ਨਿਰਮਲਤਾਈ ਵੱਲ ਰੁਖ਼ ਕਰਦੀ ਹੈ। ਜੇ ਲੋਕ ਇਸ ਗੁਣ ਨੂੰ ਧਾਰਨ ਕਰਦੇ ਹਨ ਸੋ ਸਦਾ ਸੰਸਾਰ ਪਰ ਵਧਦੇ ਹਨ, ਜੋ ਇਸ ਗੁਣ ਨੂੰ ਛੱਡਦੇ ਹਨ ਆਪਣੇ ਪੈਰੀਂ ਆਪ ਕੁਹਾੜਾ ਮਾਰਦੇ ਹਨ। ਭਰਥਰੀ ਕਹਿੰਦਾ ਹੈ-ਨਾ ਸਮਝੋ ਕਿ ਤੁਸੀਂ ਭੋਗਾਂ ਨੂੰ ਭੋਗਦੇ ਹੋ, ਨਹੀਂ, ਭੋਗ ਤੁਹਾਨੂੰ ਭੋਗਦੇ ਹਨ। ਸਰੀਰ ਬੁੱਢਾ ਹੋ ਜਾਂਦਾ ਹੈ; ਵਾਸ਼ਨਾਂ ਬੁੱਢੀਆਂ ਨਹੀਂ ਹੁੰਦੀਆਂ, ਇਸ ਤੋਂ ਸਮਝ ਲਵੋ ਕਿ ਭੋਗ ਭੋਗਦੇ ਹੋਏ ਜੀਵ ਆਪ ਭੋਗੇ ਜਾਂਦੇ ਹਨ। ਸਰੀਰ ਦੀ ਤਾਕਤ ਤੇ ਅਰੋਗਤਾ ਅਰ ਆਤਮਾ ਦੀ ਸ਼ੁੱਧੀ ਤੇ ਕੌਮੀ ਉੱਨਤੀ ਦਾ ਪਹਿਲਾ ਅਸੂਲ ਉੱਚਾ ਸੁੱਚਾ ਆਚਰਨ ਹੈ ਤੇ ਨਾਲ ਬਾਣੀ ਨਾਮ ਦਾ ਅਭਯਾਸ
ਕੁਝ ਸੌ ਵਰ੍ਹਾ ਬੀਤਿਆ ਤਾਂ ਤੁਹਾਡਾ ਐਸ਼੍ਹਰਜ ਸੀ, ਅੱਜ ਨਹੀਂ। ਓਦੋਂ ਭਜਨ ਬੰਦਗੀ ਤੇ ਸੁੱਚੇ ਆਚਰਨ ਨਾਲ ਬਹੁਤ ਪਿਆਰ ਸੀ।* ਭਾਵੇਂ ਅਜੇ ਬੀ ਸਿਖ ਬਹਾਦਰ ਹਨ, ਪਰ ਕਿਥੇ ਬਾਬਾ ਦੀਪ ਸਿੰਘ ਤੇ ਬਾਬਾ ਗੁਰਬਖਸ਼ ਸਿੰਘ ਵਾਲੀਆਂ ਰਾਠ ਸੂਰਮਗਤੀਆਂ, ਓਹ ਰਿਸ਼ਟ-ਪੁਸ਼ਟ ਸਰੀਰ, ਉਹ ਸ਼ੇਰਾਂ ਵਰਗੀ ਡੀਲ, ਓਹ ਬਲ, ਓਹ ਪਰਾਕ੍ਰਮ ਉਨ੍ਹਾਂ ਵਰਗਾ ਧਰਮ, ਭਰੋਸਾ, ਸਿੱਖੀ ਸਿੱਦਕ।
21. ਕਾਂਡ
ਜਿਹਾ ਕੁ ਅਸੀਂ ਪਿੱਛੇ ਕਹਿ ਆਏ ਹਾਂ ਦਰਬਾਰ ਦਾ ਕੰਮ ਵਿਗੜਨ ਲੱਗ ਗਿਆ ਸੀ। ਦਰਬਾਰੀ ਵਿਚਾਰੇ ਬੜੀ ਔਕੜ ਵਿਚ ਫਸ ਗਏ। ਜੇ ਬੇਗ਼ਮ ਦੇ ਹੁਕਮ ਨੂੰ ਉਡੀਕਦੇ ਤਦ ਕਈ ਕਈ ਦਿਨ ਐਵੇਂ ਬੀਤ ਜਾਂਦੇ ਜੇ ਬਿਨਾਂ ਪੁੱਛੇ ਕਰਦੇ ਤਦ ਬੇਗ਼ਮ ਨਾਰਾਜ਼ ਹੁੰਦੀ ਅਰ ਨਾਰਾਜ਼ ਬੀ ਐਸੀ ਕਰੜੀ ਕਿ ਚੰਗੇ ਚੰਗੇ ਅਮੀਰਾਂ ਦੀ ਇੱਜ਼ਤ ਲਾਹ ਸਿਟਦੀ। ਇਕ ਦਿਨ ਇਕ ਦਲੇਰ ਅਮੀਰ ਨੇ ਸਮਝਾਇਆ, ਸਮਝਣਾ ਤੇ ਕਿਤੇ ਰਿਹਾ ਇਸ ਨੇ ਵਿਚਾਰੇ ਦੀ ਚੰਗੀ ਪਤ ਲਾਹੀ। ਭਿਖਾਰੀ ਖਾਂ ਦੀ ਹੋਣੀ ਅਜੇ ਅੱਖਾਂ ਅੱਗੇ ਤਾਜ਼ਾ ਹੀ ਸੀ, ਸਾਰੇ ਦਰਬਾਰੀਆਂ ਨੇ ਕੱਠੇ ਹੋ ਕੇ ਇਕ ਚਿੱਠੀ ਦਿੱਲੀ ਭੇਜ ਦਿੱਤੀ ਅਰ ਘਰੋ ਘਰੀ ਬੈਠ ਗਏ, ਦਰਬਾਰ ਤੇ ਰਿਆਸਤ ਦਾ ਕੰਮ ਛਡ ਦਿੱਤਾ। ਇਹੋ ਜੇਹਾ ਸੁਲੱਖਣਾ ਵੇਲਾ ਸਿੰਘ ਲੱਭਦੇ ਹੀ ਰਹਿੰਦੇ ਸਨ ਸੋ ਓਹ ਕੰਮ ਵਿਚ ਲਗ ਪਏ
–––––––––––
* ਪੰਜਾਹ ਕੁ ਵਰ੍ਹੇ ਹੋਏ ਤਾਂ ਸਿੱਖ ਸਰਦਾਰੀਆਂ ਨੂੰ ਕੱਚੇ ਕੁਸ਼ਾਮਤੀ ਤੇ ਕੁਸੰਗੀ ਆ ਲੱਗੇ ਸੀ, ਹੁਣ ਪਛਮੀ ਕੁਸੰਗ ਔਖ ਦੇ ਰਿਹਾ ਹੈ।