵਾਰ ਚੁੱਕਦਾ ਹੈ ਤੂੰ ਖੱਬਾ ਹੱਥ ਬਣ ਕੇ ਉਸ ਦੇ ਦੁਸ਼ਟ ਕਰਮ ਵਿਚ ਸਹੈਤਾ ਕਰਦੀ ਹੈਂ। ਕਈ ਸਤਵੰਤੀਆਂ ਦੇ ਸਤ ਦੇ ਖਲਵਾੜੇ ਤੇਰੇ ਕਾਲੇ ਹਨੇਰੇ ਵਿਚ ਦੁਸ਼ਟਾਂ ਦੇ ਹੱਥੋਂ ਫੂਕੇ ਜਾਂਦੇ ਹਨ, ਤੇਰੇ ਹਨੇਰੇ ਵਿਚ ਅਨੇਕਾਂ ਵਿਧਵਾ ਤੇ ਅਨੇਕਾਂ ਅਨਾਥ ਹੋਏ। ਅਜ ਤੈਨੂੰ ਕੁਛ ਪਤਾ ਲੱਗਾ ਹੈ ਕਿ ਕਿਸੇ ਦਾ ਦਿਲ ਦੁਖਾਉਣਾ ਕੀ ਚੀਜ਼ ਹੁੰਦਾ ਹੈ। ਦੇਖ ਤੇਰੇ ਬੁਰੇਪਨ ਦਾ ਕੈਸਾ ਸਹਿਮਵਾਂ ਅਸਰ ਹੈ ਕਿ ਜੀਵ ਜੰਤੂ ਸਭ ਤੋਪ ਦੀ ਅਵਾਜ਼ ਸੁਣਕੇ ਡਰੇ ਹੋਏ ਕਾਇਰ ਵਾਂਗ ਬੇਸੁਧ ਹੋਏ ਪਏ ਹਨ। ਹੋ ਸਾਕਤ ਪੁਰਖ ਦੀ ਕਾਲੀ ਕੰਬਲੀ ਵਰਗੀ ਕਾਲੀ ਰਾਤ! ਤੈਨੂੰ ਸੰਗਤ ਦਾ ਅਸਰ ਬੀ ਨਹੀਂ ਹੋਇਆ। ਚੰਦਾ ਤੇਰਾ ਪਤੀ ਨੂਰ ਛਹਿਬਰਾਂ ਲਾਉਂਦਾ ਹੈ ਅਰ ਬੇਅੰਤ ਸਮੇਂ ਤੇਰੇ ਨਾਲ ਰਹਿੰਦਾ ਹੈ, ਪਰ ਤੂੰ ਕਾਲੀ ਦੀ ਕਾਲੀ ਰਹੀ । ਪਤੀ ਦੇ ਡਰ ਦੀ ਮਾਰੀ ਉਸ ਦੇ ਸਾਹਮਣੇ ਤੂੰ ਚਿੱਟੀ ਸਕਲ ਬਣਾਉਂਦੀ ਹੈਂ, ਪਰ ਤੇਰਾ ਹਨੇਰਾ ਖੱਡਾਂ, ਕੰਦਾਂ, ਬ੍ਰਿਛਾਂ ਅਰ ਲੁਕਵੇਂ ਥਾਵਾਂ ਪਰ ਛਿਪਿਆ ਇਸ ਤੱਕ ਵਿਚ ਰਹਿੰਦਾ ਹੈ ਕਿ ਕਦ ਚੰਦ ਜਾਵੇ ਤੇ ਕਦ ਉਹ ਨਿਕਲੇ। ਜੇ ਤੂੰ ਭਲੀ ਹੁੰਦੀ ਤਾਂ ਤੇਰੀ ਕਾਲਖ ਚੰਦ ਦੀ ਚਾਂਦਨੀ ਦੇ ਸੰਗ ਨਾਲ ਦੂਰ ਹੋ ਜਾਂਦੀ। ਪਰ ਤੂੰ ਕਾਲੀ ਦੀ  ਕਾਲੀ ਰਹੀ, ਖ਼ਬਰੇ ਤੇਰੀ ਕੁਸੰਗਤ ਦੇ ਅਸਰ ਨਾਲ ਹੀ ਤਾਂ ਚੰਦ ਵਿਚ ਛਾਈਆਂ ਨਹੀਂ ਪੈ ਗਈਆਂ!

ਇਸ ਰਾਤ ਵਿਚ ਅਸੀਂ ਕੀ ਦੇਖਦੇ ਹਾਂ ਕਿ ਭਾਈ ਬਿਜਲਾ ਸਿੰਘ ਹੁਰੀਂ ਲਾਹੌਰ ਦੇ ਕਿਲ੍ਹੇ ਦੇ ਲਾਗੇ ਫਿਰਦੇ ਫਿਰਦੇ ਬਨ ਵਾਲੇ ਪਾਸੇ ਨਿਕਲ ਗਏ।

140 / 162
Previous
Next