ਅੱਖਾਂ ਝਪਕਣਾ
ਅਸੀਂ ਅੱਖਾਂ ਝਪਕਣ ਬਾਰੇ ਕੀ ਜਾਣਦੇ ਹਾਂ ਅਤੇ ਇਨ੍ਹਾਂ ਤੋਂ ਸਾਨੂੰ ਕੀ ਪਤਾ ਲਗ ਸਕਦਾ ਹੈ? ਅਸੀਂ ਸਾਧਾਰਨ ਤੌਰ ਤੇ ਇਕ ਮਿੰਟ ਵਿਚ ਔਸਤਨ 8-15 ਵਾਰੀ ਅੱਖਾਂ ਝਪਕਦੇ ਹਾਂ। (ਇਹ ਗਿਣਤੀ ਹਾਲਾਤ ਅਨੁਸਾਰ ਹੁੰਦੀ ਹੈ) ਜੇ ਸਰੀਰ ਦੀ ਕਿਰਿਆ ਅਨੁਸਾਰ ਦੇਖੀਏ ਤਾਂ ਸਾਨੂੰ ਅੱਖਾਂ ਝਪਕਣ ਦੀ ਲੋੜ ਹੁੰਦੀ ਹੈ ਤਾਂਕਿ ਸਾਡੀਆਂ ਅੱਖਾਂ ਦੀਆਂ ਝਿੱਲੀਆਂ ਗਿੱਲੀਆਂ ਰਹਿਣ। ਜੇ ਤੁਸੀਂ ਕੰਪਿਊਟਰ ਦੀ ਸਕਰੀਨ ਸਾਹਮਣੇ ਬੈਠੇ ਹੋਵੋ ਜਾਂ ਟੈਲੀਵੀਜ਼ਨ ਦੇਖ ਰਹੇ ਹੋਵੋ ਤਾਂ ਤੁਹਾਡੀ ਅੱਖਾਂ ਝਪਕਣ ਦੀ ਗਿਣਤੀ ਘੱਟਦੀ-ਵਧਦੀ ਰਹੇਗੀ। ਐਸਾ ਤੁਹਾਡੇ ਵਲੋਂ ਧਿਆਨ ਲਗਾਉਣ ਕਰਕੇ ਹੁੰਦਾ ਹੈ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਅੱਖਾਂ ਝਪਕਣ ਦੀ ਦਰ ਉਦੋਂ ਘਟਦੀ/ਵਧਦੀ ਹੈ ਜਦੋਂ ਸਾਨੂੰ ਕਿਸੇ ਕਿਸਮ ਦੀ ਬੇਆਰਾਮੀ ਹੋ ਰਹੀ ਹੋਵੇ।
ਜਦੋਂ ਕੋਈ ਵਿਅਕਤੀ ਇਕ ਦਮ ਅੱਖਾਂ ਝਪਕਣੀਆਂ ਤੇਜ਼ ਕਰ ਦੇਵੇ ਤਾਂ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਉਹ ਕਿਸੇ ਦਬਾਉ ਥੱਲੇ ਹੈ। ਉਦੋਂ ਅੱਖਾਂ 30-40 ਵਾਰੀ ਪ੍ਰਤੀ ਮਿੰਟ ਝਪਕਣਗੀਆਂ। ਇਸੇ ਤਰ੍ਹਾਂ ਜਦੋਂ ਕੋਈ ਵਿਅਕਤੀ ਝੂਠ ਬੋਲ ਰਿਹਾ ਹੋਵੇ ਤਾਂ ਉਹ ਵੀ ਇਸੇ ਤਰ੍ਹਾਂ ਹੀ ਕਰੇਗਾ। ਨਾਲ ਹੀ ਉਸ ਦੀਆਂ ਕੁਝ ਹੋਰ ਵੀ ਹਰਕਤਾਂ ਹੋਣਗੀਆਂ ਜਿਹੜੀਆਂ ਇਧਰ ਇਸ਼ਾਰਾ ਕਰਨਗੀਆਂ। ਜਦੋਂ ਫਿਰ ਉਹ ਵਿਅਕਤੀ ਆਪਣੀ ਆਮ ਹਾਲਤ ਵਿਚ ਆਉਂਦਾ ਹੈ ਤਾਂ ਅੱਖਾਂ ਝਪਕਣ ਦੀ ਦਰ ਹੌਲੀ ਹੋ ਜਾਵੇਗੀ।
“ਜਦੋਂ ਕਿਸੇ ਵਿਅਕਤੀ ਤੇ ਅਚਾਨਕ ਦਬਾਅ ਪੈਂਦਾ ਹੈ ਤਾਂ ਉਸ ਦੀਆਂ ਅੱਖਾਂ ਤੇਜ਼ੀ ਨਾਲ ਝਪਕਣ ਲੱਗ ਪੈਣਗੀਆਂ।”
ਤੁਸੀਂ ਦੇਖਿਆ ਹੋਣਾ ਹੈ ਕਿ ਜਦੋਂ ਲੋਕ ਕਿਸੇ ਗੱਲ ਨੂੰ ਸਮਝਣ ਵਿਚ ਔਖਿਆਈ ਮਹਿਸੂਸ ਕਰ ਰਹੇ ਹੋਣ ਤਾਂ ਉਹ ਆਪਣੀਆਂ ਅੱਖਾਂ ਬੜੀ ਤੇਜ਼ੀ ਨਾਲ ਝਪਕਾਣ ਲੱਗ ਪੈਂਦੇ ਹਨ। ਜੇ ਉਹ ਆਪਣੀ ਕਿਸੇ ਗਲਤ ਹਰਕਤ ਤੇ ਝੇਂਪ ਜਾਣ ਤਾਂ ਵੀ ਇਸੇ ਤਰ੍ਹਾਂ ਹੁੰਦਾ ਹੈ ਅਤੇ ਜੇ ਉਹ ਕੋਈ ਐਸੀ ਗੱਲ ਸੁਣਨ ਜਿਸ ਤੋਂ ਉਹ ਨਾਖੁਸ਼ ਹੋ ਜਾਣ ਤਾਂ ਵੀ ਇਸੇ ਤਰ੍ਹਾਂ ਹੁੰਦਾ ਹੈ। ਐਸਾ ਇਸ ਲਈ ਹੁੰਦਾ ਹੈ ਕਿ ਉਹ ਬੇਚੈਨ ਹੋ ਜਾਂਦੇ ਹਨ:
ਸਿਆਣੀ ਗੱਲ
ਜਦੋਂ ਗਲਬਾਤ ਕਰਦਿਆਂ ਦੂਜੇ ਵਿਅਕਤੀ ਦੀਆਂ ਅੱਖਾਂ ਝਪਕਣੀਆਂ ਸ਼ੁਰੂ ਹੋ ਜਾਣ ਤਾਂ ਇਸ ਨੂੰ ਇਸ ਗੱਲ ਦਾ ਇਸ਼ਾਰਾ ਸਮਝੋ ਕਿ ਹੁਣ ਵਿਸ਼ਾ ਬਦਲ ਲੈਣਾ ਚਾਹੀਦਾ ਹੈ।