ਕਿਸੇ ਕੌਮ ਵਿਚੋਂ ਜਦ ਧਰਮ ਦੀ ਅੰਸ਼ ਉਡ ਜਾਵੇ ਤਦ ਓਹ ਲੋਕ ਧਰਮ ਨੂੰ ਇਕ ਪੜਦਾ ਬਣਾ ਲੈਂਦੇ ਹਨ, ਜਿਸਦੇ ਉਹਲੇ ਅਨੇਕ ਤਰ੍ਹਾਂ ਦੇ ਅਧਰਮ ਕਮਾਉਂਦੇ ਹਨ। ਧਰਮੀ ਲੋਕਾਂ ਦਾ ਬਾਹਰ ਤਾਂ ਸਾਧਾਰਣ ਹੁੰਦਾ ਹੈ। ਪਰ ਅਧਰਮੀਆਂ ਦਾ ਬਾਹਰ ਬਹੁਤ ਚਿਲਕਦਾ ਤੇ ਧਰਮ ਦੀ ਦਮਕ ਮਾਰਦਾ ਹੈ। ਮੁਗਲ ਪਾਤਸ਼ਾਹ ਦੇ ਅੰਤਲੇ ਸਮੇਂ ਪੰਜਾਬ ਵਿਚ ਅਕਸਰ ਜ਼ਾਲਮ ਹਾਕਮ ਐਸੇ ਸਨ ਜੋ ਧਰਮ ਨੂੰ ਕੇਵਲ ਅਧਰਮ ਦੇ ਨਿਰਬਾਹ ਵਾਸਤੇ ਮੁਲੰਮੇ ਵਾਂਗ ਵਰਤਦੇ ਸਨ, ਉਪਰਲੇ ਕੰਮ ਤਾਂ ਦੀਨਦਾਰਾਂ ਦੇ ਤੇ ਅੰਦਰੋਂ ਛੁਰੀ ਫੇਰਨ ਵਾਲਿਆਂ ਦੇ ਨਮੂਨਿਆਂ ਦੇ ਹੁੰਦੇ ਸਨ। ਕੁਸ਼ਾਮਤੀ ਤੇ ਪੇਟਪਾਲੂ ਜੋ ਬਾਹਰੋਂ ਦੀਨਦਾਰ ਤੇ ਅੰਦਰੋਂ ਕੇਵਲ ਆਪਣੇ ਦੀਨ ਦੇ ਉਨ੍ਹਾਂ ਹੁਕਮਾਂ ਦੇ ਮੰਨਣ ਵਾਲੇ, ਜਿਨ੍ਹਾਂ ਕਰਕੇ ਆਪਣੀਆਂ ਗਰਜ਼ਾਂ ਪੂਰੀਆਂ ਹੋਣ. ਚਾਹੇ ਜ਼ੁਲਮ ਤੇ ਤੱਦੀ ਫੈਲੇ ਮੀਰ ਮੰਨੂੰ ਨਾਲ ਰਲਕੇ ਇਕ ਮੈਦਾਨ ਵਿਚ ਨਮਾਜ਼ ਪੜ੍ਹਨੇ ਲਈ ਖੜੇ ਹੋਏ। ਨਮਾਜ਼ਾਂ ਪੜ੍ਹਕੇ ਚਾਹੀਦਾ ਸੀ ਕਿ ਜਿੱਕੁਰ ਪਰਮੇਸ਼ਰ ਤੋਂ ਆਪਣੇ ਲਈ ਦਯਾ ਮੰਗੀ ਸੀ ਹੋਰਨਾਂ ਪੁਰ ਦਯਾ ਕਰਦੇ ਪਰ ਕਿੱਥੋਂ? ਨਮਾਜ਼ ਜੀਭ ਉਤੇ ਸੀ, ਜ਼ੁਲਮ ਦਿਲ ਵਿਚ ਸੀ, ਰੱਬ ਤੱਕ ਕਿਥੋਂ ਪਹੁੰਚ ਹੁੰਦੀ। ਭਾਵੇਂ ਦਿਖਾਵੇ-ਮਾਤ੍ਰ ਲਈ ਤਾਂ ਰੱਬ ਨਾਲ ਹੀ ਗੱਲਾਂ ਕਰਕੇ ਹਟੇ ਸਨ ਅਰ ਓਸ ਦੇ ਪਵਿੱਤ੍ਰ ਹੁਕਮ ਅਨੁਸਾਰ ਪੁੰਨ ਕਰਨ ਲੱਗੇ ਜਾਪਦੇ ਸਨ ਅਰ ਖੁਸ਼ ਹੁੰਦੇ ਸਨ ਕਿ ਕਾਫ਼ਰਾਂ ਨੂੰ ਦੁੱਖ ਦੇਣ ਲੱਗੇ ਹਾਂ, ਪਰ ਅਸਲੀ ਦੀਨ ਦੀ ਗਤਿ ਨਿਆਰੀ ਹੈ।
ਇਕ ਖੁੱਲ੍ਹੇ ਮੈਦਾਨ ਵਿਚ ਵੀਹ ਕੁ ਸੂਰੇ ਸਿੰਘ, ਗੁਰੂ ਗੋਬਿੰਦ ਸਿੰਘ ਜੀ ਦੇ ਬਹਾਦਰ, ਪਿੰਜਰੇ ਪਏ ਸ਼ੇਰਾਂ ਵਾਂਗ ਹੱਥ ਪੈਰ ਬੱਧੇ ਕਤਾਰ ਵਿਚ ਖੜੇ ਕੀਤੇ ਗਏ। ਇਕ ਲੰਮੀ ਚਿੱਟੀ ਦਾੜ੍ਹੀ ਵਾਲੇ ਦੀਨਦਾਰ ਸਾਹਿਬ ਜੋ ਆਪਣੇ ਖਿਆਲ ਵਿਚ ਸ਼ਾਇਦ ਤਰਸ ਵਾਲੇ ਹੀ ਹੋਣਗੇ, ਬੜੀ ਸੁਰੀਲੀ ਸੁਰ ਵਿਚ ਉਪਦੇਸ਼ ਦੇ ਕੇ ਉਨ੍ਹਾਂ ਨੂੰ ਮੁਸਲਮਾਨ ਹੋਣ ਲਈ ਪ੍ਰੇਰਨ ਲੱਗੇ। ਪਰ ਸਮੁੰਦਰ ਵਿਚ ਖੜੇ ਚਿਟਾਨ ਵਾਂਗੂੰ ਇਨ੍ਹਾਂ ਦੀਆਂ ਮਿੱਠੇ ਬਚਨਾਂ ਰੂਪੀ ਲਹਿਰਾਂ