ਅੱਖਾਂ ਝਪਕਣਾ ਸ਼ੁਰੂ ਕਰ ਦਿੰਦਾ ਹੈ। ਐਸਾ ਤੁਸੀਂ ਅਕਸਰ ਕਾਨਫਰੰਸਾਂ, ਲੈਕਚਰਾਂ ਅਤੇ ਮੀਟਿੰਗਾਂ ਵਿਚ ਹੁੰਦਿਆਂ ਦੇਖ ਸਕਦੇ ਹੋ ਅਤੇ ਕਦੇ ਕਦੇ ਆਮ ਗਲਬਾਤ ਵਿਚ ਵੀ। ਇਹ ਬੋਰੀਅਤ ਕਰਕੇ ਹੋ ਸਕਦਾ ਹੈ, ਜੋ ਗੱਲ ਕਹੀ ਜਾ ਰਹੀ ਹੋਵੇ ਉਸ ਨਾਲ ਅਸਹਿਮਤੀ ਕਰਕੇ ਵੀ ਅਤੇ ਨਾਪਸੰਦਗੀ ਦੀ ਭਾਵਨਾ ਨਾਲ ਵੀ ਹੋ ਸਕਦਾ ਹੈ। ਜਦੋਂ ਕੋਈ ਸਰੋਤਾ ਉਸ ਜਗ੍ਹਾ ਤੋਂ ਭੱਜ ਜਾਣਾ ਚਾਹੁੰਦਾ ਹੈ ਤਾਂ ਉਸ ਦੀਆਂ ਅੱਖਾਂ ਕਦੇ ਕਦੇ ਝਪਕਦੀਆਂ ਹਨ, ਜਾਂ ਕਹਿ ਲਉ ਪੱਥਰਾ ਜਾਂਦੀਆਂ ਹਨ। ਇਕ ਸਿਆਣਾ ਬੁਲਾਰਾ ਇਹ ਚਿੰਨ੍ਹ ਅਤੇ ਨਕਾਰਾਤਮਕ ਸਰੀਰਕ ਭਾਸ਼ਾ ਸਮਝ ਜਾਂਦਾ ਹੈ ਅਤੇ ਉਹ ਵਿਸ਼ਾ ਬਦਲ ਲੈਂਦਾ ਹੈ ਜਾਂ ਕੁਝ ਐਸਾ ਕਰਦਾ ਹੈ ਜਿਸ ਨਾਲ ਸਰੋਤਿਆਂ ਦੀ ਫਿਰ ਦਿਲਚਸਪੀ ਬਣ ਜਾਵੇ।
ਪਰ ਜਿਵੇਂ ਸਰੀਰਕ ਭਾਸ਼ਾ ਬਾਰੇ ਅਸੀਂ ਬਾਰ ਬਾਰ ਕਹਿ ਰਹੇ ਹਾਂ, ਕਿਸੇ ਵੀ ਨਤੀਜੇ ਤੇ ਪਹੁੰਚਣ ਤੋਂ ਪਹਿਲਾਂ ਸਾਨੂੰ ਆਪਣੇ ਨਤੀਜੇ ਦੀ ਪ੍ਰੋੜ੍ਹਤਾ ਕਰਨ ਵਾਲੀਆਂ ਕੁਝ ਹੋਰ ਹਰਕਤਾਂ ਦੀ ਵੀ ਲੋੜ ਹੁੰਦੀ ਹੈ। ਤਾਂ ਹੀ ਅਸੀਂ ਕਿਸੇ ਨਤੀਜੇ ਤੇ ਪਹੁੰਚ ਸਕਦੇ ਹਾਂ। ਕਿਸੇ ਇੱਕਾ ਦੁੱਕਾ ਚਿੰਨ੍ਹ ਜਾਂ ਇਸ਼ਾਰੇ ਕਰਕੇ ਨਹੀਂ। ਭਾਵ ਸਾਨੂੰ 'ਸਮੂਹ' ਦੀ ਲੋੜ ਹੁੰਦੀ ਹੈ। ਇਹ ਵੀ ਹੋ ਸਕਦਾ ਹੈ ਕਿ ਉਹ ਵਿਅਕਤੀ ਅਸਲ ਵਿਚ ਬਹੁਤ ਡੂੰਘੀ ਦਿਲਚਸਪੀ ਰੱਖਦਾ ਹੋਵੇ, ਕਿਸੇ ਚੀਜ਼ ਬਾਰੇ ਡੂੰਘਾਈ ਨਾਲ ਸੋਚ ਰਿਹਾ ਹੋਵੇ ਅਤੇ ਇਸ ਕਰਕੇ ਉਸ ਦੀਆਂ ਪਲਕਾਂ ਹੌਲੀ ਝਪਕਣੀਆਂ ਸ਼ੁਰੂ ਹੋ ਜਾਣ। ਇਹ ਇਕ ਚੰਗਾ ਚਿੰਨ੍ਹ ਹੈ। ਸੋ ਹਮੇਸ਼ਾ ਹੋਰ ਚਿੰਨ੍ਹ-ਇਸ਼ਾਰੇ ਵੀ ਦੇਖੋ।
