ਵਾਹਿਗੁਰੂ ਨਾਮ ਦਾ ਸਿਮਰਨਾ ਅਤੇ ਸਿਮਰੀ ਜਾਣਾ, ਚਰਨ ਕੰਵਲਾਂ ਦਾ ਮਨ ਵਿਚ ਉਤਾਰ ਕੇ ਖਿਨ ਖਿਨ ਰਸ ਲਈ ਜਾਣਾ ਹੈ । ਯਥਾ ਗੁਰਵਾਕ :-
ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ਚਰਨ ਕਮਲ ਰਖੁ ਮਨ ਮਾਹੀ ॥
ਤਾ ਕੀ ਸਰਨਿ ਪਰਿਓ ਨਾਨਕ ਦਾਸੁ ਜਾ ਤੇ ਉਪਰਿ ਕੋ ਨਾਹੀ ॥੨॥੧੨॥੯੮॥
ਅਰਥਾਤ, ਸਿਮਰਨ ਕਮਾਈ ਦੁਆਰਾ ਜਦੋਂ ਨਾਮ ਦਾ ਵਿਗਾਸ ਅੰਤਰਗਤਿ ਹੁੰਦਾ ਹੈ, ਤਦੋਂ ਹੀ ਚਰਨ ਕੰਵਲ ਰੂਪੀ ਜੋਤਿ ਵਿਗਾਸੀ ਜ਼ਹੂਰ ਅੰਤਰ-ਆਤਮੇ ਆਣ ਉਦੇ ਹੁੰਦਾ ਹੈ, ਤਦੋਂ ਇਸ ਪਦ ਪੁਗੜੇ ਸਿਮਰਨ-ਰਸ ਵਿਚ ਹੀ ਇਸ ਸੰਸਾਰ ਰੂਪੀ ਬਿਖਿਆ-ਬਨ ਘੋਰ ਨੂੰ ਅਨੰਦ ਸੇਤੀ ਗਾਹ ਸਿਟੀਦਾ ਹੈ ਅਤੇ ਸਿਮਰਨ ਦੀ ਇਸ ਅਵਸਥਾ ਵਿਖੇ ਹੀ ਚਰਨ ਕੰਵਲ ਭਵ-ਸਾਗਰ ਤੋਂ ਪਾਰ ਉਤਰਨ ਲਈ ਬੋਹਿਥ ਰੂਪ ਹੋ ਕੇ ਪਰਗਟ ਤੌਰ ਤੇ ਪ੍ਰਾਪਤ ਹੁੰਦੇ ਹਨ । ਯਥਾ ਗੁਰਵਾਕ :-
ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਅਨਦ ਸੇਤੀ ਬਿਖਿਆ ਬਨੁ ਗਾਹੀ ॥੧॥
ਚਰਨ ਪ੍ਰਭੂ ਕੇ ਬੋਹਿਥੁ ਪਾਏ ਭਵ ਸਾਗਰੁ ਪਾਰਿ ਪਰਾਹੀ ॥੨॥੧੪॥੧੦੦॥
ਰਾਮ-ਰਸਾਇਣ-ਰਤੜੀ ਰਸਨਾ, ਨਾਮ ਨਿਧਾਨੀ ਚਰਨ ਕੰਵਲ ਦੇ ਰਸ-ਜੋਤਿ ਨਿਧਾਨ ਨੂੰ ਪਰਜੁਅਲਤ ਕਰਨਹਾਰੀ ਇਕ ਪਰਮ ਅਦਭੁਤ ਜੁਆਲਾ ਮੁਖੀ ਖਾਨ ਹੈ, ਜੈਸਾ ਕਿ ਇਸ ਗੁਰਵਾਕ ਦਾ ਭਾਵ ਹੈ :-
ਰਸਨਾ ਰਾਮ ਰਸਾਇਨਿ ਮਾਤੀ ॥
ਰੰਗਿ ਰੰਗੀ ਰਾਮ ਅਪਨੇ ਕੈ ਚਰਨ ਕਮਲ ਨਿਧਿ ਥਾਤੀ ॥ਰਹਾਉ॥੪੩॥
ਗੁਰਮਤਿ ਨਾਮ ਇਕ ਪਾਰਸ ਰੂਪ ਰਸਾਇਣ ਹੈ । ਜਦ ਇਹ ਸਿਮਰਨ ਜਾਪ ਅਭਿਆਸ ਕਮਾਈ ਦੁਆਰਾ ਰਸਨਾ ਨਾਲ ਪਰਸਿਆ ਜਾਂਦਾ ਹੈ ਤਾਂ ਇਸ ਰਾਮ-