ਲਈ ਸੂਰਜ ਦੇਉਤਾ ਨਿਕਲ ਆਯਾ ਪਰ ਸ਼ਰਮ ਦੀ ਮਾਰੀ ਰਾਤ ਪੂਰਬ ਦੀ ਦਿਸ਼ਾ ਵਿਚ ਐਸੀ ਧੁੰਦ ਛਡ ਗਈ ਕਿ ਜਿਸ ਕਰਕੇ ਸੂਰਜ ਬੀ ਕੁਛ ਚਿਰ ਲਹੂ ਰੰਗੇ ਬੱਦਲਾਂ ਵਿਚੋਂ ਜਤਨਾਂ ਨਾਲ ਸਿਰ ਕੱਢਦਾ ਦਿੱਸਦਾ ਸੀ। ਕੋਈ ਪਹਿਰ ਦਿਨ ਚੜ੍ਹੇ ਹਾਕਮ ਦੀ ਕਚਹਿਰੀ ਲੱਗੀ ਅਰ ਕੈਦੀ ਆਪ ਸਾਹਿਬ ਦੇ ਰੂ-ਬ-ਰੂ ਹਾਜ਼ਰ ਕੀਤੇ ਗਏ। ਤ੍ਰਿਖੀ ਰੌਸ਼ਨੀ ਦੇ ਸਾਹਮਣੇ ਜਿੰਕੁਰ ਅੱਖਾਂ ਮਿਟ ਜਾਂਦੀਆਂ ਹਨ, ਤਿਵੇਂ ਸਿੰਘ ਜੀ ਦੇ ਤੇਜ ਅੱਗੇ ਹਾਕਮ ਜੀ ਸੰਕੁਚ ਗਏ ਅਰ ਅਚਰਜ ਹੋ ਹੋ ਤਿੰਨਾਂ ਬੰਧੂਆਂ ਨੂੰ ਦੇਖਦੇ ਰਹੇ। ਇਸ ਚੁਪ ਨੂੰ ਤੋੜਨੇ ਲਈ ਇਕ ਮੁੱਲਾਂ ਸਾਹਿਬ ਜੀ, ਜੋ ਸਭਾ ਵਿਚ ਸਨ, ਬੋਲੇ:-
ਹਜੂਰ! ਆਪ ਨੇ ਦੇਖਿਆ ਇਸ਼ਕ ਕਾਫ਼ਰ ਹੈ, ਇਸ਼ਕ ਦਾ ਮੁਤਾਅ (ਦੌਲਤ) ਹੁਸਨ (ਸੁੰਦਰਤਾ) ਹੈ ਸੋ ਕਾਫ਼ਰ ਨੇ ਕਾਫ਼ਰਾਂ ਨੂੰ ਦੇ ਛੱਡੀ ਹੈ। ਕੈਸੇ ਸੁੰਦਰ ਤਿੰਨੇ ਚਿਹਰੇ ਮਾਨੋਂ ਸੂਰਜ ਦੇ ਤਿੰਨ ਟੁਕੜੇ ਹੋ ਗਏ ਹਨ, ਜਾਂ ਕੋਈ ਟੁੱਟਦੇ ਤਾਰੇ ਰੂਪ ਧਾਰ ਕੇ ਆ ਖਲੋਤੇ ਹਨ। ਕੈਸੇ ਸੁਕਮਨ ਬੁਕਮਨ (ਚੁਪਚਾਪ) ਦੰਦ ਖੰਦ ਦੀਆਂ ਪੁਤਲੀਆਂ ਵਾਂਗ ਖੜੇ ਹਨ, ਕੋਈ ਜਾਣੇ ਕਿਸੇ ਕਾਰੀਗਰ ਨੇ ਪਾਰੇ ਦੇ ਖਿਡੌਣੇ ਬਣਾਏ ਹਨ, ਜਾਂ ਸਾਨਿਆ ਕੁਦਰਤ (ਪਰਮੇਸ਼ਰ) ਨੇ ਬਿਜਲੀ ਨੂੰ ਮੁਜੱਸਮ (ਦੇਹਧਾਰੀ) ਕਰ ਦਿੱਤਾ ਹੈ। ਬਹਿਸਤ (ਸ੍ਵਰਗ) ਵਿਚ ਜ਼ਰੂਰ ਐਸੇ ਹੀ (ਸੁੰਦਰ) ਰਹਿੰਦੇ ਹੋਣਗੇ ? ਹਾਇ ਅਫਸੋਸ! ਕਿਆ ਐਸੀ ਸੁੰਦਰਤਾ ਦੇ ਪੁਤਲੇ ਕਾਫ਼ਰ ਰਹਿਣਗੇ? ਅਰ ਮਰਕੇ ਦੋਜਖ (ਨਰਕ) ਦੀ ਅੱਗ ਭਰਨਗੇ ? ਕਾਸ਼! ਏਹ ਮੋਮਨ ਹੁੰਦੇ ਅਰ ਬਹਿਸਤ ਵਿਚ ਪਹੁੰਚਕੇ ਉਥੋਂ ਦੀ ਰੌਣਕ ਵਧਾਉਂਦੇ। ਜੁਨਾਬ, ਇਹਨਾਂ ਸੁਹਣਿਆਂ ਨੂੰ ਦੀਨ ਵਿਚ ਲਿਆਵੇ, ਇਨ੍ਹਾਂ ਨੂੰ ਬਹਿਸ਼ਤ ਦੀ ਜ਼ੀਨਤ (ਸਜਾਵਟ) ਬਣਾਓ, ਆਪ ਦੇ ਸਾਰੇ ਗੁਨਾਹ ਮਾਫ਼ ਹੋ ਜਾਣਗੇ। ਕਿਆ ਇਨ੍ਹਾਂ ਦੇ ਬਹਿਸ਼ਤ ਵਿਚ ਗਿਆ ਰੌਸ਼ਨੀ ਦੀ ਲੋੜ ਰਹਿ ਜਾਏਗੀ? ਹਾਂ, ਜੁਨਾਬ ਮੇਰੀ ਰਾਇ ਇਹ ਹੈ ਕਿ ਇਨ੍ਹਾਂ ਦੀ ਜਾਨ ਬਖਸ਼ੀ ਕੀਤੀ ਜਾਵੇ, ਮਾਰਿਆ ਨਾ ਜਾਵੇ, ਦੀਨ ਵਿਚ ਲੈ ਆਂਦਾ ਜਾਵੇ। ਮਰਦ ਸਿਆਣਾ ਦਿੱਸਦਾ ਹੈ, ਜਾਨ ਬਚਣ ਦੀ ਕਦਰ ਕਰੇਗਾ ਤੇ ਦੀਨ ਕਬੂਲ ਕਰੇਗਾ।
ਇਹ ਦੀਨੀ ਜੋਸ਼ ਭੜਕਾ ਦੇਣ ਵਾਲੇ ਸ਼ਬਦ ਐਸ ਤਰ੍ਹਾਂ ਦੇ ਪਏ ਜਿੰਕੁਰ ਕੋਈ ਦੋ ਪਦਾਰਥ ਰਗੜਿਆਂ ਗਰਮੀ ਉਤਪਤ ਹੁੰਦੀ ਹੈ ਤਿਵੇਂ ਮੁੱਲਾਂ ਦੇ ਬਚਨਾਂ ਦੇ ਸ੍ਰੋਤਿਆਂ ਦੇ ਦਿਲਾਂ ਦੀ ਰਗੜ ਨੇ ਗਰਮਾ ਗਰਮ ਜੋਸ਼ ਭਰਿਆ ਅਰ ਸਭ ਬੋਲ ਪਏ ਕਿ 'ਹਾਂ, ਇਨ੍ਹਾਂ ਨੂੰ ਜ਼ਰੂਰ ਦੀਨ ਵਿਚ ਲਿਆਓ'।