੬
ਚਰਨ ਕਮਲ ਦੀ ਮਉਜ ਦੇ ਅਨਿਕ ਰੰਗੀ ਅਨੰਦ-ਹੁਲਾਸ
ਚਰਨ ਕੰਵਲਾਂ ਦੀ ਮਉਜ ਮਾਨਣ ਦੇ ਰੰਗਾਂ ਦੀ ਵਡਿਆਈ ਫਿਰ ਇਉਂ ਗੁਰਵਾਕ ਵਿਚ ਵਰਣਤ ਹੈ :-
ਚਰਨ ਕਮਲ ਜਾ ਕਾ ਮਨੁ ਰਾਪੈ ॥
ਸੋਗ ਅਗਨਿ ਤਿਸੁ ਜਨ ਨ ਬਿਆਪੈ ॥੨॥੧॥੫੫॥
ਭਾਵ, ਚਰਨ ਕੰਵਲਾਂ ਦੀ ਮਉਜ ਦੇ ਰੰਗਾਂ ਵਿਚ ਜਿਸ ਦਾ ਮਨ ਰਪ ਗਿਆ ਹੈ, ਅਰਥਾਤ ਰੰਗਿਆ ਗਿਆ ਹੈ, ਤਿਸ ਜਨ ਨੂੰ ਸੋਗ ਦੀ ਅਗਨੀ ਕਦੇ ਨਹੀਂ ਪੋਹ ਸਕਦੀ । ਚਰਨ ਕੰਵਲਾਂ ਦੇ ਰੰਗ ਵਿਚ ਮਉਜੀ ਭੰਵਰੇ ਹਰ ਦਮ ਚਰਨ ਕੰਵਲਾਂ ਉਪਰ ਹੀ ਮਸਤ ਰਹਿੰਦੇ ਹਨ । ਉਹਨਾਂ ਨੂੰ ਸਦਾ ਹੀ ਚਰਨ ਕੰਵਲ ਰਸਾਲੜੀ ਖ਼ੁਮਾਰੀ ਦਾ ਨਸ਼ਾ ਚੜ੍ਹਿਆ ਰਹਿੰਦਾ ਹੈ । ਸੋ ਚਰਨ ਕੰਵਲਾਂ ਦੇ ਖੀਵੜੇ ਰਸ-ਭੰਵਰਿਆਂ ਨੂੰ ਸੋਗ ਵਿਜੋਗ ਦੀ ਅਗਨੀ ਕਦੇ ਪੋਹ ਨਹੀਂ ਸਕਦੀ, ਉਹ ਸਦਾ ਹੀ ਖਿੜੇ ਰਹਿੰਦੇ ਹਨ । ਕਦੇ ਭੀ ਉਦਾਸੀਨ ਅਤੇ ਸ਼ੋਕਾਂਤਰ ਨਹੀਂ ਹੁੰਦੇ, ਕਿਉਂਕਿ :-
ਚਰਨ ਕਮਲ ਅਧਾਰੁ ਜਨ ਕਾ ਰਾਸਿ ਪੂੰਜੀ ਏਕ ॥
ਤਾਣੁ ਮਾਣੁ ਦੀਬਾਣੁ ਸਾਚਾ ਨਾਨਕ ਕੀ ਪ੍ਰਭ ਟੇਕ ॥੪॥੨॥੨੦॥
ਗੁਰਵਾਕ ਦੇ ਭਾਵ ਅਨੁਸਾਰ ਚਰਨ ਕੰਵਲ-ਆਧਾਰੀ ਗੁਰਮੁਖ ਜਨਾਂ ਦਾ ਚਰਨ ਕੰਵਲ ਹੀ ਅਧਾਰ ਹੈ। ਓਹਨਾਂ ਦੀ ਰਾਸ ਪੂੰਜੀ ਭੀ ਇਕੋ ਇਹੀ ਹੈ । ਚਰਨ ਕੰਵਲ ਹੀ ਓਹਨਾਂ ਦਾ ਤਾਣ ਹੈ, ਚਰਨ ਕੰਵਲ ਹੀ ਓਹਨਾਂ ਦਾ ਮਾਣ ਹੈ, ਚਰਨ ਕੰਵਲ ਹੀ ਉਹਨਾਂ ਦਾ ਸਚਾ ਦੀਬਾਣ ਹੈ, ਅਤੇ ਪ੍ਰਭੂ ਦੇ ਚਰਨ ਕੰਵਲ ਹੀ ਉਹਨਾਂ ਦੀ ਸਚੀ ਟੇਕ ਹੈ । ਇਸ ਗੁਰਵਾਕ ਦੀ ਪ੍ਰੋੜਤਾ ਹੀ ਅਗਲਾ ਗੁਰਵਾਕ ਕਰਦਾ ਹੈ-