Back ArrowLogo
Info
Profile
ਦਿੱਤੀ 'ਛੇਤੀ ਜਾਉ, ਬੇਗ਼ਮ ਦੇ ਕਮਰੇ ਵੱਲ ਦੌੜੇ, ਕਿਲ੍ਹੇ ਵਿਚ ਕੋਈ ਓਪਰੇ ਆ ਗਏ ਹਨ।' ਓਹ ਹਬਸ਼ੀ ਗੋਲੀ ਨੂੰ ਜਾਣਦੇ ਸੇ, ਉੱਠ ਨੱਸੇ। ਉਨ੍ਹਾਂ ਨੇ ਪਿੱਠ ਦਿਤੀ ਸੀ ਕਿ ਮਸਤਾਨ ਸਿੰਘ ਨੇ ਬੰਦੂਕ ਦੇ ਕੁੰਦੇ ਦੀ ਹੁੱਝ ਦੇ ਕੇ ਬੂਹਾ ਤੋੜ ਦਿਤਾ ਅਰ ਦੂਜੀ ਛਿਨ ਵਿਚ ਕ੍ਰੋੜਾ ਸਿੰਘ ਹੁਰੀਂ ਇਹ ਗਾਉਂਦੇ ਹੋਏ:

ਜਨ ਨਾਨਕ ਅੰਗੁ ਕੀਆ ਪ੍ਰਭਿ ਕਰਤੈ

ਜਾਕੈ ਕੋਟਿ ਐਸੀ ਦਾਸਾਇ॥

ਸਿੰਘ ਹੁਰਾਂ ਦੀ ਜਾ ਜੱਫੀ ਭਰੀ ਅਰ ਕਲਾਈ ਵਿਚ ਲੈ ਬਾਹਰ ਆਏ। ਸਤਿ ਸ੍ਰੀ ਅਕਾਲ ਹੌਲੀ ਹੌਲੀ ਗੱਜਿਆ, ਜਿੱਕੁਰ ਸਿਆਲੇ ਦੀ ਤਰੇਲ ਪੈਂਦੀ ਹੈ। ਮਸਤਾਨ ਸਿੰਘ ਤੇ ਧਰਮ ਸਿੰਘ ਜੱਫੀ ਪਾ ਮਿਲੇ, ਸਿੰਘ ਹੁਰਾਂ ਅਚੰਭੇ ਹੋ ਕੇ ਫਤੇ ਗਜਾਈ, ਪਰ ਸਮੇਂ ਦੇ ਭੀੜੇ ਹੋਣ ਕਰਕੇ ਸਰਦਾਰ ਨੇ ਪਿੱਛੇ ਨੂੰ ਕੂਚ ਦਾ ਬੋਲਾ ਤੁਰੰਤ ਦੇ ਦਿੱਤਾ। ਚੁੱਪ ਚੁਪਾਤੀ ਖ਼ਾਲਸੇ ਦੀ ਫੌਜ ਪਿਛਲੇ ਪਾਸੇ ਮੁੜੀ। ਇਕ ਜਿਹਲ ਖਾਨੇ ਦੇ ਬੂਹੇ ਅੱਗੇ ਕੁਛ ਸਿਪਾਹੀ ਪਹਿਰਾ ਦੇ ਰਹੇ ਨਜ਼ਰ ਪਏ, ਉਹਨਾਂ ਨੇ ਬੰਦੂਕ ਸਰ ਕੀਤੀ, ਖਾਲਸੇ ਦੀਆਂ ਤਲਵਾਰਾਂ ਨੇ ਹੱਥੋ-ਹੱਥੀ ਨਿਬੜਾ ਕੀਤਾ ਤੇ ਆਪ ਅੱਗੇ ਵਧੇ। ਇਹ ਅਜੇ ਕਿਲ੍ਹੇ ਦੇ ਬਾਹਰ ਨਹੀਂ ਹੋਏ ਸਨ, ਕਿਲ੍ਹੇ ਵਿਚੋਂ ਬੜੇ ਘਮਸਾਨ ਤੇ ਰੌਲੇ ਦੀ ਆਵਾਜ਼ ਉਠ ਪਈ। ਤੁਰੀਆਂ ਵਜ ਰਹੀਆਂ ਸਨ ਤੇ ਸੱਜੇ ਖੱਬੇ ਬੇਤੁਕੀਆਂ ਬੰਦੂਕਾਂ ਦੀ ਠਾਹ ਠੂਹ ਹੋ ਰਹੀ ਸੀ, ਅਰ ਵਿਚ ਬੇਗ਼ਮ ਦੀ ਕ੍ਰੋਧ ਭਰੀ ਆਵਾਜ਼ ਕੜਕਦੀ ਸੁਣਾਈ ਦਿੰਦੀ ਸੀ। ਸਿੰਘ ਅਜੇ ਕਿਲ੍ਹੇ ਦੇ ਬੂਹੇ ਤਕ ਪਹੁੰਚੇ ਹੀ ਸਨ ਕਿ ਤਿੰਨ ਚਾਰ ਮਤਾਬ ਅਕਾਸ਼ ਵਿਚ ਚੜ੍ਹਾਏ ਮਾਨੋਂ ਦਿਨ ਚੜ੍ਹ ਗਿਆ, ਤੁਰਕਾਂ ਦੇਖਿਆ ਸਿੱਖਾਂ ਦੀ ਫੌਜ ਹੈ, ਅਤੇ ਦਰਯਾ ਨੂੰ ਜਾ ਰਹੀ ਹੈ, ਇਸ ਹਾਲਤ ਨੂੰ ਕ੍ਰੋੜਾ ਸਿੰਘ ਨੇ ਬੀ ਦੇਖ ਲਿਆ ਅਰ ਸੋਚਿਆ ਕਿ ਇਨ੍ਹਾਂ ਨੇ ਦੋ ਚਾਰ ਤੋਪਾਂ ਸਰ ਕਰ ਦੇਣੀਆਂ ਹਨ, ਅਰ ਸਾਡਾ ਨੁਕਸਾਨ ਬਹੁਤ ਹੋਵੇਗਾ! ਪਰ ਇਹ ਜਾਣਦਾ ਸੀ ਕਿ ਤੋਪਾਂ ਭਰਦਿਆਂ ਭੀ ਇਨ੍ਹਾਂ ਨੂੰ ਚਿਰ ਲਗੇਗਾ, ਇਸ ਕਰਕੇ ਤੁਰੰਤ 'ਹਰਨ' ਦਾ ਹੁਕਮ ਦਿੱਤਾ। ਫੌਜ ਸਰਪੱਟ ਹੋ ਦੌੜੀ। ਸ਼ੁਕਰ ਹੈ ਕਰਤਾਰ ਦਾ, ਅਰ ਸ਼ਾਬਾਸ਼ ਹੈ ਜਥੇਦਾਰ ਦੀ ਅਕਲ ਦੇ ਕਿ ਓਹ ਤੋਪ ਦੇ ਗੋਲੇ ਸਰ ਹੋਣ ਤੋਂ ਪਹਿਲੇ ਗੋਲੇ ਦੀ ਮਾਰ ਤੋਂ ਪਰੇ ਨਿਕਲ ਗਏ।

149 / 162
Previous
Next