:ਅਰ ਧਮਕੀਆਂ ਰੂਪ ਤੂਫਾਨਾਂ ਨਾਲ ਸਿੱਖਾਂ ਪੁਰ ਕੁਝ ਅਸਰ ਨਾ ਹੋਯਾ। ਜਿੱਕੁਰ ਹੀਰਾ ਚਿੱਕੜ ਮਿੱਟੀ ਮੈਲ ਵਿਚ ਕਿਤੇ ਸਿੱਟਿਆ ਜਾਵੇ ਹੀਰਾ ਹੀ ਰਹਿੰਦਾ ਹੈ, ਤਿਵੇਂ ਸੱਚੇ ਸਿੰਘ ਭਾਵੇਂ ਕਿਸੇ ਸੰਗਤ, ਸੁਹਬਤ, ਦਬਾਉ ਵਿਚ ਚਲੇ ਜਾਣ ਸਦਾ ਸਿੰਘ ਹਨ। ਜਾਂ ਧਰਮ ਛੱਡਣ ਦੇ ਉਪਦੇਸਾਂ ਦੀ ਕੋਈ ਪੇਸ਼ ਨਾ ਗਈ ਤਦ ਮੈਨੂੰ ਨੇ ਅੱਖ ਨਾਲ ਇਕ ਮੁਸਾਹਿਬ ਨੂੰ ਕੁਛ ਸੈਨਤ ਕੀਤੀ, ਉਸੇ ਵੇਲੇ ਤਿੰਨ ਚਾਰ ਆਦਮੀ ਐਕੁਰ ਆ ਖਲੋਤੇ, ਜਿਵੇਂ ਰਾਤ ਨੇ ਰੂਪ ਧਾਰਿਆ ਹੁੰਦਾ ਹੈ, ਜਾਂ ਮਾਨੋਂ ਸੂਰਜ ਦੇ ਚੱਪਣ ਹਨ। ਕਾਲੀ ਹਨੇਰੀ ਨਾਲ ਜਿਵੇਂ ਕਦੇ ਕਦੇ ਚਿੱਟੇ ਚਿੱਟੇ ਬੱਦਲ ਆ ਜਾਂਦੇ ਹਨ, ਤਿਵੇਂ ਚਿੱਟੀ ਚਿੱਟੀ ਰੂੰ ਦੇ ਬੋਰੇ ਤੇ ਤੇਲ ਦੇ ਚਾਟੇ ਆਂਦੇ ਗਏ ਅਰ ਉਨ੍ਹਾਂ ਜੱਲਾਦਾਂ ਨੇ ਸਿੰਘਾਂ ਦੇ ਬਦਨ ਉਤੇ ਰੂੰ ਐਉਂ ਬੰਨ੍ਹ ਦਿੱਤੀ ਜਿਕੁਰ ਪੂਰਬੀਏ ਹੋਲੀਆਂ ਵਿਚ ਹਨੂੰਮਾਨ ਬਨਾਯਾ ਕਰਦੇ ਹਨ। ਹੁਣ ਸਿੰਘਾਂ ਦੇ ਪੈਰਾਂ ਤੇ ਹੱਥਾਂ ਨੂੰ ਸੰਗਲ ਪਾਕੇ ਦੂਰ ਦੂਰ ਕਿੱਲਿਆਂ ਨਾਲ ਐਸਾ ਕੱਸ ਦਿੱਤਾ ਕਿ ਹਿੱਲਣ ਜੋਗੇ ਨਾ ਰਹਿਣ, ਫੇਰ ਉਨ੍ਹਾਂ ਨੂੰ ਤੇਲ ਨਾਲ ਤਰ ਕੀਤਾ, ਜਿੱਕੁਰ ਲਾੜੇ ਨੂੰ ਘੋੜੀ ਚਾੜ੍ਹਨ ਤੋਂ ਪਹਿਲਾਂ ਤੇਲ ਚੜ੍ਹਾਉਂਦੇ ਹਨ। ਚਿੱਟੀ ਰੂੰ ਤੇਲ ਨਾਲ ਪੀਲੀ ਹੋਈ ਹੋਈ ਕ੍ਰਿਸ਼ਨ ਜੀ ਦੇ ਪੀਲੇ ਬਸਤ੍ਰਾਂ ਵਾਂਗ ਗੁਰੂ ਕੇ ਦੁਲਾਰਿਆਂ ਨੂੰ ਸੱਚੇ ਲਾੜੇ ਦੇ ਰੂਪ ਵਿਚ ਲੈ ਆਈ। ਧਰਤੀ ਰੂਪੀ ਘੋੜੀ ਤੇ ਸਵਾਰੀ ਕਰਨੀ ਮਿਲੀ, ਸਿਹਰਿਆਂ ਦੀ ਥਾਂ ਸੰਗਲ ਬੱਧੇ ਗਏ। ਕੈਸੀ ਅਦਭੁਤ ਜੰਞ ਬਣੀ ਹੈ? ਗੀਤ ਐਸ ਵੇਲੇ ਕੌਣ ਗਾਵੇ? ਘੋੜੀਆਂ ਕੌਣ ਪੜ੍ਹੇ? ਖਾਲਸਾ ਜੀ ਆਪ ਹੀ ਸ਼ਬਦ ਗਾਉਣ ਲੱਗ ਪਏ:-
ਤੇਰਾ ਕੀਆ ਮੀਠਾ ਲਾਗੈ॥
ਹਰਿਨਾਮੁ ਪਦਾਰਥੁ ਨਾਨਕੁ ਮਾਂਗੈ॥
(ਆਸਾ ਮ: ੫, ਪੰਨਾ-੩੯੪)
ਇਹ ਦੇਖ ਕੇ ਤਮਾਸ਼ਾ ਦੇਖਣ ਵਾਲੇ ਹੱਕੇ ਬੱਕੇ ਰਹਿ ਗਏ, ਓਹ ਸੋਚਦੇ ਸਨ ਕਿ ਏਹ ਲੋਕ ਇਸ ਯਾਨਕ ਮੌਤ ਦਾ ਸਾਮ੍ਹਣਾ ਕਰਨੋਂ ਡਰਕੇ ਸ਼ਰਨ ਮੰਗਣਗੇ, ਪਰ ਨਹੀਂ ਜਾਣਦੇ ਸਨ ਕਿ ਏਹ ਗੁਰੂ ਗੋਬਿੰਦ ਸਿੰਘ ਜੀ ਦੇ ਸੂਰੇ ਹਨ, ਭੈ ਕੌਣ ਖਾਏ? ਤੇ ਕੌਣ ਸ਼ਰਨ ਮੰਗੇ।
ਖਾਲਸਾ ਜੀ! ਕਿਆ ਆਪ ਦੇ ਹਿਰਦੇ ਵਿਚ ਆਪਣੇ ਵੱਡਿਆਂ ਦੀ ਇਸ ਨਿੱਡਰ ਬਹਾਦਰੀ ਅਰ ਨਿਸਚੇ ਵੱਲ ਵੇਖ ਕੇ ਕੁਝ ਪ੍ਰੇਮ ਨਹੀਂ ਪੈਦਾ