ਜ਼ਰਾ ਅਜ਼ਮਾ ਕੇ ਦੇਖੋ
ਆਪਣੇ ਆਪ ਨੂੰ ‘ਬੰਦ’ ਸਰੀਰਕ ਮੁਦਰਾ ਵਿਚ ਲਿਆਉ। ਧਿਆਨ ਦਿਓ ਕਿ ਇਹ ਕਿਵੇਂ ਤੁਹਾਡੀ ਮਨੋਸਥਿਤੀ (Mood) ਨੂੰ ਬਦਲ ਦੇਂਦੀ ਹੈ। ਸਿਰਫ ਮਨ ਹੀ ਸਰੀਰ ਤੇ ਪ੍ਰਭਾਵ ਨਹੀਂ ਪਾਉਂਦਾ ਸਗੋਂ ਸਰੀਰ ਵੀ ਮਨ ਤੇ ਪ੍ਰਭਾਵ ਪਾਉਂਦਾ ਹੈ। ਹੁਣ ‘ਖੁਲ੍ਹੀ’ ਸਰੀਰਕ ਮੁਦਰਾ ਵਿਚ ਆਉ। ਤੁਸੀਂ ਦੇਖੋਗੇ ਕਿ ਤੁਹਾਡੀ ਮਨੋਸਥਿਤੀ ਇਕ ਵਾਰੀ ਫਿਰ ਬਦਲ ਜਾਂਦੀ ਹੈ।
ਦੂਜਿਆਂ ਨੂੰ ਵੀ ਇਨ੍ਹਾਂ ਸਰੀਰਕ ਮੁਦਰਾਵਾਂ ਵਿਚ ਆਉਂਦਿਆਂ ਧਿਆਨ ਨਾਲ ਦੇਖੋ। ਉਹ ਕੀ ਕਹਿਣਾ ਚਾਹੁੰਦੇ ਹਨ? ਤੁਸੀਂ ਇਸ ਦਾ ਕੀ ਮਤਲਬ ਕੱਢਦੇ ਹੋ? ਉਹ ਇਹ ਅਚੇਤ ਹੀ ਕਰ ਰਹੇ ਹਨ ਜਾਂ ਜਾਣ ਬੁੱਝ ਕੇ ਕਰ ਰਹੇ ਹਨ? ਤੁਹਾਨੂੰ ਆਪਣੇ ਨਿੱਜੀ ਜਾਂ ਕੰਮ-ਕਾਰ ਦੇ ਜੀਵਨ ਵਿਚ ਮਿਲਣ ਵਾਲੇ ਕੁੱਝ ਐਸੇ ਲੋਕ ਯਾਦ ਹਨ ਜੋ ਇਨ੍ਹਾਂ ਦੋ ਮੁਦਰਾਵਾਂ ਵਿਚ ਆਉਂਦੇ ਹਨ? ਕੀ ਉਨ੍ਹਾਂ ਦਾ ਐਸਾ ਕਰਨਾ ਤੁਹਾਡੇ ਤੇ ਵੀ ਕੋਈ ਅਸਰ ਪਾਉਂਦਾ ਹੈ?
ਸਿਆਣੀ ਗੱਲ
'ਖੁਲ੍ਹੀ' ਸਰੀਰਕ ਭਾਸ਼ਾ 'ਜੀ ਆਇਆਂ' ਕਹਿੰਦੀ ਹੈ ਅਤੇ ‘ਬੰਦ ਸਰੀਰਕ ਭਾਸ਼ਾ ਬਾਹਾਂ-ਲੱਤਾਂ ਨੂੰ ਸਰੀਰ ਦੇ ਨੇੜੇ ਲਿਆ ਕੇ ਸੁੰਗੇੜ ਲੈਂਦੀ ਹੈ।
ਬਦਲਵੀਆਂ ਹਰਕਤਾਂ ਅਤੇ ਸਵੈ-ਤਸੱਲੀ ਦੀਆਂ ਹਰਕਤਾਂ ਦੇ ਸਮੂਹ
ਦੂਜੇ ਲੋਕਾਂ ਦੇ ਮਨਾਂ ਵਿਚ ਆ ਰਹੇ ਵਿਚਾਰ ਜਾਣਨ ਲਈ ਇਹ ਸਾਡੇ ਮੁੱਢਲੇ ਤੇ ਪ੍ਰਮੁੱਖ ਸਰੋਤ ਹਨ। ਅਸੀਂ ਇਹੋ ਜਿਹੀਆਂ ਹਰਕਤਾਂ ਵੱਲ ਧਿਆਨ ਦਿੰਦੇ ਰਹਿੰਦੇ ਹਾਂ ਤਾਂ ਕਿ ਸਾਨੂੰ ਕੋਈ ਸੰਕੇਤ ਮਿਲ ਸਕੇ ਕਿ ਦੂਜੇ ਦੇ ਮਨ ਵਿਚ ਕੀ ਵਾਪਰ ਰਿਹਾ ਹੈ। ਸਾਨੂੰ ਇਨ੍ਹਾਂ ਸੰਕੇਤਾਂ ਤੋਂ ਹੀ ਇਹ ਪਤਾ ਲਗ ਸਕਦਾ ਹੈ ਕਿ ਸਾਡੇ ਆਪਸੀ ਰਿਸ਼ਤੇ ਕਿਹੋ ਜਿਹੇ ਹੋਣਗੇ। ਪਰ ਫਿਰ ਵੀ ਅਸੀਂ ਕਿਸੇ ਇਕ ਹਰਕਤ ਜਾਂ ਸੰਕੇਤ ਤੋਂ ਹੀ ਅੰਦਾਜ਼ਾ ਨਹੀਂ ਲਗਾ ਸਕਦੇ। ਅਕਸਰ ਲੋਕ ਇਹੀ ਗਲਤੀ ਕਰਦੇ ਹਨ।
