ਭਲੇ ਲੋਕ ਨੇ ਵਜ਼ੀਰ ਦੀ ਮੁਰਾਦ ਬੇਗ਼ਮ ਨਾਲ ਸੁਲਹ ਕਰਾ ਦਿੱਤੀ। ਹੁਣ ਡੇਗਮ ਨੇ ਵਿਚ ਪੈ ਕੇ ਅਬਦਾਲੀ ਕੋਲੋਂ ਉਸ ਦੀ ਜਾਨ ਬਖਸ਼ੀ ਤਾਂ ਕਰਵਾ ਦਿੱਤੀ, ਪਰ ਵਜ਼ੀਰ ਨੂੰ ਕਈ ਲੱਖ ਰੁਪਯਾ ਜੁਰਮਾਨਾ ਦੇਣਾ ਪਿਆ। ਹੋਰਨਾਂ ਅਮੀਰਾਂ ਬਾਬਤ ਜੋ ਭੇਤ ਬੇਗ਼ਮ ਦੱਸ ਚੁੱਕੀ ਸੀ ਸੋ ਉਹਨਾਂ ਤੋਂ ਬਦਲਿਆਂ ਦਾ ਵੇਲਾ ਆਇਆ। ਉਸ ਜ਼ਾਲਮ ਤੇ ਧਨ ਦੇ ਭੁੱਖੇ ਬਾਦਸ਼ਾਹ ਨੇ ਲੁੱਟ ਦਾ ਕਰੜਾ ਹੱਥ ਚੁੱਕਿਆ। ਪਹਿਲੇ ਇੰਤਜ਼ਾਮੁੱਦੌਲਾ ਤੋਂ ਨੱਵੇ ਲੱਖ ਰੁਪੱਯਾ ਮੰਗਿਆ, ਉਸ ਨੇ ਕਿਹਾ ਕਿ ਮੇਰੇ ਪਾਸ ਐਤਨਾ ਰੁਪੱਯਾ ਨਹੀਂ ਹੈ। ਅਬਦਾਲੀ ਨੇ ਉਸ ਦਾ ਘਰ ਫੁਲਵਾਇਆ, ਤਦ ਇਸ ਤੋਂ ਤਿਊਣੀ ਦੌਲਤ ਨਿਕਲੀ, ਫੇਰ ਬੇਗਮ ਨੇ ਕਮਰੁੱਦੀਨ ਦੀ ਵਿਧਵਾ ਸ਼ੇਲਾਪੁਰੀ ਬੇਗਮ ਦਾ ਭੇਤ ਦਿਤਾ, ਉਸ ਦੇ ਘਰੋਂ ਗਹਿਣੇ ਜਵਾਹਰਾਤ ਕਈ ਲੱਖ ਰੁਪਯੇ ਦੇ ਨਿਕਲੇ। ਅਬਦਾਲੀ ਨੂੰ ਜਿਉਂ ਜਿਉਂ ਧਨ ਹੱਥ ਲੱਗੇ ਤਿਉਂ ਤਿਉਂ ਉਸ ਦੀ ਭੁੱਖ ਵਧੇ ਤੇ ਤਿਉਂ ਤਿਉਂ ਉਸ ਨੇ ਸਾਰੇ ਅਮੀਰ ਵਾਰੋ ਵਾਰੀ ਲੁੱਟੇ। ਹੁਣ ਬਦਨਸੀਬ ਸ਼ਹਿਰ ਦੀ ਵਾਰੀ ਆਈ। ਦੋ ਮਹੀਨੇ ਪਾਤਸ਼ਾਹ ਦਿੱਲੀ ਰਿਹਾ ਦੇ ਮਹੀਨੇ ਹੀ ਦਿੱਲੀ ਲੁੱਟੀਂਦੀ ਰਹੀ। ਘਰ ਘਰ ਮਕਾਨ ਮਕਾਨ ਢੂੰਡਿਆ ਤੇ ਪੁੱਟਿਆ ਗਿਆ। ਜਦ ਕਿਸੇ ਪਾਸ ਕਖ ਨਾ ਰਿਹਾ ਤੇ ਕਤਲਾਮ ਬੀ ਹੋ ਚੁੱਕੀ, ਤਦ ਅਬਦਾਲੀ ਨੇ ਜਾ ਬੱਲ੍ਹਬਗੜ੍ਹ ਵਿਚ ਕਤਲਾਮ ਕੀਤੀ। ਫੇਰ ਅਬਦਾਲੀ ਮਥਰਾ ਨੂੰ ਤੁਰਿਆ। ਉਥੇ ਹਿੰਦੂਆਂ ਦਾ ਬੜਾ ਭਾਰੀ ਮੇਲਾ ਲੱਗ ਰਿਹਾ ਸੀ, ਅਰ ਲੱਖਾਂ ਹਿੰਦੂ ਨਾਉਂਦੇ ਪੂਜਾ ਪਾਠ ਵਿਚ ਲਗ ਰਹੇ ਸਨ। ਅਚਾਨਕ ਪਠਾਣ ਜਰਵਾਣੇ ਜਾ ਪਏ, ਬੇਰਹਿਮੀ ਤੇ ਪੱਥਰ-ਦਿਲੀ ਨਾਲ ਕਤਲਾਮ ਹੋਈ, ਅੱਖ ਦੇ ਫੋਰ ਵਿਚ ਪਰਲੋ ਮਚ ਗਈ। ਮਾਂ ਨੂੰ ਪੁੱਤ ਦੀ, ਪੁੱਤ ਨੂੰ ਮਾਂ ਦੀ ਸਾਰ ਨਾ ਰਹੀ, ਬੇਗੁਨਾਹ ਗਾਜਰਾਂ ਮੂਲੀਆਂ ਵਾਂਗ ਵੱਢੇ ਗਏ, ਮੰਦਰ ਲੁੱਟੇ ਗਏ ਤੇ ਢਾਹੇ ਗਏ ਤੇ ਹਜ਼ਾਰਾਂ ਹਿੰਦੂ ਕੈਦ ਕੀਤੇ ਗਏ। ਫੇਰ ਆਗਰੇ ਪਰ ਹੱਲਾ ਹੋਇਆ, ਚਾਰ ਚੁਫੇਰੇ ਹੱਥ ਮਾਰਿਆ, ਅਣਗਿਣਤ ਲੋਕ ਬੇਗੁਨਾਹ ਮਾਰੇ ਗਏ, ਜੱਟਾਂ ਦੀ ਤਬਾਹੀ ਕੀਤੀ ਗਈ, ਚਾਰ ਚੁਫੇਰੇ ਗਰੀਬੀ, ਵਬਾ ਤੇ ਸੁੰਨਸਾਨਤਾ ਫੈਲ ਗਈ। ਗਰੀਬਾਂ ਤੇ ਦੁਖੀ ਅਨਾਥਾਂ ਦੀ ਪੁਕਾਰ ਉਠੀ ਅਰ ਅਕਾਸ਼ ਵਿਚ ਪਸਰੀ। ਕਰਤਾਰ ਦੇ ਜ਼ਬਰਦਸਤ ਹੱਥਾਂ ਨੇ ਦੁਰਾਨੀ ਜ਼ਾਲਮ ਦੀ ਫੌਜ ਵਿਚ ਹੈਜ਼ਾ ਘੱਲਿਆ। ਉਧਰ ਪੰਜਾਬ ਵਿਚੋਂ ਸਿਖਾਂ ਦੇ ਬੜੇ ਰੌਲੇ ਰੱਪੇ ਦੀਆਂ ਖ਼ਬਰਾਂ ਪਹੁੰਚ ਪਈਆਂ, ਤਦ ਉਸਨੇ ਭੈ ਖਾ ਕੇ ਵਾਗਾਂ ਮੋੜੀਆਂ। ਦਿੱਲੀ ਆ ਕੇ ਉਸ ਨੇ ਮੁਹੰਮਦ ਸ਼ਾਹ ਪਾਤਸ਼ਾਹ ਦੀ