ਨਜ਼ਰਾਂ ਹਟਾਉਣਾ
ਕੁਝ ਲੋਕ ਗੱਲ ਕਰਦੇ ਕਰਦੇ ਅੱਖਾਂ ਬੰਦ ਕਰ ਲੈਂਦੇ ਹਨ। ਇਹ ਉਂਜ ਹੀ ਇਕ ਆਦਤ ਹੋ ਸਕਦੀ ਹੈ, ਜਾਂ ਇਹ ਉਸ ਵਕਤ ਹੁੰਦੀ ਹੈ ਜਦੋਂ ਉਹ ਕਿਸੇ ਸੁਆਲ ਦਾ ਜੁਆਬ ਦੇਣ। ਇੰਗਲੈਂਡ ਦੀ ਪਾਰਲੀਮੈਂਟ ਮੈਂਬਰ ਐਨ ਵਿਡਕੌਂਬ ਗੱਲ ਕਰਦੇ ਹੋਏ ਕਾਫੀ ਸਮਾਂ ਅੱਖਾਂ ਬੰਦ ਕੀਤੀ ਰੱਖਦੀ ਹੈ। ਉਸ ਦੀਆਂ ਅੱਖਾਂ ਝਪਕਣ ਲਈ ਬੰਦ ਹੁੰਦੀਆਂ ਹਨ ਤੇ ਫਿਰ ਕੁਝ ਸਮਾਂ ਬੰਦ ਹੀ ਰਹਿੰਦੀਆਂ ਹਨ। ਇਸ ਤਰ੍ਹਾਂ ਸਾਰੀ ਗਲਬਾਤ ਦੌਰਾਨ ਹੁੰਦਾ ਹੀ ਰਹਿੰਦਾ ਹੈ। ਕੀ ਤੁਸੀਂ ਵੀ ਕਿਸੇ ਐਸੇ ਵਿਅਕਤੀ ਨੂੰ ਜਾਣਦੇ ਹੋ? ਕੀ ਤੁਹਾਨੂੰ ਇਹ ਚੰਗਾ ਲਗਦਾ ਹੈ ਜਾਂ ਖਿਝਾ ਦੇਂਦਾ ਹੈ?
ਇੰਗਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨੂੰ ਵੀ ਸ਼ੁਰੂ ਵਿਚ ਐਸੀ ਹੀ ਆਦਤ ਸੀ, ਪਰ ਫਿਰ ਉਸਦੇ ਸਲਾਹਕਾਰਾਂ ਨੇ ਉਸ ਨੂੰ ਇਹ ਗੱਲ ਸਮਝਾਈ ਅਤੇ ਉਸਨੇ ਆਪਣੀ ਇਸ ਆਦਤ ਤੋਂ ਤਕਰੀਬਨ ਛੁਟਕਾਰਾ ਹੀ ਪਾ ਲਿਆ। ਕਿਸੇ ਚੀਜ਼ ਤੋਂ ਅੱਖਾਂ ਬੰਦ ਕਰ ਕੇ ਨਜ਼ਰਾਂ ਹਟਾਉਣ ਵਾਲੀ ਕਿਰਿਆ ਅਕਸਰ ਇਸ ਲਈ ਕੀਤੀ ਜਾਂਦੀ ਹੈ ਕਿਉਂਕਿ ਉਹ ਸਥਿਤੀ ਚੰਗੀ ਨਹੀਂ ਲਗਦੀ ਅਤੇ ਦਬਾਅ ਪੂਰਨ ਹੁੰਦੀ ਹੈ। ਸੋ ਸਾਡਾ ਸਰੀਰ ਇਕ ਤਰ੍ਹਾਂ ਨਾਲ ਇਸ ਨਾਖੁਸ਼ਗਵਾਰ ਸਥਿਤੀ ਤੋਂ ਉਹਲੇ (ਦੂਰ) ਹੋ ਰਿਹਾ ਹੁੰਦਾ ਹੈ।
“ਸਰੀਰ ਆਪਣੇ ਆਪ ਨੂੰ ਇਕ ਤਰ੍ਹਾਂ ਨਾਲ ਐਸੀ ਸਥਿਤੀ ਤੋਂ ਦੂਰ ਕਰ ਰਿਹਾ ਹੁੰਦਾ ਹੈ।”