ਵਾਲੀਆਂ ਚੀਜ਼ਾਂ ਹਨ ਜਿਹੜੀਆਂ ਸ਼ਾਇਦ ਅਸੀਂ ਛੁਪਾਈ ਰੱਖਣਾ ਚਾਹੁੰਦੇ ਹੁੰਦੇ ਹਾਂ।
4. ਰੂਪਾਂਤਰਕ (Adapters)
ਭਾਵਨਾ ਚਿੰਨ੍ਹਾਂ ਵਾਂਗ ਰੂਪਾਂਤਰਕ ਵੀ ਮਨੋਬਿਰਤੀ ਜਾਂ ਮੂਡ ਨੂੰ ਦਰਸਾਉਣ ਵਾਲੇ ਇਸ਼ਾਰੇ ਹਨ। ਇਨ੍ਹਾਂ ਨੂੰ ਕਾਬੂ ਵਿੱਚ ਰੱਖਣਾ ਔਖਾ ਹੁੰਦਾ ਹੈ। ਇਸੇ ਕਰਕੇ ਹੀ ਇਹ ਕਿਸੇ ਵੀ ਵਿਅਕਤੀ ਦੀ ਮਨੋਬਿਰਤੀ ਨੂੰ ਸਹੀ ਢੰਗ ਨਾਲ ਪਰਗਟ ਕਰਦੇ ਹਨ, ਭਾਵੇਂ ਇਹ ਮਨੋਬਿਰਤੀ ਜਾਂ ਮੂਡ, ਵਧੀਆ ਹੋਵੇ ਜਾਂ ਮਾੜਾ। ਇਹ ਇਸ਼ਾਰੇ ਸਾਨੂੰ ਇਹ ਸਮਝਣ ਵਿਚ ਮਦਦ ਕਰਦੇ ਹਨ ਕਿ ਸਾਡੇ ਨਾਲ ਗੱਲ ਕਰ ਰਿਹਾ ਵਿਅਕਤੀ ਸੱਚ ਬੋਲ ਰਿਹਾ ਹੈ ਜਾਂ ਝੂਠ, ਤੇ ਜਾਂ ਫਿਰ ਕਿਤੇ ਉਹ ਸਾਡੇ ਨਾਲ ਕੋਈ ਵੱਡਾ ਧੋਖਾ ਤਾਂ ਨਹੀਂ ਕਰ ਰਿਹਾ। ਸਾਡੇ ਖੜ੍ਹੇ ਹੋਣ ਤੇ ਬੈਠਣ ਦੇ ਢੰਗ (ਮੁਦਰਾ) ਵਿਚ ਬਦਲਾਅ ਆਉਣਾ ਇਕ ਐਸਾ ਹੀ ਰੂਪਾਂਤਰਕ ਹੈ। ਸਰੀਰ ਦੀਆਂ ਕੁਝ ਐਸੀਆਂ ਹਰਕਤਾਂ ਜਿਨ੍ਹਾਂ ਨਾਲ ਅਸੀਂ ਸਰੀਰ ਨੂੰ ਛੋਂਹਦੇ ਹਾਂ—ਜਿਵੇਂ ਕਿ ਆਪਣੇ ਚਿਹਰੇ ਨੂੰ ਛੋਹਣਾ ਜਾਂ ਮਲਣਾ (ਸਵੈ-ਰੂਪਾਂਤਰਕ Self-Adapters) ਜਾਂ ਕਿਸੇ ਚੀਜ਼ ਨਾਲ ਸਬੰਧਤ ਹਰਕਤ-ਐਨਕ ਉਤਾਰਨਾ, ਪੈਨਸਿਲ ਚਬਾਉਣਾ, ਸਰੀਰ ਦੇ ਕਿਸੇ ਗਹਿਣੇ ਨੂੰ ਬਾਰ ਬਾਰ ਛੋਹਣਾ (ਵਸਤ-ਰੂਪਾਂਤਰਕ Object-Adapters) ਸ਼ਾਮਲ ਹਨ:
