ਪਹਿਲਾਂ ਭਾਵਨਾਤਮਕ ਸੂਝ ਦੀ ਗੱਲ ਨੇ ਆਮ ਲੋਕਾਂ ਵਿਚ ਭਾਵਨਾਵਾਂ ਦੀ ਰਿਸ਼ਤਿਆਂ ਵਿਚ ਅਹਿਮੀਅਤ ਬਾਰੇ ਜਾਗਰੂਕਤਾ ਪੈਦਾ ਕੀਤੀ ਸੀ। ਭਾਵਨਾਤਮਕ ਯੋਗਤਾਵਾਂ ਪੰਜ ਗਿਣੀਆਂ ਗਈਆਂ ਹਨ ਤੇ ਇਨ੍ਹਾਂ ਤੋਂ ਇਹ ਸਬਕ ਮਿਲਦਾ ਹੈ:
“ਭਾਵਨਾਤਮਕ ਯੋਗਤਾਵਾਂ ਪੰਜ ਮੰਨੀਆਂ ਗਈਆਂ ਹਨ।”
1. ਆਪਣੀਆਂ ਭਾਵਨਾਵਾਂ ਤੋਂ ਜਾਣੂੰ ਹੋਵੋ।
2. ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿਚ ਰੱਖੋ।
3. ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝੋ।
4. ਸਰੀਰ ਦੀ ਭਾਸ਼ਾ ਤੋਂ ਮਿਲਣ ਵਾਲੇ ਇਸ਼ਾਰਿਆਂ ਤੋਂ ਚੇਤੰਨ ਰਹੋ।
5. ਦੂਸਰਿਆਂ ਨਾਲ ਸਫਲ ਸਬੰਧ ਬਣਾਉ।
ਇਨ੍ਹਾਂ ਯੋਗਤਾਵਾਂ ਬਾਰੇ ਖਾਸ ਗੱਲ ਇਹ ਹੈ ਕਿ ਪੰਜਵੀਂ ਯੋਗਤਾ ਤਾਂ ਹੀ ਬਣੇਗੀ ਜਦੋਂ ਪਹਿਲੀਆਂ ਚਾਰ ਯੋਗਤਾਵਾਂ ਸਾਡੇ ਅੰਦਰ ਆ ਗਈਆਂ ਹੋਣ।
ਸ਼ੁਰੂਆਤ ਆਪਣੇ ਤੋਂ ਕਰੋ
ਇਨ੍ਹਾਂ ਸਭ ਚੀਜ਼ਾਂ ਦਾ ਤੁਹਾਨੂੰ ਸੂਖਮ ਰੂਪ ਵਿਚ ਸ਼ਾਇਦ ਪਤਾ ਹੀ ਹੋਵੇਗਾ। ਪਰ ਰੋਜ਼ਾਨਾ ਜੀਵਨ ਦੀ ਭਜ ਦੌੜ, ਬੋਝ ਅਤੇ ਤੇਜ਼ੀ ਵਿਚ ਅਸੀਂ ਛੋਟੇ ਰਸਤੇ (Shortcut) ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਇਹੀ ਨਹੀਂ, ਸੁਸਤੀ, ਬੇਸਬਰੀ ਜਾਂ ਮਾਨਸਿਕ ਹਾਲਤ ਖਰਾਬ ਹੋਣ ਕਰਕੇ ਵੀ ਅਸੀਂ ਆਪਣੇ ਵਲੋਂ ਦਿੱਤੇ ਜਾ ਰਹੇ ਇਸ਼ਾਰਿਆਂ ਨੂੰ, ਅਤੇ ਦੂਜਿਆਂ ਵਲੋਂ ਮਿਲਣ ਵਾਲੇ ਇਸ਼ਾਰਿਆਂ ਨੂੰ, ਅੱਖੋਂ ਉਹਲੇ ਕਰ ਦਿੰਦੇ ਹਾਂ।
