Back ArrowLogo
Info
Profile
ਇਕ ਥਾਂ ਤੇ ਪੈਰ ਨੂੰ ਕੁਝ ਨਰਮ ਨਰਮ ਲਗਣ ਕਰ ਕੇ ਠਿਠਕ ਗਏ। ਜਾਂ ਬਿਜਲੀ ਦਾ ਲਿਸ਼ਕਾਰਾ ਵੱਜਾ ਤਾਂ ਇਕ ਸਿੰਘ ਭੁਜੰਗੀ ਅਰ ਇਕ ਸਿੰਘਣੀ ਉਨ੍ਹਾਂ ਦੀ ਦ੍ਰਿਸ਼ਟੀ ਪਈ, ਦੂਜੇ ਚਮਕਾਰੇ ਵਿਚ ਤਸੱਲੀ ਹੋ ਗਈ ਕਿ ਠੀਕ ਇਹ ਕਿਸੇ ਸਿੰਘ  ਦਾ ਪਰਵਾਰ ਹੈ। ਭਾਈ ਜੀ ਨੇ ਹਿਕਮਤ ਨਾਲ ਇਕ ਚੁਕਿਆ ਅਰ ਥੋੜੀ ਦੂਰ ਪੁਰ ਇਕ ਕੱਚੇ ਕੋਠੇ ਦੇ ਅੰਦਰ ਲੈ ਵੜੇ, ਫੇਰ ਦੋ ਜਣੇ  ਆ ਕੇ ਸਿੰਘਣੀ ਨੂੰ ਚਾ ਲਿਗਏ। ਇਹ ਉਹ ਅਸਥਾਨ ਸੀ ਜਿਥੇ ਅਜ ਕਲ ਸੁੰਦਰ ਮੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਡੇਹਰਾ ਸਾਹਿਬ ਕਰਕੇ ਸਜ ਰਿਹਾ ਹੈ। ਉਨ੍ਹੀਂ ਦਿਨੀ ਦੇਹੁਰੇ ਦੇ ਨਾਲ ਇਕ ਇਕ ਕੱਚਾ ਕੋਠਾ ਤੇ ਵਲਗਣ ਜਿਹੀ ਸੀ ਅਰ ਇਸੇ ਕਰਕੇ ਕਿਸੇ ਦੀ ਨਜ਼ਰ ਘੱਟ ਖਿੱਚ ਹੁੰਦੀ ਸੀ। ਇਕ ਸੂਰਮਾਂ ਸਿਖ ਇਥੇ ਰਹਿੰਦਾ ਸੀ ਅਰ ਪੰਥ ਦੇ ਸੂੰਹੀਆਂ ਲਈ ਬੜੀ ਸਹਾਇਤਾ ਦਾ ਕਾਰਨ ਸੀ। ਜਾਂ ਬਿਜਲਾ ਸਿੰਘ ਜੀ ਅੰਦਰ ਗਏ ਤਾਂ ਕੀ ਦੇਖਦੇ ਹਨ ਕਿ ਅੱਗੇ ਦੇ ਤਰੈ ਸਿੰਘ ਭੇਸ ਵਟੇ ਵਿਚ ਹੋਰ ਬੈਠੇ ਹਨ ਜੋ ਕ੍ਰੋੜਾਂ ਸਿੰਘ ਦੇ ਜਥੇ ਵਿਚੋਂ ਬਿਜੈ ਸਿੰਘ ਦੀ ਭਾਲ ਵਿਚ ਆਏ ਹੋਏ ਸਨ। ਹੁਣ ਚੋਹਾਂ ਸਿੰਘਾਂ ਨੇ ਸਿੰਘਣੀ ਤੇ ਭੁਜੰਗੀ ਸਿੰਘ ਨੂੰ ਦੇਖਿਆ ਅਰ ਪਛਾਣਿਆ ਕਿ ਇਹ ਤਾਂ ਬਿਜੈ ਸਿੰਘ ਦੇ ਪੁਤ੍ਰ ਅਰ ਇਸਤ੍ਰੀ ਹਨ, ਉਹਨਾ ਦੇ ਭਿੱਜੇ ਕਪੜੇ ਲਾਹ ਕੇ ਸੁੱਕੇ ਚਾਦਰੇ ਲਪੇਟ ਦਿੱਤੇ, ਅੱਗ ਬਾਲ ਕੇ ਸੇਕ ਦਿੱਤਾ, ਅਰ ਕੁਛ ਦਾਰੂ ਦਰਮਲ ਤਾਕਤ ਦਾ ਦਿੱਤਾ। ਸਾਰੀ ਰਾਤ ਧਰਮੀਆਂ ਦੀ ਮਿਹਨਤ ਨੇ ਦੋਹਾਂ ਅਤਿ ਦੇ ਨਿਰਬਲਾਂ ਨੂੰ, ਫੇਰ ਜੀਉਣ ਜੋਗਾ ਕਰ ਦਿੱਤਾ ਅਰ ਤੰਦਰੁਸਤੀ ਦੇ ਨਰੋਏ ਹੱਥ ਨੇ ਪਿਆਰ ਦੇ ਕੇ ਉਹਨਾਂ ਦੀ ਮੁਰਝਾ ਰਹੀ ਜੀਵਨ-ਰੌ ਨੂੰ ਸੁਰਜੀਤ ਕਰ  ਦਿੱਤਾ। ਅਸਲ ਵਿਚ ਪਹਿਲੋਂ ਤਾਂ ਮੀਂਹ ਵਿਚ ਭਿੱਜਣਾ ਹੀ ਉਹਨਾਂ ਦੇ ਕਾਰੇ ਆ ਗਿਆ ਸੀ, ਕਿਉਂਕਿ ਜ਼ਹਿਰ ਦਾ ਕਾਹੜਾ ਜੋ ਉਨ੍ਹਾਂ ਨੂੰ ਪਿਲਾਇਆ ਗਿਆ ਸੀ ਉਸ ਵਿਚ ਕੁਛ ਅਫੀਮ ਦੀ ਚਸ ਬੀ ਸੀ। ਜ਼ਹਿਰ ਪੀਂਦੇ ਸਾਰ ਉਤਾੜਾਂ ਆ ਜਾਣ ਕਰ ਕੇ ਹੋਰ ਜ਼ਹਿਰ ਤਾਂ ਨਿਕਲ ਗਏ ਸਨ, ਅਰ ਕੈਆਂ ਗੁਣਕਾਰ ਪਈਆਂ ਸਨ, ਪਰ ਅਫ਼ੀਮ ਦਾ ਕੁਛ ਅੰਸ਼ ਬਾਕੀ ਸੀ, ਜਿਸ ਦੇ ਨਸ਼ੇ ਨੇ ਕੁਛ ਮਸਤ ਕਰ ਰੱਖਿਆ ਸੀ, ਸੋ ਮੋਹਲੇਧਾਰ ਪਾਣੀ ਪੈਣ ਨੇ ਉਸ ਅਸਰ ਨੂੰ ਬੀ ਤੋੜਿਆ, ਸੱਚ ਹੈ

ਜਿਸੁ ਰਾਖੈ ਤਿਸੁ ਕੋਇ ਨ ਮਾਰੈ॥

(ਸੁਖਮਨੀ, ਪੰਨਾ-੨੯੨)

141 / 162
Previous
Next