ਦਰਸਨ ਦੇਖਿ ਸੀਤਲ ਮਨ ਭਏ ॥
ਜਨਮ ਜਨਮ ਕੇ ਕਿਲਬਿਖ ਗਏ ॥੩॥੧੧੨॥
ਵਾਲਾ ਪਰਤੱਖ ਵਰਤਾਰਾ ਵਰਤ ਜਾਂਦਾ ਹੈ । ਇਹ ਸਿਮਰਨ ਰੂਪ ਚਰਨ ਕੰਵਲਾਂ ਦੇ ਧਿਆਨ ਦੀ ਮਹੱਤਤਾ ਹੈ, ਜੈਸਾ ਕਿ ਅਗਲਾ ਗੁਰਵਾਕ ਭੀ ਪ੍ਰੋੜਤਾ ਕਰਦਾ ਹੈ :-
ਸਿਮਰਿ ਸਿਮਰਿ ਕਾਟੇ ਸਭਿ ਰੋਗ ॥
ਚਰਣ ਧਿਆਨ ਸਰਬ ਸੁਖ ਭੋਗ ॥੬॥
ਪੂਰਨ ਪੁਰਖੁ ਨਵਤਨੁ ਨਿਤ ਬਾਲਾ ॥
ਹਰਿ ਅੰਤਰਿ ਬਾਹਰਿ ਸੰਗਿ ਰਖਵਾਲਾ ॥੭॥
ਕਹੁ ਨਾਨਕ ਹਰਿ ਹਰਿ ਪਦੁ ਚੀਨ ॥
ਸਰਬਸੁ ਨਾਮੁ ਭਗਤ ਕਉ ਦੀਨ ॥੮॥੧੧॥
ਭਾਵ, ਨਾਮ ਦੀ ਪਾਰਸ-ਤਤ-ਸਿਮਰਨ-ਕਲਾ ਕਰਿ ਅਤੇ ਚਰਨ ਕੰਵਲਾਂ ਦੇ ਧਿਆਨ ਪਰਤਾਪ ਤੋਂ ਸਾਰੇ ਰੋਗ ਕਟੇ ਜਾਂਦੇ ਹਨ ਅਤੇ ਸਰਬ ਸੁਖਾਂ ਸਿਰ ਸੁਖ ਭੀ ਸਾਰੇ ਭੋਗੇ ਜਾਂਦੇ ਹਨ । ਸਾਰੇ ਸੁਖਾਂ ਦਾ ਸ਼ਿਰੋਮਣੀ ਸੁਖ ਤਾਂ ਇਹ ਆਣ ਉਦੇ ਹੁੰਦਾ ਹੈ ਕਿ ਸਦ ਨਵਤਨ ਨਿਤ ਬਾਲੜੇ ਜੋਬਨ ਜੁਆਲ ਸਰੂਪ ਵਾਲਾ ਮਨਮੋਹਨ ਜਾਨੀਅੜਾ ਪ੍ਰੀਤਮ ਵਾਹਿਗੁਰੂ ਸਰਬ ਕਲਾ ਸੰਪੂਰਨੀ ਪੂਰਨਤਾ ਵਿਚ ਪੂਰਨ ਪੁਰਖ ਹੋ ਕੇ ਸਨਮੁਖ ਦਰਸ਼ਨ ਜਲਵਾ-ਅਫ਼ਰੋਜ਼ ਆਣ ਹੁੰਦਾ ਹੈ ਅਤੇ ਪ੍ਰੇਮੀ ਭਗਤ ਜਨ ਦੇ ਅੰਤਰਿ ਬਾਹਰਿ ਰਖਵਾਲਾ ਹੋ ਕੇ ਚੋਜੀ ਕੇਲ ਰਚਾਂਵਦਾ ਹੈ । ਸੋ ਭਗਤ ਜਨਾਂ ਨੂੰ ਇਹ ਸਿਮਰਨ ਰੂਪੀ "ਪਦ" ਪ੍ਰਕਾਸ਼ਤ ਹੋਇਆ ਹੈ । ਏਹੀ ਭਗਤ ਜਨਾਂ ਦਾ ਸਰਬੰਸ, ਧਨ, ਮਾਲ ਸਭ ਕੁਛ ਏਹੀ ਹੈ, ਜੋ ਧੁਰ ਦਰਗਾਹ ਤੋਂ ਭਗਤ ਜਨਾਂ ਨੂੰ ਮਿਲਿਆ ਹੈ, ਜਿਸ ਦੇ ਸਮਸਰ (ਸਦਰਸ) ਯਾ ਜਿਸ ਤੋਂ ਅਫ਼ਜ਼ਲ (ਵਧ ਕੇ) ਹੋਰ ਕੋਈ ਪਦ ਪਦਵੀ ਵੀ ਨਹੀਂ ਹੋ ਸਕਦੀ । ਨਾਮ ਸਿਮਰਨ ਰੂਪੀ ਚਰਨ ਕੰਵਲ ਅਰਾਧਣ ਦੀ ਅਮਿਤ ਮਹਿਮਾ ਹੈ, ਦੇਖੋ ਅਗਲੇ ਗੁਰਵਾਕ ਰੂਪੀ ਦੁਤੁਕੀ ਕੀ ਦਸਦੀ ਹੈ :-
ਗਰਭ ਕੁੰਡ ਨਰਕ ਤੇ ਰਾਖੈ। ਭਵਜਲੁ ਪਾਰਿ ਉਤਾਰੇ ॥
ਚਰਨ ਕਮਲ ਆਰਾਧਤ ਮਨ ਮਹਿ ਜਮ ਕੀ ਤ੍ਰਾਸ ਬਿਦਾਰੇ ॥੨॥੧੩੮॥
ਅਰਥਾਤ, ਨਾਮ ਸਿਮਰਨ ਦੇ ਪਰਤਾਪ ਕਰਿ, ਚਰਨ ਕੰਵਲਾਂ ਨੂੰ ਮਨ ਵਿਖੇ ਆਰਾਧਣ ਦਾ ਇਹ ਪਾਰਸ ਸ਼ਕਤ-ਸਿੱਟਾ ਨਿਕਲਦਾ ਹੈ ਕਿ ਨਾਮ ਸਿਮਰਨਹਾਰੇ ਨੂੰ, ਚਰਨ ਕੰਵਲ ਆਰਾਧਣਹਾਰੇ ਨੂੰ ਇਹ ਸਿਮਰਨ-ਆਰਾਧਨ ਕਲਾ ਗਰਭ-ਕੁੰਡ ਚੁਰਾਸੀ ਦੇ ਗੇੜ ਵਿਚ ਨਹੀਂ ਪੈਣ ਦਿੰਦੀ ਅਤੇ ਨਰਕਾਂ ਵਿਚ ਗੋਤਾ ਨਹੀਂ ਖਾਣ ਦਿੰਦੀ, ਸਗੋਂ ਭਵਜਲੋਂ ਪਾਰ ਉਤਾਰ ਦਿੰਦੀ ਹੈ ਅਤੇ ਜਮ ਦੀ ਸਾਰੀ ਤ੍ਰਾਸ ਨਿਵਾਰ ਦਿੰਦੀ ਹੈ।