“ਰੂਪਾਂਤਰਕ ਮੁਦਰਾ ਪਰਿਵਰਤਨ ਅਤੇ ਹਰਕਤਾਂ ਹੁੰਦੇ ਹਨ।”
5. ਨਿਯੰਤਰਕ (Regulators)
ਨਿਯੰਤਰਕ ਉਹ ਹਰਕਤਾਂ ਹੁੰਦੇ ਹਨ ਜਿਹੜੀਆਂ ਸਾਡੇ ਬੋਲਣ ਅਤੇ ਸੁਣਨ ਦੀ ਕਿਰਿਆ ਨਾਲ ਸਬੰਧਤ ਹਨ ਅਤੇ ਇਹ ਸਾਡੇ ਇਰਾਦੇ ਪ੍ਰਗਟਾਉਂਦੀਆਂ ਹਨ। (ਇਨ੍ਹਾਂ ਬਾਰੇ ਆਪਾਂ ਅੱਗੇ ਚਲ ਕੇ ਹੋਰ ਗੱਲਬਾਤ ਵੀ ਕਰਾਂਗੇ) ਸਿਰ ਹਿਲਾਣਾ, ਨਜ਼ਰਾਂ ਮਿਲਾਣਾ ਅਤੇ ਸਰੀਰ ਦੇ ਬੈਠਣ ਦੇ ਢੰਗ ਵਿਚ ਤਬਦੀਲੀ ਇਸੇ ਕਿਸਮ ਦੀਆਂ ਹੀ ਹਰਕਤਾਂ ਹਨ।
ਸਿਆਣੀ ਗੱਲ
ਜਿਉਂ ਜਿਉਂ ਤੁਸੀਂ ਅਗਲੇ ਅਧਿਆਇ ਵੀ ਪੜ੍ਹੋਗੇ, ਇਹ ਯਾਦ ਰੱਖਣਾ ਕਿ ਤੁਹਾਨੂੰ ਹਰ ਚੀਜ਼ ਨੂੰ ਦੋ ਪੱਖਾਂ ਤੋਂ ਸਮਝਣਾ ਪਵੇਗਾ। ਇਹ ਕਦੇ ਵੀ ਨਾ ਭੁੱਲਣਾ ਕਿ ਤੁਸੀਂ ਦੂਜਿਆਂ ਦੀ ਸਰੀਰ ਦੀ ਭਾਸ਼ਾ ਨੂੰ ਦੇਖ ਕੇ ਸੁਣ ਰਹੇ ਹੋ, ਅਤੇ ਤੁਸੀਂ ਆਪਣੇ ਸਰੀਰ ਦੀ ਇਹੀ ਭਾਸ਼ਾ ਨਾਲ ਦੂਜਿਆਂ ਨੂੰ ਵੀ ਕੁਝ ਦੱਸ ਰਹੇ ਹੋ।
ਹਮੇਸ਼ਾ ਆਪਣੇ ਆਪ ਨੂੰ ਦੋ ਸੁਆਲ ਪੁੱਛੋ:-
1. ਲੋਕ ਆਪਣੀ ਸਰੀਰਕ ਭਾਸ਼ਾ ਦੁਆਰਾ ਐਸੇ ਕੀ ਇਸ਼ਾਰੇ ਦੇ ਰਹੇ ਹਨ ਜਿਨ੍ਹਾਂ ਦਾ ਅਰਥ ਮੈਨੂੰ ਸਮਝਣਾ ਚਾਹੀਦਾ ਹੈ?
2. ਮੈਂ ਆਪਣੇ ਸਰੀਰ ਦੀ ਬੋਲੀ ਰਾਹੀਂ ਕੀ ਇਸ਼ਾਰੇ ਦੇ ਰਿਹਾ ਹਾਂ, ਅਤੇ ਕੀ ਇਹ ਇਸ਼ਾਰੇ ਉਹੀ ਕੁੱਝ ਕਹਿ ਰਹੇ ਹਨ ਜੋ ਮੈਂ ਕਹਿਣਾ ਚਾਹੁੰਦਾ ਹਾਂ?