ਚਰਨ ਕਮਲ ਸੇਵੀ ਰਿਦ ਅੰਤਰਿ ਗੁਰ ਪੂਰੇ ਕੈ ਆਧਾਰਿ ॥੩॥੩੭॥
ਗੁਰਵਾਕ ਦੀ ਇਹ ਤੁਛ ਮਾਤਰ ਵਿਆਖਿਆ ਹੈ। ਅਗਮ ਅਪਾਰ ਪ੍ਰਭੂ ਪ੍ਰਮਾਤਮਾ ਦੇ ਚਰਨ ਕੰਵਲ ਜਿਨ੍ਹਾਂ ਗੁਰਮੁਖਾਂ ਦੇ ਮਨ ਤਨ ਵਿਚ ਵਸ ਜਾਂਦੇ ਹਨ ਅਤੇ ਅੰਤਰ ਆਤਮੇ ਧਸ ਜਾਂਦੇ ਹਨ, ਉਨ੍ਹਾਂ ਨੂੰ ਕਿਸੇ ਗੱਲ ਦੀ ਭੀ ਕਮੀ ਨਹੀਂ ਰਹਿੰਦੀ । ਕਿਸੇ ਪਦਾਰਥ ਦੀ ਤੋਟ ਨਹੀਂ ਰਹਿੰਦੀ । ਉਨ੍ਹਾਂ ਦੇ ਹਰ ਵਥ ਦੇ ਪੂਰਨ ਭੰਡਾਰ ਭਰੇ ਰਹਿੰਦੇ ਹਨ। ਜੈਸਾ ਕਿ ਇਹ ਗੁਰਵਾਕ ਵਿਦਤਾਉਂਦਾ ਹੈ :-
ਤੋਟਿ ਨ ਆਵੈ ਕਦੇ ਮੂਲਿ ਪੂਰਨ ਭੰਡਾਰ ॥
ਚਰਨ ਕਮਲ ਮਨਿ ਤਨਿ ਬਸੇ ਪ੍ਰਭ ਅਗਮ ਅਪਾਰ ॥੨॥੬੩॥
ਤਿਨ੍ਹਾਂ ਨੂੰ ਚਰਨ ਕੰਵਲਾਂ ਦਾ ਆਸਰਾ ਪ੍ਰਭੂ ਪ੍ਰਮਾਤਮਾ ਨੇ ਆਪ ਦਿੱਤਾ ਹੈ ਤੇ ਗੁਰਮੁਖ ਜਨ ਗੁਰੂ ਕਰਤਾਰ ਦੇ ਆਸਰੇ ਪ੍ਰਾਇਣ ਹੋਏ ਚਰਨ ਸਰਨ ਹੀ ਸਮਾਏ ਰਹਿੰਦੇ ਹਨ । ਤਿਸ ਚਰਨ ਸਰਨ ਪ੍ਰਾਇਣ ਹੋਇ ਸਮਾਇ ਰਹਿਣ ਦਾ ਸਦਾ ਹੀ ਬੜਾ ਪਰਤਾਪ ਵਰਤਦਾ ਹੈ । ਸੋਈ ਇਹ ਅਗਲੇਰਾ ਗੁਰਵਾਕ ਦਸਦਾ ਹੈ :-
ਚਰਣ ਕਮਲ ਕਾ ਆਸਰਾ ਦੀਨੋ ਪ੍ਰਭਿ ਆਪਿ ॥
ਪ੍ਰਭ ਸਰਣਾਗਤਿ ਜਨ ਪਰੇ ਤਾ ਕਾ ਸਦ ਪਰਤਾਪੁ ॥੧॥੬੭॥