10. ਕਾਂਡ
ਦਿਨ ਹੁਨਾਲੇ ਦੀ ਬਰਫ਼ ਵਾਂਙ ਢਲ ਗਿਆ ਸੀ ਕਿ ਨਵਾਬ ਸਾਹਿਬ, ਮੁੱਲਾਂ, ਮਸਖਰਾ ਤੇ ਹੋਰ ਮੁਸਾਹਿਬ ਇਕ ਖੁਲ੍ਹੇ ਮੈਦਾਨ ਵਿਚ ਪਹੁੰਚੇ ਅਰ ਸਫ ਬੰਨ੍ਹ ਕੇ ਬੈਠ ਗਏ। ਭੁਜੰਗੀ ਤੇ ਸਿੰਘਣੀ ਮੁਸ਼ਕਾਂ ਕੱਸੇ ਹੋਏ ਇਕ ਪਾਸੇ ਨੰਗੀ ਤਲਵਾਰ ਦੇ ਪਹਿਰੇ ਹੇਠ ਕੀਤੇ ਗਏ, ਦੁਹਾਂ ਦੇ ਪੈਰ ਕਿੱਲਿਆਂ ਨਾਲ ਕੱਸੇ ਗਏ। ਸਾਹਮਣੇ ਪਾਸੇ ਇਕ ਟਿਕਟਿਕੀ ਲਗਾਈ ਗਈ ਅਰ ਸਿੰਘ ਜੀ ਦੇ ਹੱਥ ਪੈਰ ਤੇ ਲੱਤਾਂ ਉਸ ਨਾਲ ਜਕੜੇ ਗਏ। ਮੁੱਲਾਂ ਜੀ ਨੇ ਪੁੱਛਿਆ: "ਐ ਸ਼ੇਰ! ਸ਼ੇਰ ਬਣ, ਕਿਉਂ ਆਪਣੀ ਜਿੰਦ ਨੂੰ ਦੁੱਖਾਂ ਦੇ ਹਵਾਲੇ ਕਰਦਾ ਹੈ! ਅਜੇ ਬੀ ਸਮਝ ਤੇ ਛੱਡਿਆ ਜਾਵੇਂ! "
ਸਿੰਘ- ਹੇ ਰਾਜ ਮਦ ਵਾਲਿਓ! ਜੇ ਜੀ ਚਾਹੇ ਕਰੋ ਪ੍ਰਵਾਹ ਨਹੀਂ, ਕੌਣ ਚਮੜੇ ਨੂੰ ਪਿਆਰ ਕਰਕੇ ਜਿੰਦ ਨੂੰ ਪਤਿਤ ਕਰੇ! ਕੌਣ ਸੋਨੇ ਦੇ ਬਦਲੇ ਕੌਡੀ ਲੈਂਦਾ ਹੈ ? ਇਹ ਸਰੀਰ ਸਦਾ ਨਹੀਂ, ਅੰਤ ਮਰੇਗਾ, ਮਰਨੇ ਦਿਓ।
ਸਿੰਘ ਦਾ ਬਚਨ ਸੁਣਦੇ ਹੀ ਇਕ ਕਾਲੇ ਬੰਬ ਰੰਗ ਵਾਲਾ, ਰਾਤ ਦਾ- -ਬੀ ਬਾਬਾ, ਜਿਸ ਦੀ ਸੂਰਤ ਨੂੰ ਵੇਖਕੇ ਭੈ ਆਵੇ, ਨਿਕਲਿਆ ਅਰ ਪੂਰੇ ਬਲ ਨਾਲ ਸੂਤ ਕੇ ਸਿੰਘ ਜੀ ਦੀ ਪਿੱਠ ਪੁਰ ਕੋਟੜੇ ਮਾਰਨ ਲੱਗਾ। ਕੋਟੜਾ ਕੀ ਵੱਜਦਾ ਹੈ ? ਛਵੀ ਵਾਂਗ ਖੱਲ ਨਾਲ ਉਡਾ ਲਿਜਾਂਦਾ ਹੈ, ਧੋਬੀ ਪਟੜੇ ਪੁਰ ਕੁਝ ਤਰਸ ਕਰਦਾ ਹੈ ਪਰ ਹੈਂਸਿਆਰੇ ਜੱਲਾਦ ਨੇ ਸਿੰਘ ਜੀ ਦੀ ਪਿੱਠ ਪਰ ਮਾਂ ਦਾ ਸਾਰਾ ਪੀਤਾ ਹੋਇਆ ਦੁਧ ਕੱਢ ਲਿਆਂਦਾ। ਪਿੱਠ ਪਹਿਲੇ ਲਾਲ ਹੋਈ, ਫੇਰ ਉਪਟੀ, ਫੇਰ ਛਾਲੇ ਉਭਰੇ ਤੇ ਕਿਤੇ ਕਿਤੇ ਚਰਬੀ ਨਿਕਲ ਪਈ। ਲਾਡਾਂ ਤੇ ਸੁਖਾਂ ਪਲੇ ਬਹਾਦਰ ਨੇ, ਜਿਸ ਨੇ ਕਦੇ ਓਇ ਨਹੀਂ ਸਹਾਰੀ ਸੀ; ਇਸ ਬਹਾਦਰੀ ਨਾਲ ਸਹਾਰਿਆ ਕਿ ਇਕ ਸਹਾਰਨ ਦੇ • ਯਤਨ ਅਰ ਦੂਜੀ ਅਸਹਿ ਪੀੜਾ ਨੇ ਬੇਹੋਸ਼ ਕਰ ਦਿਤਾ। ਸਿੰਘਣੀ ਇਸ ਕਸ਼ਟ ਨੂੰ ਦੇਖਕੇ ਪਿੰਜਰੇ ਪਏ ਸ਼ੇਰ ਵਾਂਗ ਤੜਪ ਰਹੀ ਸੀ। ਹਰ ਕੋਟੜੇ ਦੇ ਵੱਜਿਆਂ ਕਲੇਜਾ ਉਭਰਕੇ ਮੂੰਹ ਨੂੰ ਆ ਜਾਂਦਾ ਹੈ, ਪਰ ਕੋਈ ਪੇਸ਼ ਨਹੀਂ ਚਲਦੀ। ਚਾਹੁੰਦੀ ਹੈ ਕਿ ਅੱਖਾਂ ਮੀਟ ਲਏ ਅਰ ਕੰਨਾਂ ਵਿਚ ਉਂਗਲਾਂ ਦੇ ਲਏ, ਪਰ ਹਾਏ ਕਿਸਮਤ! ਹੱਥ ਭੀ ਬੱਧੇ ਹੋਏ ਹਨ, ਕੰਨ ਕੌਣ ਮੁੰਦੇ? ਅੱਖਾਂ ਮੀਟਦੀ ਹੈ, ਪਰ ਕੋਟੜੇ ਦੇ ਕੜਾਕੇ ਨਾਲ ਉਬਾਲ ਜਿਹਾ ਸਿਰ ਨੂੰ ਚੜ੍ਹਦਾ ਹੈ ਕਿ ਅੱਖਾਂ ਤਹਕ ਕੇ ਬੰਦ ਨਹੀਂ ਰਹਿੰਦੀਆਂ। ਸੰਗਮਰਮਰ ਪਰ