ਇਸ ਤੋਂ ਪਹਿਲਾਂ ਕਿ ਤੁਸੀਂ ਕਿਸੇ ਹੋਰ ਨਾਲ ਗੱਲਬਾਤ ਕਰੋ, ਤੁਹਾਨੂੰ ਕੁਝ ਪਲਾਂ ਵਿਚ ਆਪਣੀ ਭਾਵਨਾਤਮਕ ਹਾਲਤ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੁਸੀਂ ਕਿਸ ਹਾਲਤ ਵਿਚ ਹੋ? ਬੇਸਬਰੇ? ਗੁੱਸੇ ਵਿਚ? ਚਿੰਤਾਤੁਰ? ਨਾਰਾਜ਼? ਇਨ੍ਹਾਂ ਵਿਚੋਂ ਹਰ ਹਾਲਤ ਦਾ ਅਸਰ ਇਸ ਚੀਜ਼ ਤੇ ਪਵੇਗਾ ਕਿ ਤੁਸੀਂ ਦੂਜੇ ਨੂੰ ਕਿਵੇਂ ਬੁਲਾਉਗੇ। ਤੁਹਾਡੀ ਸਰੀਰਕ ਭਾਸ਼ਾ ਅਛੋਪਲੇ ਹੀ ਬੋਲ ਪਵੇਗੀ ਤੇ ਤੁਹਾਡੇ ਲਈ ਮੁਸ਼ਕਿਲਾਂ ਖੜ੍ਹੀਆਂ ਹੋ ਜਾਣਗੀਆਂ। ਸੋ ਤੁਹਾਨੂੰ ਆਪਣੀ ਭਾਵਨਾਤਮਕ ਹਾਲਤ ਨੂੰ ਸੰਭਾਲਣ ਦੀ, ਤੇ ਆਪਣੇ ਸਰੀਰ ਵਲੋਂ ਕੀਤੇ ਜਾ ਰਹੇ ਇਸ਼ਾਰਿਆਂ ਨੂੰ ਵੱਸ ਵਿਚ ਕਰਨ ਦੀ ਲੋੜ ਹੁੰਦੀ ਹੈ।
ਦੂਜੇ ਕਿਸ ਮਨੋ ਅਵਸਥਾ ਵਿਚ ਹਨ? ਉਨ੍ਹਾਂ ਦੀ ਸਰੀਰਕ ਭਾਸ਼ਾ ਤੁਹਾਨੂੰ ਕੀ ਦੱਸ ਰਹੀ ਹੈ ਕਿ ਉਹ ਕੀ ਮਹਿਸੂਸ ਕਰ ਰਹੇ ਹਨ? ਤੁਹਾਨੂੰ ਕੀ ਦਿੱਖ ਰਿਹਾ ਹੈ—ਉਨ੍ਹਾਂ ਦੀ ਕੋਈ ਦਿਲਚਸਪੀ ਨਹੀਂ? ਪਰੇਸ਼ਾਨ ਹਨ? ਗੁੱਸੇ ਵਿਚ ਹਨ? ਚਿੰਤਾਤੁਰ ਹਨ? ਕੀ ਇਹ ਸਭ ਕੁੱਝ ਤੁਹਾਡੇ ਕਰਕੇ ਹੈ? ਇਹ ਵੀ ਤਾਂ ਹੋ ਸਕਦਾ ਹੈ ਕਿ ਸਾਹਮਣੇ ਵਾਲੇ ਵਿਅਕਤੀ ਨੂੰ ਹੁਣੇ ਹੀ ਇਹ ਪਤਾ ਲੱਗਿਆ ਹੋਵੇ ਕਿ ਉਸ ਦੀ ਬੀਮਾ ਕੰਪਨੀ ਨੇ ਉਸਦੇ ਮਕਾਨ ਦਾ ਕਲੇਮ ਦੇਣ ਤੋਂ ਨਾਂਹ ਕਰ ਦਿੱਤੀ ਹੈ। ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਉਨ੍ਹਾਂ ਦੀ ਦਿਲਚਸਪੀ ਕਾਇਮ ਕਰ ਸਕਦੇ ਹੋ ਕਿ ਨਹੀਂ?