ਲੜਕੀ ਨਾਲ ਨਿਕਾਹ (ਵਿਆਹ) ਕਰ ਦਿਓ ਮੇਰਾ ਘਰ ਬੀਵੀ ਦੀ ਮੌਤ ਨੇ ਵੈਰਾਨ ਕਰ ਦਿੱਤਾ ਹੈ, ਸੋ ਇਹ ਬੀਵੀ ਉਸ ਉੱਜੜੇ ਘਰ ਨੂੰ ਵਸਾਕੇ ਤੁਹਾਡੀ ਨਾਮਵਰੀ ਕਰੇਗੀ ਕਿ ਐਸੇ ਦੀਨਦਾਰ ਨਵਾਬ ਸਾਹਿਬ ਹਨ ਜੋ ਮੁਲਾਣੇ ਕਾਜ਼ੀਆਂ ਪੁਰ ਐਸੀਆਂ ਸੁਹਣੀਆਂ ਬਖਸ਼ਿਸ਼ਾਂ ਕਰਦੇ ਹਨ।
ਨਵਾਬ ਸਾਹਿਬ ਮੁਸਕ੍ਰਾਏ। ਮਖੌਲੀਏ ਨੇ ਤਾੜ ਲਿਆ ਕਿ ਬੀਬੀ ਨਵਾਬ ਸਾਹਿਬ ਬੱਚਿਆ ਚਾਹੁੰਦੇ ਹਨ ਤੇ ਮੁੱਲਾਂ ਹੋਰੀਂ ਕੁਝ ਆਪਣਾ ਹਰ ਜਮਾ ਰਹੇ ਹਨ, ਨਵਾਬ ਸਾਹਿਬ ਨੂੰ ਸੈਨਤ ਕਰਕੇ ਬੋਲ ਉਠੇ:-‘ਪੰਡਤ ਪਾਂਧੇ ਕਾਜ਼ੀ ਮੁੱਲਾਂ ਚੌਹਾਂ ਤੋਂ ਖ਼ਬਰਦਾਰ ! "
ਇਸ ਵੇਲੇ ਇਕ ਆਦਮੀ ਆਯਾ ਜਿਸ ਨੇ ਦੱਸਿਆ ਕਿ ਅਮਕੇ ਗਿਰਾਂ ਦੇ ਸਿਰਕਰਦੇ ਦੇ ਚਾਰ ਪੰਜ ਆਦਮੀ ਜੇ ਇਨ੍ਹਾਂ ਨੂੰ ਫੜਨ ਪਹਿਲ ਜੰਗਲ ਵਿਚ ਗਏ ਸਨ, ਇਹ ਉਨ੍ਹਾਂ ਨੂੰ ਘਾਇਲ ਕਰਕੇ ਸੁੱਟ ਆਏ ਹਨ, ਤਦ ਸਾਰੇ ਦਰਬਾਰੀਆਂ ਦੇ ਚਿਹਰੇ ਲਾਲ ਹੋ ਗਏ, ਅਰ ਕ੍ਰੋਧ ਨਾਲ ਕੰਬ ਉਠੇ। ਕਿਸੇ ਨੂੰ ਤੀਮਤ ਤੇ ਬੱਚੇ ਦੀ ਬਹਾਦਰੀ ਪੁਰ ਸਲਾਘਾ ਕਰਨ ਦਾ ਉੱਤਮ ਖਿਆਲ ਨਾ ਪੈਦਾ ਹੋਯਾ, ਕ੍ਰੋਧ ਹੀ ਛਾ ਗਿਆ। ਹਾਕਮ ਸਾਹਿਬ ਨੂੰ ਬੀ ਗੁੱਸਾ ਆਯਾ ਪਰ ਸ਼ੀਲ ਕੌਰ ਦਾ ਸੁੰਦਰ ਰੂਪ ਦੇਖਕੇ ਆਪ ਨੇ ਹਕੂਮ ਦਿੱਤਾ: ਲੈ ਜਾਓ ਮਰਦੂਦਾਂ ਨੂੰ ਕੈਦ ਵਿਚ। ਦੂਸਰਾ ਹੁਕਮ ਦੁਪਹਿਰ ਨੂੰ ਦਿਆਂਗੇ। ਦਰਬਾਰ ਬਰਖਾਸਤ ਹੋਯਾਂ, ਹੋਰ ਸਾਰੇ ਆਪਣੇ ਆਪਣੇ ਟਿਕਾਣੇ ਨੂੰ ਚਲੇ ਗਏ; ਹਾਕਮ ਸਾਹਿਬ ਤੇ ਮਸ਼ਖਰਾ ਮਹਿਲ ਨੂੰ ਚਲੇ ਗਏ। ਸਰਾਬ ਪੀਣ ਤੋਂ ਪਹਿਲਾਂ ਮਸਖਰੇ ਨੇ ਹਾਕਮ ਨੂੰ ਪੱਕਿਆਂ ਕਰ ਦਿਤਾ ਕਿ ਇਨ੍ਹਾਂ ਨੂੰ ਮੁਸਲਮਾਨ ਬਣਾ ਲਓ ਅਰ ਹੋਰ ਜ਼ੁਲਮ ਨਾ ਕਰੋ ਤੇ ਤ੍ਰੀਮਤ ਨੂੰ ਮਹਿਲੀ ਦਾਖ਼ਲ ਕਰ ਲਵੋ, ਐਸੀ ਬੇਗਮ ਮਿਲ ਸਕਣੀ ਅਸੰਭਵ ਹੈ। ਉਧਰ ਆਪ ਮਸਖਰਾ ਸਾਹਿਬ ਜਿਹਲਖਾਨੇ ਪਹੁੰਚੇ ਅਰ ਸਿੰਘ ਜੀ ਨੂੰ ਸਮਝਾਉਣ ਦਾ ਯਤਨ ਕਰਦੇ ਰਹੇ, ਪਰ ਉੱਥੇ ਕੁਝ ਪੇਸ਼ ਨਾ ਗਈ। ਫਿਰ ਸੰਝ ਵੇਲੇ ਸਿੰਘ ਜੀ ਨੂੰ ਮਹਿਲਾਂ ਵਿਚ ਬੁਲਾ ਕੇ ਸਮਝਾਇਆ, ਧਮਕਾਇਆ, ਲਲਚਾਇਆ ਤੇ ਡਰਾਇਆ ਗਿਆ; ਪਰ "ਪੱਥਰ ਮੂਲ ਨ ਭਿੱਜਈ ਸੈ ਵਰਿਹਾਂ ਜਲ ਅੰਦਰਿ ਵਸੈ"। ਹੁਣ ਵਹੁਟੀ ਪੁੱਤ੍ਰ ਇਕ ਕੋਠੜੀ ਵਿਚ ਤੇ ਸਿੰਘ ਜੀ ਇਕ ਕੋਠੜੀ ਵਿਚ ਅੱਡੇ ਅੱਡ ਬੰਦ ਕੀਤੇ ਗਏ।