ਅਧਿਆਇ - 1
ਮਨ ਅਤੇ ਸਰੀਰ ਦੀ ਭਾਸ਼ਾ
ਆਪਣੇ ਜੀਵਨ ਵਿਚ ਹੁਣ ਤੱਕ ਦੇ ਸਮੇਂ ਵਿਚ ਅਸੀਂ ਆਪਣੇ ਵਿਚਾਰ ਦੂਜਿਆਂ ਤੱਕ ਪਹੁੰਚਾਣ ਲਈ ਬਹੁਤ ਕੁੱਝ ਸਿੱਖਿਆ ਹੈ—ਚਿਹਰੇ ਦੇ ਹਾਵ-ਭਾਵ, ਆਪਣੀਆਂ ਬਾਹਵਾਂ ਮੋੜਨ ਦਾ ਤਰੀਕਾ ਅਤੇ ਹੋਰ ਇਸ਼ਾਰੇ, ਸਾਡੇ ਸਿਰ ਦਾ ਇਕ ਪਾਸੇ ਵਲ ਝੁਕਣਾ ਅਤੇ ਸਾਡੇ ਦੇਖਣ ਦਾ ਢੰਗ ਆਦਿ। ਇਹ ਸਾਰੀਆਂ ਹਰਕਤਾਂ ਬਿਨਾਂ ਕੋਈ ਲਫਜ਼ ਬੋਲੇ ਵੀ ਬਹੁਤ ਕੁਝ ਕਹਿ ਜਾਂਦੀਆਂ ਹਨ। ਤੁਸੀਂ ਇਹ ਸਾਰਾ ਕੁਝ ਕਿਸ ਢੰਗ ਨਾਲ ਕਰਦੇ ਹੋ, ਇਸ ਉਤੇ ਹੀ ਨਿਰਭਰ ਕਰਦਾ ਹੈ ਕਿ ਤੁਸੀਂ ਲੋਕਾਂ ਸਾਹਮਣੇ ਆਪਣਾ ਕੀ ਅਕਸ ਪੇਸ਼ ਕਰਦੇ ਹੋ ਅਤੇ ਲੋਕ ਤੁਹਾਡੇ ਬਾਰੇ ਕੀ ਵਿਚਾਰ ਬਣਾਉਂਦੇ ਹਨ।
ਸਾਡੇ ਵਿਚੋਂ ਸ਼ਾਇਦ ਹੀ ਕੋਈ ਐਸਾ ਹੋਵੇਗਾ ਜੋ ਇਹ ਸਮਝਦਾ ਹੈ ਕਿ ਸਿਰਫ ਸਾਡੇ ਸ਼ਬਦ ਹੀ ਸਾਡੇ ਵਿਚਾਰ ਦੂਜਿਆਂ ਤਕ ਸਹੀ ਸਹੀ ਪਹੁੰਚਾ ਦਿੰਦੇ ਹਨ।
ਆਪਣੀ ਗੱਲ ਦਾ ਵਜ਼ਨ ਬਣਾਉਣ ਲਈ ਅਸੀਂ ਗੱਲ ਕਰਦਿਆਂ ਮੁਸਕਰਾਉਂਦੇ ਹਾਂ, ਮੂੰਹ ਬਣਾਉਂਦੇ ਹਾਂ, ਆਪਣੀ ਨਜ਼ਰ ਦੂਜੇ ਪਾਸੇ ਲਿਜਾਂਦੇ ਹਾਂ, ਨੇੜੇ ਹੋ ਕੇ ਜਾਂ ਦੂਰ ਹੋ ਕੇ ਗੱਲ ਕਰਦੇ ਹਾਂ, ਛੋਂਹਦੇ ਹਾਂ (ਜਾਂ ਛੋਹਣ ਤੋਂ ਬਚਦੇ ਹਾਂ) ਅਤੇ ਮਨ ਦੀ ਗਲ ਦੂਜੇ ਤੱਕ ਪੁਚਾਣ ਦਾ ਕੋਈ ਢੰਗ ਵਰਤਦੇ ਹਾਂ। ਪਿਛਲੇ 50 ਸਾਲਾਂ ਵਿਚ ਹੋਏ ਕਈ ਸਰਵੇਖਣਾਂ ਨੇ ਇਸ ਗਲ ਨੂੰ ਸਾਬਤ ਕੀਤਾ ਹੈ ਕਿ ਸਾਡੇ ਸਰੀਰ ਦੀ ਭਾਸ਼ਾ, ਜਾਂ ਸਰੀਰ ਵਲੋਂ ਕੀਤੇ ਗਏ ਸੰਕੇਤ ਹੀ ਹੇਠਲੀਆਂ ਗੱਲਾਂ ਪ੍ਰਭਾਵਸ਼ਾਲੀ ਢੰਗ ਨਾਲ ਕਹਿ ਸਕਦੇ ਹਨ:
• ਪ੍ਰਵਾਨਗੀ ਦੇਣਾ ਜਾਂ ਠੁਕਰਾਣਾ
• ਪਸੰਦ ਜਾਂ ਨਾ-ਪਸੰਦੀ/ਘਿਰਣਾ
• ਕਿਸ ਚੀਜ਼ ਵਿਚ ਰੁਚੀ ਹੋਣਾ ਜਾਂ ਉਕਤਾਣਾ
• ਸਚਾਈ ਜਾਂ ਧੋਖਾ।
ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਜੇ ਤੁਸੀਂ ਵੀ ਲੋਕਾਂ ਨਾਲ ਆਪਣੀਆਂ ਗੱਲਬਾਤਾਂ ਵਿਚ ਸਮਝ ਸਕੋ ਤਾਂ ਕਿੰਨਾ ਚੰਗਾ ਹੋਵੇਗਾ। ਜੇ ਤੁਸੀਂ ਐਸਾ ਕਰੋ ਤਾਂ ਇਸ ਨਾਲ ਤੁਹਾਡਾ ਸਮਾਂ ਵੀ ਬਚੇਗਾ ਅਤੇ ਮਨ ਨੂੰ ਹੁੰਦੀ ਦਰਦ-ਤਕਲੀਫ ਵੀ। ਇਸ ਨਾਲ ਕਈ ਵਾਰੀ ਸਾਨੂੰ ਕਈ ਚੀਜ਼ਾਂ ਦਾ ਅੰਦਾਜ਼ਾ ਵੀ ਲੱਗ ਜਾਵੇਗਾ ਜਿਨ੍ਹਾਂ ਨਾਲ ਅਸੀਂ ਖਰਾਬ ਹੋ ਰਹੇ ਹਾਲਾਤ ਨੂੰ ਬਚਾ ਸਕੀਏ।