ਹੁਣ ਤਕ ਤਾਂ ਇਹ ਇਕ ਜਨਤਕ ਕਹਾਣੀ ਬਣ ਚੁੱਕੀ ਹੈ ਕਿ ਜਦੋਂ ਸਾਬਕਾ ਅਮਰੀਕਨ ਪ੍ਰਧਾਨ ਬਿਲ ਕਲਿੰਟਨ ਨੂੰ 'ਗਰੈਂਡ ਜਿਊਰੀ' ਸਾਹਮਣੇ ਜੁਆਬ ਦੇਣੇ ਪਏ ਸਨ, ਤਾਂ ਉਸ ਦੇ ਪਲਕਾਂ ਝਪਕਣ ਦੀ ਦਰ ਕਿਵੇਂ ਕਿਵੇਂ ਵਧੀ ਘਟੀ ਸੀ। ਇਸ ਬਾਰੇ ਉਦੋਂ ਬਹੁਤ ਚਰਚਾ ਹੋਈ ਸੀ ਅਤੇ ਹੋ ਸਕਦਾ ਹੈ ਤੁਹਾਨੂੰ ਇਸ ਬਾਰੇ ਯਾਦ ਵੀ ਹੋਵੇ। ਪਰ ਇਥੇ ਇਕ ਵਾਰੀ ਫਿਰ ਯਾਦ ਕਰ ਲੈਣਾ ਚਾਹੀਦਾ ਹੈ ਕਿ ਤੇਜ਼ ਪਲਕਾਂ ਝਪਕਣਾ ਸਿਰਫ ਇਤਨਾ ਹੀ ਸਾਬਤ ਕਰਦਾ ਹੈ ਕਿ ਉਹ ਵਿਅਕਤੀ ਬਹੁਤ ਦਬਾਅ ਵਿਚ ਹੈ। ਕਿਸੇ ਚੀਜ਼ ਬਾਰੇ ਸੁਆਲ ਪੁੱਛੇ ਜਾਣਾ, ਅਤੇ ਝੂਠ ਬੋਲਣਾ, ਦੋਵੇਂ ਹੀ ਦਬਾਅ ਭਰੀਆਂ ਹਾਲਤਾਂ ਹਨ, ਅਤੇ ਦੋਹਾਂ ਨਾਲ ਹੀ ਪਲਕਾਂ ਤੇਜ਼ ਝਪਕਣੀਆਂ ਸ਼ੁਰੂ ਹੋ ਸਕਦੀਆਂ ਹਨ।
ਅੱਖਾਂ ਝਪਕਣ ਤੋਂ ਸਾਨੂੰ ਕਿਸੇ ਵਿਅਕਤੀ ਦੀ ਮਾਨਸਿਕ ਅਵਸਥਾ ਬਾਰੇ ਕਈ ਚੀਜ਼ਾਂ ਦਾ ਪਤਾ ਲੱਗਦਾ ਹੈ। ਇਹ ਇਕ ਇਸ਼ਾਰਾ ਹੋ ਸਕਦਾ ਹੈ ਕਿ ਉਹ ਪਰੇਸ਼ਾਨ ਹੈ ਘਬਰਾਹਟ ਵਿਚ ਹੈ, ਝੂਠ ਬੋਲ ਰਿਹਾ ਹੈ, ਇੱਥੋਂ ਤੱਕ ਕਿ ਇਸ ਤੋਂ ਅਸੀਂ ਇਹ ਵੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹ ਵਿਅਕਤੀ ਆਪਣੇ ਆਪ ਨੂੰ ਦੂਜੇ ਤੋਂ 'ਉਪਰਲੇ ਦਰਜੇ' ਦਾ ਸਮਝਦਾ ਹੈ। ਤੁਸੀਂ ਟੈਲੀਵੀਜ਼ਨ ਤੇ, ਆਮ ਜੀਵਨ ਵਿਚ, ਕੰਮ ਕਾਰ ਵਿਚ ਜਾਂ ਜੀਵਨ ਦੇ ਹੋਰ ਕਿਸੇ ਪੱਖ ਵਿਚ ਵੀ ਇਹ ਦੇਖਿਆ ਹੋਣਾ ਹੈ ਕਿ ਜਦੋਂ ਕੋਈ ਵਿਅਕਤੀ ਆਪਣੇ ਆਪ ਨੂੰ ਸਾਹਮਣੇ ਵਾਲੇ ਤੋਂ 'ਉਪਰ', ਜਾਂ ਵਰਿਸ਼ਟ (Superior) ਸਮਝਦਾ ਹੈ, ਤਾਂ ਉਹ ਆਪਣੀਆਂ ਅੱਖਾਂ ਆਮ ਨਾਲੋਂ ਘੱਟ ਦਰ ਤੇ, ਜਾਂ ਹੌਲੀ ਹੌਲੀ ਝਪਕਦਾ ਹੈ।