“ ਕਿਸੇ ਇਕ ਹਰਕਤ ਤੋਂ ਹੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।”
ਇਸ਼ਾਰਿਆਂ ਦੀ ਤੁਲਨਾ ਕਿਸੇ ਵਾਕ ਵਿਚਲੇ ਇਕ ਸ਼ਬਦ ਨਾਲ ਕੀਤੀ ਜਾਂਦੀ ਹੈ। ਕਿਸੇ ਇਕ ਸ਼ਬਦ ਤੋਂ ਭਾਵ ਜਾਂ ਅਰਥ ਨਹੀਂ ਸਮਝਿਆ ਜਾ ਸਕਦਾ। ਪਰ ਜਦੋਂ ਉਹੀ ਸ਼ਬਦ ਇਕੱਠੇ ਹੋ ਕੇ ਕੋਈ ਵਾਕ ਬਣਾ ਦਿੰਦੇ ਹਨ ਤਾਂ ਅਰਥ ਨਿਕਲ ਆਉਂਦਾ ਹੈ। ਸਰੀਰ ਦੀ ਭਾਸ਼ਾ
ਵੀ ਇਸੇ ਤਰ੍ਹਾਂ ਹੀ ਕੰਮ ਕਰਦੀ ਹੈ। ਅਸੀਂ ਕਈ ਸੰਕੇਤ ਇਕੱਠੇ ਦੇਖਦੇ ਹਾਂ ਤਾਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਇਹ ਸਾਰੇ ਇਕੋ ਗੱਲ ਦਰਸਾ ਰਹੇ ਹਨ? ਜਦੋਂ ਅਸੀਂ ਇਸ਼ਾਰਿਆਂ ਦੇ 'ਸਮੂਹ' ਦੀ ਗੱਲ ਕਰਦੇ ਹਾਂ ਤਾਂ ਇਸ ਦਾ ਇਹੀ ਭਾਵ ਹੈ। ਇਨ੍ਹਾਂ ਸਮੂਹਾਂ ਤੋਂ ਹੀ ਅਸੀਂ ਕਿਸੇ ਨਤੀਜੇ ਤੇ ਪਹੁੰਚ ਸਕਦੇ ਹਾਂ।
ਸੋ ਜੇ ਕੋਈ ਵਿਅਕਤੀ ਗੱਲ ਕਰਦਿਆਂ ਕਰਦਿਆਂ ਆਪਣੇ ਨੱਕ ਨੂੰ ਛੋਹੇ, ਤਾਂ ਕੀ ਅਸੀਂ ਇਹ ਮੰਨ ਲਈਏ ਕਿ ਉਹ ਝੂਠ ਬੋਲ ਰਿਹਾ ਹੈ? ਯਾ ਜੇ ਕੋਈ ਬੰਦਾ ਗੱਲ ਕਰਦਿਆਂ ਕਰਦਿਆਂ ਬਾਰ ਬਾਰ ਆਪਣੇ ਬੈਠਣ ਦਾ ਢੰਗ ਬਦਲਦਾ ਰਹੇ (Shifts position) ਤਾਂ ਕੀ ਇਸ ਦਾ ਮਤਲਬ ਹੈ ਕਿ ਉਹ ਪ੍ਰੇਸ਼ਾਨ ਹੈ? ਜਾਂ ਕੋਈ ਸਰੋਤਾ ਆਪਣੀਆਂ ਬਾਹਾਂ ਫਸਾ ਕੇ ਬੈਠਾ ਹੈ ਤਾਂ ਉਹ ਸੱਚ ਹੀ ਉਕਤਾ ਚੁੱਕਾ ਹੈ? ਜੇ ਕੋਈ ਆਪਣੇ ਗਿੱਟੇ ਫਸਾ ਕੇ ਬੈਠਾ ਹੈ ਤਾਂ ਉਹ ਆਪਣੀ ਹਮਲਾਵਰ ਮਨੋ ਅਵਸਥਾ ਨੂੰ ਛੁਪਾ ਰਿਹਾ ਹੈ? ਨਹੀਂ, ਬਿਲਕੁਲ ਨਹੀਂ। ਇਹ ਸਾਰੀਆਂ ਹਰਕਤਾਂ ਇਕੱਲੇ ਇਕੱਲੇ ਕੁਝ ਵੀ ਨਹੀਂ ਦਸ ਸਕਦੀਆਂ, ਪਰ ਜੇ ਇਹ ਸਾਰੀਆਂ ਗੱਲਾਂ ਇਕੱਠੀਆਂ ਹੀ ਹੋ ਰਹੀਆਂ ਹੋਣ ਤਾਂ ਸ਼ਾਇਦ ਅਸੀਂ ਇਸ ਨਤੀਜੇ ਤੇ ਪਹੁੰਚ ਸਕਦੇ ਹਾਂ ਕਿ ਇਹ ਵਿਅਕਤੀ ਨਕਾਰਾਤਮਕ ਮਨੋਸਥਿਤੀ ਵਿਚ ਹੈ। ਫਿਰ ਸ਼ਾਇਦ ਇਹ ਸਾਡੀ ਗਲਬਾਤ ਦਾ ਵਿਸ਼ਾ ਬਦਲਣ ਦਾ ਸਮਾਂ ਹੈ ਤੇ ਜਾਂ ਫਿਰ ਉਸ ਨਾਲ ਖੁਲ੍ਹ ਕੇ ਗੱਲ ਕਰਨ ਦਾ ਕਿ ਉਹ ਕਿਨ੍ਹਾਂ ਗੱਲਾਂ ਕਰਕੇ ਪਰੇਸ਼ਾਨ ਹੈ।
ਹੋ ਸਕਦਾ ਹੈ ਤੁਹਾਡਾ ਮਿੱਤਰ ਤੁਹਾਡੇ ਤੋਂ ਹੀ ਪਰੇਸ਼ਾਨ ਹੋਵੇ, ਜਾਂ ਤੁਹਾਡੀ ਕਿਸੇ ਗੱਲ ਨੇ ਉਸ ਨੂੰ ਪਰੇਸ਼ਾਨ ਕਰ ਦਿੱਤਾ ਹੋਵੇ, ਅਤੇ ਜਾਂ ਫਿਰ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਨੇ ਹੀ ਉਸਨੂੰ ਪ੍ਰੇਸ਼ਾਨ ਕੀਤਾ ਹੋਵੇ। ਬਹੁਤ ਸਾਰੇ ਲੋਕ ਸਾਰੀ ਉਮਰ ਇਹੀ ਸਮਝਦੇ ਰਹਿੰਦੇ ਹਨ ਕਿ ਉਹ ਲੋਕਾਂ ਦੇ ਅਣ-ਸ਼ਬਦੀ ਗੱਲਾਂ ਤੇ ਇਸ਼ਾਰੇ (Non-Verbal) ਸਮਝ ਲੈਂਦੇ ਹਨ। ਉਹ ਕਿਸੇ ਦੀ ਇਕ ਹਰਕਤ ਨੂੰ ਇਕੱਲਿਆਂ ਹੀ ਪਕੜ ਲੈਂਦੇ ਹਨ ਅਤੇ ਇਸ ਨੂੰ ਉਨ੍ਹਾਂ ਦੀ ਕਿਸੇ ਖਾਸ ਭਾਵਨਾ ਨਾਲ ਜੋੜ ਲੈਂਦੇ ਹਨ। ਹਾਲਾਂਕਿ ਉਨ੍ਹਾਂ ਕੋਲ ਇਸ ਨਤੀਜੇ ਤਕ ਪਹੁੰਚਣ ਲਈ ਹੋਰ ਕੋਈ ਵੀ ਗੱਲ ਨਹੀਂ ਹੁੰਦੀ। ਐਸੇ ਲੋਕ ਫਿਰ ਦੂਜਿਆਂ ਨੂੰ ਇਸ ਬਾਰੇ ਹੀ ਤੰਗ ਕਰਦੇ ਰਹਿੰਦੇ ਹਨ।
ਕਿਸੇ ਵਿਅਕਤੀ ਦੀ ਸੋਚ ਬਾਰੇ ਕਿਸੇ ਵੀ ਨਤੀਜੇ ਤੇ ਪਹੁੰਚਣ ਤੋਂ ਪਹਿਲਾਂ ਤੁਹਾਨੂੰ ਬਹੁਤ ਕੁਝ ਪਤਾ ਕਰਨ ਦੀ ਲੋੜ ਹੁੰਦੀ ਹੈ। ਜੋ ਤੁਹਾਨੂੰ ਪਤਾ ਲੱਗਾ ਹੈ ਉਹ ਇਸ ਰਾਹ ਦਾ ਸ਼ਾਇਦ ਇਕ ਕਦਮ ਹੀ ਹੋਵੇ । ਕਾਹਲੀ ਵਿੱਚ ਕੱਢੇ ਗਏ ਨਤੀਜੇ ਤੇ ਅਧੂਰੀ ਵਾਕਫੀ ਸਿਰਫ ਗਲਤ ਪਾਸੇ ਹੀ ਲਿਜਾ ਸਕਦੇ ਹਨ।