A- (ਆਪਣੇ ਮਿੱਤਰ ਨੂੰ)—ਪਤਾ ਨਹੀਂ ਉਸ ਨੂੰ ਕੀ ਹੋਇਆ ਸੀ। ਲਗਦਾ ਹੈ ਕਿ ਉਹ ਬਹੁਤ ਖਿੱਝ ਵਿਚ ਸੀ। ਮੈਂ ਦੱਸ ਨਹੀਂ ਸਕਦਾ, ਪਰ ਉਸ ਦੇ ਚਿਹਰੇ ਤੋਂ ਖਿੱਝ ਸਾਫ ਝਲਕਦੀ ਸੀ। ਨਾ ਹੀ ਉਹ ਕੁਝ ਸੁਣ ਰਿਹਾ ਸੀ।
B- (ਆਪਣੇ ਮਿੱਤਰ ਨੂੰ)—ਪਤਾ ਨਹੀਂ ਉਸ ਵਿਚ ਕੀ ਸੀ ਜਿਹੜਾ ਖਿੱਝ ਪੈਦਾ ਕਰ ਰਿਹਾ ਸੀ। ਉਸ ਨੇ ਘੂਰੀ ਜਿਹੀ ਵੱਟੀ ਹੋਈ ਸੀ ਤੇ ਇਹ ਲੱਗ ਰਿਹਾ ਸੀ ਜਿਵੇਂ ਉਹ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੋਵੇ।
ਕੀ ਇਹ ਸਾਰਾ ਕੁੱਝ ਬਿਨਾਂ ਸ਼ਬਦਾਂ ਦੀ ਸਰੀਰਕ ਭਾਸ਼ਾ ਦੀ ਗੱਲਬਾਤ ਨਹੀਂ? ਅਤੇ ਜਿਵੇਂ ਆਪਾਂ ਪਹਿਲਾਂ ਵੀ ਕਹਿ ਚੁੱਕੇ ਹਾਂ, ਇਹ ਬਿਲਕੁਲ ਚੁਪ ਚਾਪ ਹੀ ਹੋ ਜਾਂਦਾ ਹੈ।
ਜੇ ਅਸੀਂ ਇਨ੍ਹਾਂ 'ਬੱਸ ਕਰੋ' ਦੇ ਇਸ਼ਾਰਿਆਂ ਦਾ ਮਤਲਬ ਇਹ ਕੱਢ ਲਈਏ ਕਿ ਉਹ ਮੈਨੂੰ ਹੀ ਪਸੰਦ ਨਹੀਂ ਕਰਦਾ, ਤਾਂ ਫਿਰ ਅਸੀਂ ਗਲਤ ਹੋਵਾਂਗੇ। ਕਿਉਂਕਿ ਅਸੀਂ ਨਾ ਤਾਂ ਇਸ ਚੀਜ਼ ਦਾ 'ਸੰਦਰਭ' ਦੇਖ ਰਹੇ ਹਾਂ ਅਤੇ ਨਾ ਹੀ ਅਸੀਂ ਕਿਸੇ 'ਸਮੂਹ' ਵਿਚੋਂ ਇਹ ਅਰਥ ਕੱਢ ਰਹੇ ਹਾਂ। ਫਿਰ ਇਹ 'ਅਨਰਥ' ਹੀ ਹੋਵੇਗਾ। ਜਿਹੜੇ ਇਸ਼ਾਰੇ ਅਸੀਂ ਦੇਖੇ-ਸਮਝੇ, ਹੋ ਸਕਦਾ ਹੈ ਉਹ ਸਿਰਫ ਅੱਕੇ ਜਾਂ ਥੱਕੇ ਹੋਣ ਕਰਕੇ ਹੋਣ, ਜਾਂ ਸਿਰਫ ਕਿਸੇ ਚੀਜ਼ ਨੂੰ ਗੰਭੀਰਤਾ ਨਾਲ ਵਿਚਾਰਨ ਲਈ 'ਇਕਾਂਤ' ਦੀ ਇੱਛਾ ਵਿਚੋਂ ਨਿਕਲੇ ਹੋਣ ਤਾਂ ਕਿ ਸਪਸ਼ਟਤਾ ਨਾਲ ਸੋਚਿਆ ਜਾ ਸਕੇ।
ਕਈ ਵਾਰੀ ਤਾਂ ਸਿਰਫ ਇਹ ਘਬਰਾਹਟ ਭਰੇ ਤਰੀਕੇ ਹੋ ਸਕਦੇ ਹਨ। ਪਰ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਨੂੰ ਇਹ ਤਾਂ ਪਤਾ ਹੀ ਹੋਣਾ ਚਾਹੀਦਾ ਹੈ ਕਿ ਇਨ੍ਹਾਂ ਦਾ ਦੇਖਣ ਵਾਲੇ ਤੇ ਕੀ ਅਸਰ ਹੁੰਦਾ ਹੈ। ਇਹੀ ਸਮਝਣ ਵਾਲੀ ਗੱਲ ਹੈ। ਦੂਜੇ ਸ਼ਬਦਾਂ ਵਿਚ ਸਰੀਰਕ ਭਾਸ਼ਾ ਦਾ ਗਿਆਨ ਹੀ ਇਸ ਦਾ ਹੱਲ ਹੈ।
ਅੱਖਾਂ ਅੱਡਣੀਆਂ ਅਤੇ ਸੁੰਗੇੜਨੀਆਂ
ਅਸੀਂ ਸਾਰੇ ਹੀ ਕਿਸੇ ਨਾ ਕਿਸੇ ਵੇਲੇ ਆਪਣੀਆਂ ਅੱਖਾਂ ਸੁੰਗੇੜਦੇ ਹਾਂ। ਇਸ ਦਾ ਕੀ ਮਤਲਬ ਹੁੰਦਾ ਹੈ? ਆਮ ਤੌਰ ਤੇ ਇਸ ਦਾ ਮਤਲਬ ਕਿਸੇ ਚੀਜ਼ ਦੀ ਨਾ-ਪਸੰਦ ਜਾਂ ਅਪ੍ਰਵਾਨਗੀ ਹੁੰਦਾ ਹੈ। ਜਾਂ ਫਿਰ ਇਹ ਆਪਣੇ ਦਬਦਬੇ ਨੂੰ ਦਿਖਾਣ ਦੀ ਕੋਸ਼ਿਸ਼ ਹੁੰਦੀ ਹੈ। ਇਸ ਦੀ ਤੁਲਨਾ ਕਿਸੇ ਨਕਾਬ ਜਾਂ ਛੋਟੀ ਝੀਤ ਵਿਚੋਂ ਦੇਖਣ ਨਾਲ ਕੀਤੀ ਜਾਂਦੀ ਹੈ। ਭਰਵੱਟੇ ਥੋੜ੍ਹੇ ਜਿਹੇ ਹੇਠਾਂ ਹੋ ਜਾਂਦੇ ਹਨ ਤੇ ਗੁੱਸੇ ਦਾ ਪ੍ਰਭਾਵ ਦੇਂਦੇ ਹਨ।