ਜਰਾ ਸੋਚੋ, ਕੀ ਤੁਸੀਂ ਕਿਸੇ ਨੂੰ ਤੁਹਾਡੇ ਨਾਲ ਐਸਾ ਕਰਦਿਆਂ ਯਾਦ ਕਰ ਸਕਦੇ ਹੋ? ਇਹ ਇਕ ਬੜਾ ਸੂਖਮ ਜਿਹਾ ਇਸ਼ਾਰਾ ਹੈ। ਜਦੋਂ ਕੋਈ ਵਿਅਕਤੀ ਅੱਖਾਂ ਹੌਲੀ ਹੌਲੀ ਝਪਕ ਰਿਹਾ ਹੁੰਦਾ ਹੈ ਤਾਂ ਉਹ ਕੀ ਕਰ ਰਿਹਾ ਹੁੰਦਾ ਹੈ? ਉਸ ਦੀਆਂ ਅੱਖਾਂ ਆਮ ਨਾਲੋਂ ਕੁਝ ਵੱਧ ਸਮਾਂ ਬੰਦ ਰਹਿੰਦੀਆਂ ਹਨ। ਮਤਲਬ ਇਹ ਕਿ ਉਹ ਤੁਹਾਨੂੰ ਆਪਣੀਆਂ ਨਜ਼ਰਾਂ ਤੋਂ ਕੁਝ ਵੱਧ ਸਮਾਂ ਉਹਲੇ ਕਰਨਾ ਚਾਹੁੰਦਾ ਹੈ। (ਜ਼ਰਾ ਯਾਦ ਕਰੋ—ਦਫਤਰ ਵਿਚ ਬੈਠਾ ਕਲਰਕ, ਕਿਸੇ ਦੁਕਾਨ ਦਾ ਬਦਤਮੀਜ਼ ਸੇਲਜ਼ਮੈਨ, ਕੋਈ ਨਵਾਂ ਨਵਾਂ ਬਣਿਆ ਅਫਸਰ ਆਦਿ।)। ਇਹ ਗੱਲ ਤੁਹਾਨੂੰ ਅਕਸਰ ਐਸੇ ਵਿਅਕਤੀਆਂ ਵਿਚ ਦੇਖਣ ਨੂੰ ਮਿਲੇਗੀ ਜਿਹੜੇ ਤੁਹਾਡੇ ਤੇ ਕਿਸੇ ਕਿਸਮ ਦੀ 'ਤਾਕਤ' ਰੱਖਦੇ ਹਨ। ਅਕਸਰ ਇਹ 'ਤਾਕਤ' ਅਸਲ ਤਾਕਤ ਨਹੀਂ ਹੁੰਦੀ ਪਰ ਉਹ ਲੋਕ ਇਹੀ ਸਮਝਦੇ ਹਨ ਕਿ ਉਨ੍ਹਾਂ ਦੀ ਤਾਕਤ ਅਸਲੀਅਤ ਤੋਂ ਕਿਤੇ ਵੱਧ ਹੈ। ਇਹ ਸੋਚ ਉਨ੍ਹਾਂ ਨੂੰ ਚੰਗੀ ਲੱਗਦੀ ਹੈ।
ਜਦੋਂ ਕੋਈ ਵਿਅਕਤੀ ਹੌਲੀ ਹੌਲੀ ਅੱਖਾਂ ਝਪਕ ਕੇ ਦੇਖਦਾ ਹੈ ਤਾਂ ਉਹ ਤੁਹਾਨੂੰ ਆਪਣੀ ਨਜ਼ਰ ਤੋਂ ਕੁਝ ਵਧੇਰੇ ਸਮੇਂ ਲਈ ਉਹਲੇ ਕਰ ਰਿਹਾ ਹੁੰਦਾ ਹੈ। ਇਹ ਵੀ ਦੇਖੋ ਕਿ ਕੀ ਉਹਨੇ ਸਿਰ ਪਿੱਛੇ ਵੱਲ ਨੂੰ ਤਾਂ ਨਹੀਂ ਸੁੱਟਿਆ ਹੋਇਆ? ਜੇ ਹਾਂ, ਤਾਂ ਇਹ ਵੀ ਮਹੱਤਵਪੂਰਨ ਹੈ। ਉਹ ਇਸ ਤਰ੍ਹਾਂ ਕਰਕੇ ਤੁਹਾਨੂੰ ਹੇਠਾਂ ਵੱਲ ਨਜ਼ਰ ਕਰ ਕੇ ਦੇਖਣਾ ਚਾਹੁੰਦਾ ਹੈ। ਤਾਂ ਫਿਰ ਇਹ ਦੋਵੇਂ ਹਰਕਤਾਂ ਸਰੀਰਕ ਭਾਸ਼ਾ ਦਾ ਇਕ ‘ਸਮੂਹ' ਹਨ, ਤੇ ਤੁਸੀਂ ਨਤੀਜਾ ਕੱਢ ਸਕਦੇ ਹੋ!
ਦੂਜੇ ਪਾਸੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਕਿਨ੍ਹਾਂ ਹਾਲਾਤ ਵਿਚ ਕਿਸੇ ਵਿਅਕਤੀ ਦੀ ਅੱਖਾਂ ਝਪਕਣ ਦੀ ਰਫਤਾਰ ਹੌਲੀ ਹੋ ਜਾਂਦੀ ਹੈ ਅਤੇ ਉਹ ਆਮ ਤੋਂ ਘੱਟ