ਇਸ ਤੁਰਕ ਹਾਕਮ ਦਾ ਇਕ ਮੂੰਹ ਚੜ੍ਹਿਆ ਮੁਸਾਹਿਬ ਬੜਾ ਮਖੌਲੀਆ ਸੀ ਅਰ ਜੋ ਅਜੋਗ ਕੁਝ ਕਹਿ ਬੈਠੇ ਤਾਂ ਹਾਕਮ ਨੂੰ ਬੁਰਾ ਨਹੀਂ ਲੱਗਦਾ ਸੀ ਤੇ ਸਾਰੇ ਅਹਿਲਕਾਰਾਂ ਨੂੰ ਸਹਿਣਾ ਪੈਂਦਾ ਸੀ, ਮੁੱਲਾਂ ਦੀ ਗੱਲ ਸੁਣ ਕੇ ਝੱਟ ਬੋਲ ਉਠਿਆ:-
ਠੀਕ ਹੈ ਹਜ਼ਰਤ! ਠੀਕ, ਪਰ (ਮੂੰਹ ਮਾੜਾ ਕਰ ਕੇ) ਹੁਣ ਉਹ 'ਬਹਾਦਰੀ' ਕੜਾਹ ਪ੍ਰਸਾਦ ਤੇ ਮੋਹਿਤ ਹੋ ਗਈ ਹੈ। ਸੋ ਤੁਸੀਂ ਉਸ ਦੀਆਂ ਟੰਗਾਂ ਬਾਹਾਂ ਬੰਨ੍ਹੇ ਜੋ ਲੰਗੜੀ ਲੂਲੀ ਹੋ ਕੇ ਤੁਹਾਡੇ ਘਰ ਹੀ ਪਈ ਰਹੇ, ਬਾਹਰ ਨਾ ਜਾ ਸਕੇ, ਨਹੀਂ ਤਾਂ ਅੰਮ੍ਰਿਤ ਪੀ ਕੇ ਤੁਹਾਡੇ ਹੀ ਆਹੂ ਲਾਹੁਣ ਲੱਗ ਜਾਵੇਗੀ।
ਮੁੱਲਾਂ— ਠੀਕ ਹੈ, ਹੁਣ ਅੱਜ ਸਿੱਖ ਕਾਬੂ ਆ ਗਏ ਹਨ ਇਥੋਂ ਹੀ ਕੰਮ ਸ਼ੁਰੂ ਕਰਦੇ ਹਾਂ। ਦੇਖੋ ਐਸੇ ਕੰਮ ਅੱਲਾ ਨੇ ਰਾਸ ਕੀਤੇ ਹਨ, ਮੀਆਂ ਆਰਫ਼ ਖਾਂ ਦੇ ਘਰ ਔਲਾਦ ਨਹੀਂ ਹੈ, ਇਹ ਗੁਲਾਬ ਦਾ ਬੂਟਾ (ਬਾਲ) ਮੋਮਨ ਬਣਾ ਕੇ ਉਨ੍ਹਾਂ ਨੂੰ ਬਖਸ਼ ਦਿਓ, ਜੋ ਘਰ ਵਿਚ ਚਰਾਗ਼ ਰੋਸ਼ਨ ਹੋ ਜਾਏ ਅਰ ਚਾਰ ਸੁੱਕੀਆਂ ਗੋਦੀਆਂ ਹਰੀਆਂ ਭਰੀਆਂ ਹੋ ਜਾਣ। ਆਪਦੇ ਕਬਜ਼ੁਲ ਵਸੂਲੀ* ਦੇ ਮੁਨੀਮ ਦੀ ਜਗ੍ਹਾ ਖਾਲੀ ਹੈ, ਇਹ ਸਿੱਖ ਬਸਰੇ (ਚਿਹਰੇ) ਤੋਂ ਪੜ੍ਹਿਆ ਹੋਇਆ ਜਾਪਦਾ ਹੈ, ਇਸਨੂੰ ਉਥੇ ਨੌਕਰ ਕਰਕੇ ਮੀਆਂ ਦੀਨ ਦੀ
––––––––––
* ਤਨਖਾਹ ਦਾ ਕਾਗਜ।