Back ArrowLogo
Info
Profile
ਇੰਨੇ ਤਾਂਈਂ ਦਰਯਾ ਦਾ ਗਾੜ੍ਹਾ ਝੱਲ ਆ ਗਿਆ ਅਰ ਸਿੰਘਾਂ ਦਾ ਦਲ ਭੁੱਲ ਵਿਚ ਵੜ ਕੇ ਰਾਤੋ ਰਾਤ ਕੁਝ ਮੀਲ ਪੈਂਡਾ ਨਿਕਲ ਕੇ ਇਕ ਭਾਰੀ ਰੱਖ ਵਿਚ ਜਾ ਲੁਕਿਆ। ਜਿੱਥੇ ਜਾ ਕੇ ਬਿਸਰਾਮ ਕੀਤਾ, ਵਿਛੁੜੇ ਮਿਲੇ ਦਿਲਾਂ ਦੇ ਦੁੱਖ ਵੰਡੇ ਤੇ ਕਰਤਾਰ ਦਾ ਸ਼ੁਕਰ ਕੀਤਾ। ਬਿਜੈ ਸਿੰਘ ਹੋਰਾਂ ਫੇਰ ਓਹੋ ਕੰਮ ਸੰਭਾਲਿਆ, ਸ਼ੀਲ ਕੌਰ ਨੇ ਲੰਗਰ ਆਦਿ ਦੀ ਸੇਵਾ ਸਿਰ ਚੁੱਕ ਲਈ, ਪਰ ਹੁਣ ਦਿਨ ਜ਼ਰਾ ਆਰਾਮ ਦੇ ਸਨ, ਇਸ ਲਈ ਕੁਝ ਦਿਹਾੜੇ ਚੰਗੇ ਆਰਾਮ ਦੇ ਬੀਤਣ ਲੱਗੇ ਅਰ ਇਸ ਧਰਮੀ ਟੱਬਰ ਨੇ ਮੁਸੀਬਤਾਂ ਦੇ ਮੂੰਹੋਂ ਛੁਟ ਕੇ ਸੁਖ ਤੇ ਆਰਾਮ ਦੀ ਸ਼ਕਲ ਡਿੱਠੀ।

22. ਕਾਂਡ

ਉਧਰ ਬੇਗ਼ਮ ਦਾ ਹਾਲ ਸੁਣੋ। ਜਦ ਸਿੱਖਾਂ ਦੀ ਫੌਜ ਦੇ ਚੁੱਪਚੁਪਾਤੇ ਕਿਲ੍ਹੇ ਵਿਚ ਵੜਨ ਦੀ ਖ਼ਬਰ ਹੋਈ ਤਾਂ ਬੜੀ ਕ੍ਰੋਧਵਾਨ ਹੋਈ, ਰੋਹ ਚੜ੍ਹ ਗਿਆ ਅਰ ਕਿਲ੍ਹੇ ਦੇ ਜਮਾਂਦਾਰ ਨੂੰ ਬੁਲਾ ਕੇ ਝਾੜਿਆ। ਉਸ ਨੇ ਬੜੀ ਫੁਰਤੀ ਕੀਤੀ, ਪਰ ਫੁਰਤੀਆਂ ਦੇ ਕਾਰਗਰ ਹੋਣ ਤੋਂ ਪਹਿਲੇ ਸਿੰਘ ਉਨ੍ਹਾਂ ਦੀ ਮਾਰ ਤੋਂ ਪਾਰ ਨਿਕਲ ਗਏ ਸਨ। ਝੁੰਜਲਾਈ ਹੋਈ ਬੇਗ਼ਮ ਨੇ ਜਮਾਂਦਾਰ ਨੂੰ ਕੈਦ ਕੀਤਾ ਅਰ ਬਾਕੀ ਫੌਜ ਨੂੰ ਜੋ, ਮੀਆਂ ਮੀਰ ਦੇ ਲਾਗੇ ਉਤਰੀ ਪਈ ਸੀ, ਤਿਆਰ ਕਰਵਾ ਕੇ ਸਿੱਖਾਂ ਦੇ ਮਗਰ ਤੋਰਿਆ। ਦੋ ਦਿਨ ਟੱਕਰਾਂ ਮਾਰ ਕੇ ਉਹ ਬੀ ਮੁੜ ਆਏ, ਕਿਉਂਕਿ ਉਨ੍ਹਾਂ ਨੂੰ ਸਿਖਾਂ ਦਾ ਖੁਰਾ ਖੋਜ ਬੀ ਨਾ ਲੱਭਿਆ। ਦੋ ਚਾਰ ਦਿਨ ਮਗਰੋਂ ਜਦ ਕ੍ਰੋਧ ਠੰਢਾ ਹੋਇਆ, ਬੇਗ਼ਮ ਨੂੰ ਬਿਜੈ  ਸਿੰਘ ਦੀ ਗੁਸਤਾਖ਼ੀ ਤੇ ਨਿਕਲ ਜਾਣਾ ਦੁੱਖ ਦੇਣ ਲੱਗਾ, ਸੋ ਵਹਿਣਾਂ ਵਿਚ ਡੁੱਬੀ ਰਹੇ। ਇਸ ਦਸ਼ਾ ਵਿਚ ਇਕ ਹੋਰ ਮੁਸੀਬਤ ਨੇ ਉਸਨੂੰ ਆ ਘੇਰਿਆ; ਉਹ ਇਹ ਕਿ ਦਰਬਾਰੀਆਂ ਦਾ ਪਾਤਸ਼ਾਹ ਵਲ ਸ਼ਿਕਾਇਤ ਲਿਖਣੇ ਦਾ ਹਾਲ ਉਸ ਨੂੰ ਮਾਲੂਮ ਹੋ ਗਿਆ, ਹੁਣ ਉਹ  ਘਾਬਰੀ ਕਿ ਇਹ ਤਾਂ ਪਾਤਸ਼ਾਹੀ ਬੀ ਚੱਲੀ। ਇਸ ਖ਼ਬਰ ਨੇ ਉਸ ਦੇ ਢਠੇ ਦਿਲ ਵਿਚ ਉਲਟਾ ਜੋਸ਼ ਪੈਦਾ ਕੀਤਾ, ਉਸਦਾ ਨਰ ਸੁਭਾਉ, ਜੋ ਬਿਜੈ ਸਿੰਘ ਦੇ ਰੂਪ ਤੇ ਗੁਣਾਂ ਨੇ ਇਸਤ੍ਰੀ ਕਰ ਦਿੱਤਾ ਸੀ, ਆਪਣੇ ਅਸਲੇ ਤੇ ਆ ਗਿਆ ਅਰ ਰਾਜਸੀ ਮਦ ਨੇ ਜੋਸ਼ ਮਾਰਕੇ  ਛਾਤੀ ਠੁਕਰਾਈ ਕਿ ਕੌਣ ਹੈ ਜੋ ਮੇਰੇ ਤੇ ਕੋਈ ਵਾਰ ਕਰ ਸਕੇ? ਹਾਂ ਮੇਰੇ ਤੇ ਵਾਰ ਕਰਕੇ ਮੇਰੇ ਪੁਰ ਕੋਈ ਫਤਹਿ ਪਾ ਸਕੇ ?

150 / 162
Previous
Next